ਜ਼ਿਲਾ ਪ੍ਰੀਸ਼ਦ ਤੇ ਪੰਚਾਇਤ ਸੰਮਤੀ ਚੋਣਾਂ ''ਚ ਕਾਂਗਰਸ ਦਾ ਲਹਿਰਾਇਆ ਪਰਚਮ

09/23/2018 1:33:29 AM

ਚੰਡੀਗੜ੍ਹ, (ਭੁੱਲਰ)- ਪੰਜਾਬ ਵਿਚ ਪਿਛਲੀ 19 ਸਤੰਬਰ ਨੂੰ 22 ਜ਼ਿਲਾ ਪ੍ਰੀਸ਼ਦਾਂ ਅਤੇ 150 ਪੰਚਾਇਤ ਸੰਮਤੀਆਂ ਲਈ ਹੋਈਆਂ ਚੋਣਾਂ 'ਚ ਦੇਰ ਰਾਤ ਤੱਕ ਰਾਜ ਚੋਣ ਕਮਿਸ਼ਨ ਵਲੋਂ ਅਧਿਕਾਰਿਤ ਤੌਰ 'ਤੇ ਜਾਰੀ ਕੀਤੇ ਗਏ ਨਤੀਜਿਆਂ 'ਚ ਜ਼ਿਆਦਾਤਰ 'ਤੇ ਕਾਂਗਰਸ ਜੇਤੂ ਰਹੀ ਹੈ। ਜਿੱਥੇ 9 ਜਿਲਾ ਪਰਿਸ਼ਦਾਂ ਦੇ ਨਤੀਜੇ ਅਧਿਕਾਰਿਤ ਤੌਰ 'ਤੇ ਐਲਾਨੇ ਗਏ ਹਨ ਜਿਨ੍ਹਾਂ 'ਚ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਨੂੰ ਬੁਰੀ ਤਰ੍ਹਾਂ ਹਾਰ ਮਿਲੀ ਹੈ। 'ਆਪ' ਦਾ ਤਾਂ ਜਿਲਾ ਪਰਿਸ਼ਦ ਵਿਚ ਖਾਤਾ ਤੱਕ ਨਹੀਂ ਖੁੱਲ੍ਹਿਆ। ਪੰਚਾਇਤ ਸੰਮਤੀਆਂ ਦੇ ਐਲਾਨੇ ਨਤੀਜੇ ਵੀ ਜਿਆਦਾਤਰ ਕਾਂਗਰਸ ਦੇ ਪੱਖ ਵਿਚ ਗਏ ਹਨ।
ਐਲਾਨੇ ਨਤੀਜਿਆਂ 'ਚ ਜ਼ਿਕਰਯੋਗ ਗੱਲ ਹੈ ਕਿ ਕੈਬਿਨੇਟ ਮੰਤਰੀ ਰਾਣਾ ਗੁਰਮੀਤ ਸੋਢੀ ਦੇ ਪੀ.ਏ. ਨਸੀਬ ਸਿੰਘ ਨੂੰ ਜਿਲਾ ਫਿਰੋਜਪੁਰ ਵਿਚ ਮਮਦੋਟ ਤੋਂ ਵਿਵਾਦ ਤੋਂ ਬਾਅਦ ਹਾਰਿਆ ਹੋਇਆ ਐਲਾਨ ਕੀਤਾ ਗਿਆ, ਜਦੋਂ ਕਿ ਪਹਿਲਾਂ ਉਸ ਨੂੰ ਜੇਤੂ ਐਲਾਨ ਕੀਤਾ ਗਿਆ ਸੀ। ਕਪੂਰਥਲਾ ਜਿਲੇ ਵਿਚ ਨੰਗਲ ਲੁਭਾਣਾ ਜਿਲਾ ਪਰਿਸ਼ਦ ਤੋਂ ਬੀਬੀ ਜਾਗੀਰ ਕੌਰ ਦੀ ਧੀ ਰਣਜੀਤ ਕੌਰ ਅਕਾਲੀ ਦਲ ਦੀ ਟਿਕਟ ਤੋਂ ਜੇਤੂ ਰਹੀ ਹੈ। ਬਠਿੰਡਾ ਜਲ੍ਹੇ ਵਿਚ ਬੇਸ਼ੱਕ ਅਕਾਲੀ ਦਲ ਦੀ ਬੁਰੀ ਤਰ੍ਹਾਂ ਹਾਰ ਹੋਈ ਹੈ, ਪਰ ਇਹ ਵੀ ਜ਼ਿਕਰਯੋਗ ਹੈ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਹੁਰੇ ਚੱਕ ਫਤਿਹ ਸਿੰਘ ਵਾਲਾ 'ਚ ਪੰਚਾਇਤ ਸੰਮਤੀ ਦੀ ਸੀਟ 'ਤੇ ਅਕਾਲੀ ਦਲ ਦੀ ਮਹਿਲਾ ਉਮੀਦਵਾਰ ਜਰਨੈਲ ਕੌਰ ਜੇਤੂ ਰਹੀਆਂ ਹਨ ।

