ਅੱਤਵਾਦੀ ਜ਼ਾਕਿਰ ਮੂਸਾ ਦੀ ਲਾਸ਼ ਨਾਲ ਦੱਬ ਗਏ ਪੰਜਾਬ ਦੇ ਲਿੰਕ!

05/25/2019 12:11:37 PM

ਜਲੰਧਰ (ਜ. ਬ.)— ਸੀ. ਟੀ. ਇੰਸਟੀਚਿਊਟ 'ਚ ਹਥਿਆਰ ਪਹੁੰਚਾਉਣ ਦੇ ਮਾਸਟਰ ਮਾਈਂਡ ਅਤੇ ਥਾਣਾ ਮਕਸੂਦਾਂ 'ਚ ਬਲਾਸਟ ਕਰਵਾਉਣ ਵਾਲੇ ਅੱਤਵਾਦੀ ਜ਼ਾਕਿਰ ਮੂਸਾ ਦੀ ਲਾਸ਼ ਦੇ ਨਾਲ ਉਸ ਦੇ ਪੰਜਾਬ ਲਿੰਕ ਵੀ ਦੱਬ ਗਏ। ਐੱਨ. ਆਈ. ਏ. ਦੀ ਟੀਮ ਮੂਸਾ ਦੇ ਪੰਜਾਬ ਲਿੰਕ ਜਾਣਨ ਲਈ ਲੰਬੇ ਸਮੇਂ ਤੋਂ ਉਸ ਦਾ ਟ੍ਰੈਪ ਵਿਛਾ ਕੇ ਬੈਠੀ ਸੀ ਪਰ ਗ੍ਰਿਫਤਾਰ ਹੋਣ ਤੋਂ ਪਹਿਲਾਂ ਹੀ ਆਰਮੀ ਨੇ ਉਸ ਨੂੰ ਟਿਕਾਣੇ ਲਗਾ ਦਿੱਤਾ। ਐੱਨ. ਆਈ. ਏ. ਨੂੰ ਇਹ ਜਾਣਨਾ ਵੀ ਜ਼ਰੂਰੀ ਸੀ ਕਿ ਉਸ ਨੇ ਜਲੰਧਰ ਸਮੇਤ ਹੋਰ ਕਿਹੜੇ-ਕਿਹੜੇ ਸ਼ਹਿਰਾਂ ਦੀ ਰੇਕੀ ਕੀਤੀ ਜਾਂ ਫਿਰ ਕਰਵਾਈ ਹੋਈ ਹੈ ਅਤੇ ਉਸ ਦੇ ਪਿੱਛੇ ਕੀ-ਕੀ ਇਰਾਦੇ ਸਨ। 23 ਮਈ ਨੂੰ ਜ਼ਾਕਿਰ ਮੂਸਾ ਦਾ ਤ੍ਰਾਲ ਇਲਾਕੇ 'ਚ ਆਰਮੀ ਨੇ ਐਨਕਾਊਂਟਰ ਕਰਕੇ ਉਸ ਨੂੰ ਮੌਤ ਦੇ ਘਾਟ ਉਤਾਰ ਦਿੱਤਾ। ਮੂਸਾ ਦਾ ਉਸੇ ਜਗ੍ਹਾ 'ਤੇ ਐਨਕਾਊਂਟਰ ਕੀਤਾ ਗਿਆ, ਜਿੱਥੇ 2016 'ਚ ਪੋਸਟਰ ਬੁਆਏ ਅੱਤਵਾਦੀ ਬੁਰਹਾਨ ਬਾਨੀ ਦਾ ਐਨਕਾਊਂਟਰ ਹੋਇਆ ਸੀ। ਬਾਨੀ ਦੀ ਮੌਤ ਤੋਂ ਬਾਅਦ ਮੂਸਾ ਪੋਸਟਰ ਬੁਆਏ ਦੇ ਨਾਂ ਨਾਲ ਮਸ਼ਹੂਰ ਹੋਇਆ ਸੀ ਅਤੇ ਉਸ ਨੂੰ ਬਾਨੀ ਦੀ ਜਗ੍ਹਾ ਬਿਠਾਇਆ ਗਿਆ। ਅਕਤੂਬਰ 2018 'ਚ ਜਦੋਂ ਸੀ. ਟੀ. ਇੰਸਟੀਚਿਊਟ ਤੋਂ ਮੁਹੰਮਦ ਇਦਰੀਸ ਸ਼ਾਹ, ਜ਼ਾਹਿਦ ਗੁਲਜ਼ਾਰ ਅਤੇ ਯੁਸੁਫ ਰਫੀਕ ਭੱਟ ਨੂੰ ਏ. ਕੇ. 56, ਵਿਸਫੋਟਕ ਸਮੱਗਰੀ, ਗੋਲੀਆਂ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ ਤਾਂ ਉਸ ਸਮੇਂ ਜ਼ਾਕਿਰ ਮੂਸਾ ਦਾ ਨਾਂ ਸਾਹਮਣੇ ਆਇਆ ਸੀ। ਮੂਸਾ ਨੂੰ ਜਲੰਧਰ ਪੁਲਸ ਨੇ ਨਾਮਜ਼ਦ ਕੀਤਾ ਪਰ ਮਕਸੂਦਾਂ ਥਾਣੇ 'ਚ ਹੋਏ ਬਲਾਸਟ ਤੋਂ ਬਾਅਦ ਦੋਵੇਂ ਕੇਸ ਐੱਨ. ਆਈ. ਏ. ਨੂੰ ਸੌਂਪ ਦਿੱਤੇ ਸਨ। 

