ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਚੱਲਦਿਆਂ ਥਾਣਾ ਮੁਖੀਆਂ ਦੇ ਵੱਡੇ ਪੱਧਰ 'ਤੇ ਤਬਾਦਲੇ

Monday, Dec 01, 2025 - 11:08 AM (IST)

ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਚੋਣਾਂ ਦੇ ਚੱਲਦਿਆਂ ਥਾਣਾ ਮੁਖੀਆਂ ਦੇ ਵੱਡੇ ਪੱਧਰ 'ਤੇ ਤਬਾਦਲੇ

ਮਾਨਸਾ (ਸੰਦੀਪ ਮਿੱਤਲ) : ਜ਼ਿਲਾ ਪ੍ਰੀਸ਼ਦ ਤੇ ਬਲਾਕ ਸੰਮਤੀ ਦੀਆਂ ਚੋਣਾਂ ਦਾ ਐਲਾਨ ਹੁੰਦਿਆਂ ਹੀ ਮਾਨਸਾ ਪੁਲਸ ਨੇ ਮੋਰਚਾ ਸੰਭਾਲ ਲਿਆ ਹੈ। ਮਾਨਸਾ ਪੁਲਸ ਨੇ ਭਰੋਸਾ ਦਿੱਤਾ ਹੈ ਕਿ ਪਾਰਦਰਸ਼ੀ ਅਤੇ ਅਮਨ-ਅਮਾਨ ਨਾਲ ਇਹ ਚੋਣਾਂ ਕਰਵਾਈਆਂ ਜਾਣਗੀਆਂ ਅਤੇ ਕਿਸੇ ਤਰ੍ਹਾਂ ਦੀ ਕੋਈ ਹਿੰਸਕ ਵਾਰਦਾਤ ਨਹੀਂ ਹੋਣ ਦਿੱਤੀ ਜਾਵੇਗੀ। ਜਿਵੇਂ ਹੀ ਚੋਣਾਂ ਦਾ ਐਲਾਨ ਹੋਇਆ ਐੱਸ. ਐੱਸ. ਪੀ. ਭਾਗੀਰਥ ਸਿੰਘ ਮੀਨਾ ਨੇ ਪੁਲਸ ਨੂੰ ਹਦਾਇਤਾਂ ਜਾਰੀ ਕਰ ਦਿੱਤੀਆਂ ਕਿ ਪਾਰਦਰਸ਼ਤਾ ਅਤੇ ਨਿਰਪੱਖ ਢੰਗ ਨਾਲ ਇਹ ਚੋਣਾਂ ਹੋਣ ਅਤੇ ਕਿਸੇ ਤਰ੍ਹਾਂ ਦੀ ਕੋਈ ਹੁੱਲੜਬਾਜ਼ੀ, ਸ਼ਰਾਰਤਬਾਜ਼ੀ ਨਾ ਹੋਣ ਦਿੱਤੀ ਜਾਵੇ। ਜ਼ਿਕਰਯੋਗ ਹੈ ਕਿ ਮਾਨਸਾ ਪੁਲਸ ਨਸ਼ਿਆਂ ਦੀ ਰੋਕਥਾਮ ਤੋਂ ਇਲਾਵਾ ਮਾਨਸਾ ’ਚ ਕਾਨੂੰਨ ਵਿਵਸਥਾ ਬਣਾ ਕੇ ਰੱਖਣ ਲਈ ਪੂਰੀ ਤਰ੍ਹਾਂ ਚੌਕਸ ਹੈ। ਐੱਸ. ਐੱਸ. ਪੀ. ਮੀਨਾ ਦੀ ਅਗਵਾਈ ’ਚ ਮਾਨਸਾ ਪੁਲਸ ਨੇ ਜ਼ਿਲਾ ਪ੍ਰੀਸ਼ਦ ਚੋਣਾਂ ’ਚ ਕਿਸੇ ਤਰ੍ਹਾਂ ਦੀ ਸ਼ਰਾਰਤਬਾਜ਼ੀ ਨਾ ਹੋਣ ਦੇਣ ਦੀ ਗੱਲ ਕਰਦਿਆਂ ਕਿਹਾ ਕਿ ਪੁਲਸ ਪੂਰੀ ਤਨਦੇਹੀ ਨਾਲ ਆਪਣੀ ਡਿਊਟੀ ਨਿਭਾਏਗੀ। ਜ਼ਿਕਰਯੋਗ ਹੈ ਕਿ ਚੋਣਾਂ ਦੇ ਸਮੇਂ ਅਕਸਰ ਹੁੱਲੜਬਾਜ਼ੀ, ਬਾਹਰਲੇ ਵਿਅਕਤੀ ਆਉਣ ਅਤੇ ਕੁਝ ਘਟਨਾਵਾਂ ਵਾਪਰਨ ਦੀ ਸੰਭਾਵਨਾ ਵਧ ਜਾਂਦੀ ਹੈ।