ਜਿਲਾ ਪਰਿਸ਼ਦ :
12 ਜਿਲਾ ਪ੍ਰੀਸ਼ਦਾਂ ਦੀਆਂ 353 ਸੀਟਾਂ ਲਈ ਚੋਣ ਦੇ ਐਲਾਨੇ ਨਤੀਜਿਆਂ ਅਨੁਸਾਰ ਬਠਿੰਡਾ, ਗੁਰਦਾਸਪੁਰ, ਫਤਿਹਗੜ੍ਹ ਸਾਹਿਬ, ਪਟਿਆਲਾ ਤੇ ਮਾਨਸਾ ਵਿਚ ਸਾਰੀਆਂ ਸੀਟਾਂ 'ਤੇ ਕਾਂਗਰਸ ਜੇਤੂ ਰਹੀ ਹੈ। ਜ਼ਿਲਾ ਪਰਿਸ਼ਦ ਬਠਿੰਡਾ ਦੀਆਂ 16 ਵਿਚੋਂ 16, ਗੁਰਦਾਸਪੁਰ ਦੀਆਂ 25 ਵਿਚੋਂ 25, ਪਟਿਆਲਾ ਦੀਆਂ 25 ਵਿਚੋਂ 25, ਫਤਿਹਗੜ੍ਹ ਸਾਹਿਬ ਦੀਆਂ 10 ਵਿਚੋਂ 10 ਤੇ ਮਾਨਸਾ ਦੀਆਂ 11 ਵਿਚੋਂ 11 ਸੀਟਾਂ ਕਾਂਗਰਸ ਨੇ ਜਿੱਤੀਆਂ ਹਨ। ਉਥੇ ਹੀ ਅਕਾਲੀ-ਭਾਜਪਾ ਅਤੇ 'ਆਪ' ਦਾ ਸੂਪੜਾ ਸਾਫ਼ ਹੋ ਗਿਆ ਹੈ। ਇਸੇ ਤਰ੍ਹਾਂ ਪਠਾਨਕੋਟ ਜ਼ਿਲਾ ਪਰਿਸ਼ਦ ਦੀਆਂ 11 ਵਿਚੋਂ 10 ਸੀਟਾਂ ਕਾਂਗਰਸ ਨੂੰ ਮਿਲੀਆਂ ਹਨ ਤੇ ਸਿਰਫ ਭਾਜਪਾ 1 ਸੀਟ ਜਿੱਤ ਸਕੀ ਹੈ। ਜਿਲਾ ਪਰਿਸ਼ਦ ਮੋਹਾਲੀ ਵਿਚ ਕਾਂਗਰਸ ਨੂੰ 10 ਵਿਚੋਂ 9, ਜਲੰਧਰ ਦੀਆਂ 21 'ਚੋਂ 20, ਫਾਜ਼ਿਲਕਾ ਦੀਆਂ 15 'ਚੋਂ 11 ਸੀਟਾਂ ਕਾਂਗਰਸ ਨੂੰ ਮਿਲੀਆਂ ਹਨ। ਫਾਜ਼ਿਲਕਾ 'ਚ 4 ਸੀਟਾਂ ਅਕਾਲੀ ਦਲ ਦੇ ਹਿੱਸੇ ਆਈਆਂ ਹਨ। ਲੁਧਿਆਣਾ ਜ਼ਿਲਾ ਪਰੀਸ਼ਦ 'ਚ ਵੀ ਵਿਰੋਧੀਆਂ ਦਾ ਪੂਰੀ ਤਰ੍ਹਾਂ ਸਫ਼ਾਇਆ ਹੋ ਜਾਣ ਤੇ ਪਰੀਸ਼ਦ ਸੰਗਰੂਰ ਵਿਚ ਵੀ 23 ਵਿਚੋਂ 18 ਸੀਟਾਂ 'ਤੇ ਕਾਂਗਰਸ ਨੂੰ ਜਿੱਤ ਮਿਲਣ ਦੀ ਰਿਪੋਰਟ ਹੈ।