PunjabKesari
ਸੀ. ਟੀ. ਇੰਸਟੀਚਿਊਟ ਤੋਂ ਗ੍ਰਿਫਤਾਰ ਹੋਇਆ ਯੂਸੁਫ ਰਫੀਕ ਭੱਟ ਜ਼ਾਕਿਰ ਮੂਸਾ ਦਾ ਚਚੇਰਾ ਭਰਾ ਸੀ। ਇਨ੍ਹਾਂ ਤਿੰਨਾਂ ਦੀ ਗ੍ਰਿਫਤਾਰੀ ਤੋਂ ਬਾਅਦ ਜਲੰਧਰ ਪੁਲਸ ਨੇ ਜੇ. ਐਂਡ ਕੇ. 'ਚ ਰੇਡ ਕਰਕੇ ਮੂਸਾ ਦੇ ਕਰੀਬੀ ਸੋਹੇਲ ਅਤੇ ਰਹਿਮਾਨ ਨੂੰ ਵੀ ਗ੍ਰਿਫਤਾਰ ਕਰ ਲਿਆ ਸੀ। ਇਨ੍ਹਾਂ ਲੋਕਾਂ ਦੀ ਗ੍ਰਿਫਤਾਰੀ ਤੋਂ ਬਾਅਦ ਮੂਸਾ ਨੂੰ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿਚ ਬਦਲੇ ਹੋਏ ਭੇਸ 'ਚ ਵੀ ਦੇਖਿਆ ਗਿਆ ਸੀ। ਚਰਚਾ ਸੀ ਕਿ ਅੱਤਵਾਦੀ ਜ਼ਾਕਿਰ ਮੂਸਾ ਆਪਣੇ ਸਾਥੀਆਂ ਨੂੰ ਛੁਡਵਾਉਣ ਲਈ ਪੰਜਾਬ 'ਚ ਬੈਠਾ ਹੈ ਪਰ ਕਿਸੇ ਵੀ ਤਰ੍ਹਾਂ ਦੀ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਗਈ ਸੀ। ਐੱਨ. ਆਈ. ਏ. ਅਤੇ ਖੁਫੀਆ ਏਜੰਸੀਆਂ ਅਲਰਟ ਸਨ ਕਿਉਂਕਿ ਮਕਸੂਦਾਂ ਬਲਾਸਟ 'ਚ ਗ੍ਰਿਫਤਾਰ ਹੋਏ ਅੱਤਵਾਦੀਆਂ ਨੇ ਦਾਅਵਾ ਕੀਤਾ ਸੀ ਕਿ ਮੂਸਾ ਨੇ ਉਨ੍ਹਾਂ ਤੋਂ ਇੰਡੀਅਨ ਆਇਲ ਅਤੇ ਸੀ.ਆਰ. ਪੀ. ਐੱਫ. ਕੈਂਪ ਦੀ ਰੇਕੀ ਵੀ ਕਰਵਾਈ ਸੀ। ਜ਼ਾਹਿਰ ਸੀ ਕਿ ਪੰਜਾਬ 'ਚ ਵੀ ਮੂਸਾ ਦੇ ਕਾਫੀ ਲਿੰਕ ਸਨ ਜੋ ਫੜੇ ਜਾਣੇ ਜ਼ਰੂਰੀ ਸਨ। ਹਥਿਆਰਾਂ ਅਤੇ ਵਿਸਫੋਟਕ ਸਮੱਗਰੀ ਦੇ ਨਾਲ ਅੱਤਵਾਦੀ ਅਤੇ ਵਿਦਿਆਰਥੀਆਂ ਨੂੰ ਗ੍ਰਿਫਤਾਰ ਕਰਨ ਵਾਲੇ ਇੰਸ. ਬਿਮਲ ਕਾਂਤ ਦਾ ਕਹਿਣਾ ਹੈ ਕਿ ਮੂਸਾ ਦੇ ਮਾਰੇ ਜਾਣ ਨਾਲ ਪੰਜਾਬ ਦੇ ਲਿੰਕ ਹੁਣ ਨਹੀਂ ਮਿਲ ਸਕਣਗੇ। ਇਨ੍ਹਾਂ ਦੋਵਾਂ ਕੇਸਾਂ ਦੇ ਚਲਾਨ ਐੱਨ. ਆਈ. ਏ. ਕੋਰਟ 'ਚ ਪੇਸ਼ ਕਰ ਚੁੱਕੀ ਹੈ। ਹੁਣ ਐੱਫ. ਆਈ. ਆਰ. 'ਚੋਂ ਜ਼ਾਕਿਰ ਮੂਸਾ ਦਾ ਨਾਂ ਹਟਾਇਆ ਜਾਵੇਗਾ ਅਤੇ ਬਾਕੀ ਦੇ ਅੱਤਵਾਦੀਆਂ ਦਾ ਟਰਾਇਲ ਚੱਲਦਾ ਰਹੇਗਾ। ਦੱਸ ਦੇਈਏ ਕਿ ਮਕਸੂਦਾਂ ਬਲਾਸਟ 'ਚ ਵਾਂਟਡ ਅੱਤਵਾਦੀ ਪਹਿਲਾਂ ਵੀ ਕਸ਼ਮੀਰ 'ਚ ਹੋਏ ਐਨਕਾਊਂਟਰ 'ਚ ਮਾਰੇ ਗਏ ਸਨ।
ਮੂਸਾ ਦੇ ਜਨਾਜ਼ੇ ਵਿਚ ਸ਼ਾਮਲ ਹੋਏ ਹਜ਼ਾਰਾਂ ਕਸ਼ਮੀਰੀ
ਮੂਸਾ ਦੀ ਮੌਤ ਤੋਂ ਬਾਅਦ ਕਸ਼ਮੀਰ 'ਚ ਅੱਤਵਾਦੀਆਂ ਨੂੰ ਪਨਾਹ ਦੇਣ ਵਾਲੇ ਲੋਕਾਂ ਅਤੇ ਅੱਤਵਾਦੀਆਂ ਦੇ ਸਮਰਥਕਾਂ ਨੇ ਜੰਮ ਕੇ ਹੰਗਾਮਾ ਕੀਤਾ। ਇਸ ਹੰਗਾਮੇ 'ਚ ਬਾਜ਼ਾਰ ਬੰਦ ਕਰ ਦਿੱਤੇ ਗਏ। ਅੱਤਵਾਦੀ ਜ਼ਾਕਿਰ ਮੂਸਾ ਦੇ ਜਨਾਜ਼ੇ 'ਚ ਵੀ ਹਜ਼ਾਰਾਂ ਲੋਕ ਸ਼ਾਮਲ ਹੋਏ। ਮੀਂਹ ਪੈਣ ਕਾਰਨ ਲੋਕ ਛੱਤਰੀਆਂ ਲੈ ਕੇ ਜਨਾਜ਼ੇ 'ਚ ਪਹੁੰਚੇ ਅਤੇ ਦੇਸ਼ ਵਿਰੋਧੀ ਨਾਅਰੇ ਵੀ ਲਾਏ।