ਇਹ ਵੀ ਪੜ੍ਹੋ : Punjab : ਆਂਗਣਵਾੜੀ ਸੈਂਟਰਾਂ ਨੂੰ ਲੈ ਕੇ ਨਵੇਂ ਹੁਕਮ ਜਾਰੀ, ਲਾਜ਼ਮੀ ਹੋਇਆ ਇਹ ਕੰਮ

ਅਕਸਰ ਚੋਣਾਂ ਸਮੇਂ ਹਿੰਸਕ ਝੜਪਾਂ ਵੀ ਹੁੰਦੀਆਂ ਹਨ ਅਤੇ ਵੱਖ-ਵੱਖ ਚੋਣਾਂ ਲੜਣ ਵਾਲੇ ਉਮੀਦਵਾਰਾਂ ਦੇ ਸਮਰਥਕਾਂ ਵਿਚ ਇਤਰਾਜ਼ਬਾਜ਼ੀ ਅਤੇ ਦੂਸ਼ਣਬਾਜ਼ੀ ਤੋਂ ਇਲਾਵਾ ਖਿੱਚੋਤਾਣ ਵੀ ਹੁੰਦੀ ਹੈ। ਮਾਨਸਾ ਪੁਲਸ ਨੇ ਇਸ ਨੂੰ ਭਾਂਪ ਲਿਆ ਹੈ। ਐੱਸ. ਐੱਸ. ਪੀ. ਨੇ ਇਸ ਦੀ ਕਮਾਂਡ ਸੰਭਾਲਦਿਆਂ ਜ਼ਿਲਾ ਪ੍ਰੀਸ਼ਦ ਚੋਣਾਂ ਲਈ ਕਮਰ ਕੱਸ ਲਈ ਹੈ। ਜ਼ਿਲੇ ਭਰ ਦੇ ਥਾਣਿਆਂ ਦੇ ਮੁਖੀਆਂ ਦਾ ਤਬਾਦਲਾ ਕਰ ਕੇ ਉੱਥੇ ਨਵੀਆਂ ਨਿਯੁਕਤੀਆਂ ਕੀਤੀ ਗਈਆਂ ਹਨ ਅਤੇ ਪੁਲਸ ਨੂੰ ਸਖਤ ਹਦਾਇਤਾਂ ਦਿੱਤੀਆਂ ਹਨ ਕਿ ਇਨ੍ਹਾਂ ਚੋਣਾਂ ਵਿਚ ਕਿਸੇ ਵੀ ਉਮੀਦਵਾਰ ਨਾਲ ਪੁਲਸ ਕੋਈ ਲਗਾਵ ਆਦਿ ਪੈਦਾ ਨਾ ਹੋਣ ਦੇਵੇ। ਮਾਨਸਾ ਅੰਦਰ ਜ਼ਿਲਾ ਪ੍ਰੀਸ਼ਦ ਚੋਣਾਂ ਨੂੰ ਲੈ ਕੇ ਵੱਖ-ਵੱਖ ਪਾਰਟੀਆਂ ਦੇ ਉਮੀਦਵਾਰਾਂ ਵਿਚ ਪਹਿਲਾਂ ਤੋਂ ਹੀ ਤਿਆਰੀਆਂ ਚੱਲ ਰਹੀਆਂ ਹਨ। ਸੰਭਾਵਨਾ ਸੀ ਕਿ ਅੱਜ-ਭਲਕੇ ਹੀ ਚੋਣਾਂ ਦਾ ਐਲਾਨ ਹੋ ਜਾਵੇਗਾ। ਚੋਣਾਂ ਦਾ ਐਲਾਨ ਹੁੰਦੇ ਹੀ ਜ਼ਿਲੇ ਭਰ ਅੰਦਰ ਇਹ ਚੋਣਾਂ ਲੜਣ ਦੇ ਚਾਹਵਾਨ ਉਮੀਦਵਾਰਾਂ ਅਤੇ ਉਨ੍ਹਾਂ ਦੇ ਸਮਰਥਕਾਂ ਦੀਆਂ ਸਰਗਰਮੀਆਂ ਵਧਣੀਆਂ ਸੁਭਾਵਿਕ ਹਨ। ਇਸ ਦੇ ਮੱਦੇਨਜ਼ਰ ਪੁਲਸ ਨੇ ਪੂਰੀ ਤਨਦੇਹੀ ਨਾਲ ਜ਼ਿਲਾ ਮਾਨਸਾ ਅੰਦਰ ਨਿਰਪੱਖ, ਪਾਰਦਰਸ਼ੀ ਅਤੇ ਅਮਨ-ਚੈਨ ਨਾਲ ਚੋਣਾਂ ਕਰਵਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਮਾਨਸਾ ਪੁਲਸ ਇਸ ਦੇ ਨਾਲ ਨਸ਼ਿਆਂ ਦੇ ਖਾਤਮੇ ਅਤੇ ਅਪਰਾਧ ਨੂੰ ਲੈ ਕੇ ਵੀ ਪੂਰੀ ਤਰ੍ਹਾਂ ਪੱਬਾਂ ਭਾਰ ਹੈ।