ਪੰਚਾਇਤ ਸੰਮਤੀ :
ਇਸੇ ਤਰ੍ਹਾਂ 150 ਪੰਚਾਇਤ ਸੰਮਤੀਆਂ ਦੀਆਂ 2901 ਸੀਟਾਂ ਲਈ ਹੋਈਆਂ ਚੋਣਾਂ ਦੇ ਐਲਾਨੇ ਨਤੀਜਿਆਂ ਅਨੁਸਾਰ ਬਠਿੰਡਾ ਵਿਚ 148 ਸੀਟਾਂ 'ਤੇ ਕਾਂਗਰਸ ਨੂੰ 121, ਅਕਾਲੀ ਦਲ 15, ਆਜ਼ਾਦ 7 ਅਤੇ 'ਆਪ' ਨੂੰ 5 ਸੀਟਾਂ ਮਿਲੀਆਂ ਹਨ। ਫਿਰੋਜ਼ਪੁਰ ਦੀਆਂ 119 ਸੀਟਾਂ ਵਿਚੋਂ 118 ਕਾਂਗਰਸ ਤੇ 1 ਸੀਟ ਅਕਾਲੀ ਦਲ ਨੂੰ ਮਿਲੀ ਹੈ। ਫਤਿਹਗੜ੍ਹ ਸਾਹਿਬ ਦੀਆਂ 77 ਵਿਚੋਂ 62 ਕਾਂਗਰਸ, 12 ਅਕਾਲੀ ਦਲ, 1 ਅਕਾਲੀ ਦਲ (ਅਮ੍ਰਿਤਸਰ) ਤੇ 2 ਆਜ਼ਾਦ, ਗੁਰਦਾਸਪੁਰ ਦੀਆਂ 213 ਸੀਟਾਂ 'ਚੋਂ 212 ਕਾਂਗਰਸ ਅਤੇ 1 ਆਜ਼ਾਦ, ਜਲੰਧਰ ਦੀਆਂ 191 'ਚੋਂ 132 ਕਾਂਗਰਸ, 34 ਅਕਾਲੀ ਦਲ ਅਤੇ 25 ਆਜ਼ਾਦ, ਮਾਨਸਾ ਦੀ 89 ਸੀਟਾਂ 'ਚੋਂ 69 ਕਾਂਗਰਸ, 13 ਅਕਾਲੀ ਦਲ, 3 'ਆਪ' ਅਤੇ 4 ਆਜ਼ਾਦ ਉਮੀਦਵਾਰਾਂ ਨੂੰ ਮਿਲੀਆਂ ਹਨ। ਇਸੇ ਤਰ੍ਹਾਂ ਪਟਿਆਲਾ ਦੀਆਂ 193 'ਚੋਂ 181 ਕਾਂਗਰਸ, 10 ਅਕਾਲੀ ਦਲ ਤੇ 1 ਆਜ਼ਾਦ, ਤਰਨਤਾਰਨ ਦੀ 160 'ਚੋਂ 144 ਕਾਂਗਰਸ, 1 'ਆਪ', 13 ਭਾਜਪਾ ਅਤੇ 2 ਆਜ਼ਾਦ ਉਮੀਦਵਾਰਾਂ ਨੂੰ ਪ੍ਰਾਪਤ ਹੋਈਆਂ ਹਨ।
 


Related News