PunjabKesari
ਸੋਸ਼ਲ ਸਾਈਟਸ 'ਤੇ ਸਟੂਡੈਂਟਸ ਨੂੰ ਲੱਭ ਕੇ ਅੱਤਵਾਦੀ ਬਣਾਉਂਦਾ ਸੀ ਮੂਸਾ
ਜ਼ਾਕਿਰ ਮੂਸਾ ਸੋਸ਼ਲ ਸਾਈਟਸ 'ਤੇ ਵਿਦਿਆਰਥੀਆਂ ਨੂੰ ਲੱਭ ਕੇ ਉਨ੍ਹਾਂ ਨੂੰ ਅੱਤਵਾਦੀ ਬਣਨ ਲਈ ਉਕਸਾਉਂਦਾ ਸੀ। ਮੂਸਾ ਦੇ ਅੰਸਾਰ ਗਜਾਵਤ-ਉਲ-ਹਿੰਦ 'ਚ ਜਿੰਨੇ ਵੀ ਨੌਜਵਾਨ ਅੱਤਵਾਦੀ ਬਣਨ ਆਏ, ਉਨ੍ਹਾਂ 'ਚੋਂ ਜ਼ਿਆਦਾਤਰ ਸਟੂਡੈਂਟ ਸਨ। ਜ਼ਾਕਿਰ ਮੂਸਾ ਦਾ ਪਾਕਿਸਤਾਨ 'ਚ ਵੀ ਪੂਰਾ ਲਿੰਕ ਸੀ। ਸੀ. ਟੀ. ਇੰਸਟੀਚਿਊਟ 'ਚੋਂ ਜੋ ਹਥਿਆਰ ਮਿਲੇ ਸਨ, ਉਹ ਵੀ ਬਾਰਡਰ ਦੇ ਪਾਰ ਤੋਂ ਆਏ ਦੱਸੇ ਜਾ ਰਹੇ ਸਨ। ਜ਼ਾਕਿਰ ਮੂਸਾ ਨੂੰ ਲੱਭਣ ਲਈ ਕਾਫੀ ਲੰਬੇ ਸਮੇਂ ਤੋਂ ਪੰਜਾਬ ਪੁਲਸ ਦੀ ਇੰਟੈਲੀਜੈਂਸ ਵੀ ਹੱਥ-ਪੈਰ ਮਾਰ ਰਹੀ ਸੀ।


shivani attri

Content Editor

Related News