ਇਹ ਵੀ ਪੜ੍ਹੋ : ਬਿਜਲੀ ਉਪਭੋਗਤਾਵਾਂ ਲਈ ਚੰਗੀ ਖ਼ਬਰ, ਪਾਵਰਕਾਮ ਨੇ ਚੁੱਕਿਆ ਵੱਡਾ ਕਦਮ

ਮੰਨਿਆ ਜਾਂਦਾ ਹੈ ਕਿ ਚੋਣਾਂ ਸਮੇਂ ਸ਼ਰਾਬ ਆਦਿ ਦੀ ਵਰਤੋਂ ਅਤੇ ਵੰਡ ਵੀ ਖੁੱਲ੍ਹੇਆਮ ਹੁੰਦੀ ਹੈ। ਮਾਨਸਾ ਪੁਲਸ ਇਸ ’ਤੇ ਤਿੱਖੀ ਨਜ਼ਰ ਰੱਖੇਗੀ ਅਤੇ ਇਨ੍ਹਾਂ ਚੋਣਾਂ ਵਿਚ ਸ਼ਰੇਆਮ ਨਸ਼ੇ, ਸ਼ਰਾਬ ਆਦਿ ਚੱਲਣ ’ਤੇ ਪੁਲਸ ਦੀ ਸਖਤਾਈ ਹੋਵੇਗੀ। ਐੱਸ. ਐੱਸ. ਪੀ. ਮੀਨਾ ਨੇ ਦੱਸਿਆ ਕਿ ਮਾਨਸਾ ਜ਼ਿਲੇ ਅੰਦਰ ਜ਼ਿਲਾ ਪ੍ਰੀਸ਼ਦ ਅਤੇ ਪੰਚਾਇਤ ਸੰਮਤੀ ਦੀਆਂ ਚੋਣਾਂ ’ਚ ਨਿਰਪੱਖਤਾ, ਪਾਰਦਰਸ਼ਤਾ ਨੂੰ ਪਹਿਲ ਦਿੱਤੀ ਜਾਵੇਗੀ। ਪੁਲਸ ਦਾ ਕੰਮ ਲੋਕਾਂ ਦੀ ਸੁਰੱਖਿਆ, ਹਿਫਾਜਤ, ਸ਼ਰਾਰਤੀ ਵਿਅਕਤੀਆਂ ਤੋਂ ਸਾਵਧਾਨੀ ਅਤੇ ਕਿਸੇ ਤਰ੍ਹਾਂ ਦੀ ਹੁੱਲੜਬਾਜ਼ੀ ਆਦਿ ਨਾ ਹੋਣ ਦੇਣਾ ਹੈ। ਉਨ੍ਹਾਂ ਭਰੋਸਾ ਦਿੱਤਾ ਕਿ ਮਾਨਸਾ ਪੁਲਸ ਉਮੀਦਵਾਰਾਂ ਅਤੇ ਲੋਕਾਂ ਨੂੰ ਸੁਰੱਖਿਆ ਦੇਣ ਤੋਂ ਇਲਾਵਾ ਚੋਣਾਂ ਦੌਰਾਨ ਚੱਪੇ-ਚੱਪੇ ’ਤੇ ਡਿਊਟੀ 'ਤੇ ਰਹੇਗੀ। ਇਸ ਦੌਰਾਨ ਐੱਸ. ਐੱਸ. ਪੀ. ਨੇ ਦਿਨ ਸ਼ੁੱਕਰਵਾਰ ਨੂੰ ਜ਼ਿਲੇ ਦੇ ਵੱਖ-ਵੱਖ ਥਾਣਿਆਂ ਦਾ ਨਿਰੀਖਣ ਵੀ ਕੀਤਾ ਅਤੇ ਥਾਣਾ ਮੁਖੀਆਂ ਨਾਲ ਵਿਚਾਰਾਂ ਵੀ ਕੀਤੀਆਂ।

ਇਹ ਵੀ ਪੜ੍ਹੋ : ਸ਼ਮਸ਼ਾਨ ਘਾਟ 'ਚ ਅਸਥੀਆਂ ਚੁਗਣ ਗਏ ਪਰਿਵਾਰ ਦੇ ਉਡੇ ਹੋਸ਼, ਪੂਰੀ ਘਟਨਾ ਜਾਣ ਨਹੀਂ ਹੋਵੇਗਾ ਯਕੀਨ

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇
https://whatsapp.com/channel/0029Va94hsaHAdNVur4L170e


author

Gurminder Singh

Content Editor

Related News