ਅੱਤਵਾਦੀ ਮੂਸਾ ਦੇ ਬਠਿੰਡਾ 'ਚ ਲੁਕੇ ਹੋਣ ਦੀ ਖਬਰ, ਹਾਈ ਅਲਰਟ ਜਾਰੀ
Thursday, Dec 06, 2018 - 10:26 AM (IST)

ਬਠਿੰਡਾ : ਅਲਕਾਇਦਾ ਦੇ ਕਸ਼ਮੀਰੀ ਅੱਤਵਾਦੀ ਜਾਕਿਰ ਮੂਸਾ ਦੇ ਇਕ ਵਾਰ ਫਿਰ ਪੰਜਾਬ 'ਚ ਲੁਕੇ ਹੋਣ ਦੀ ਖਬਰ ਮਿਲੀ ਹੈ, ਜਿਸ ਤੋਂ ਬਾਅਦ ਫਿਰੋਜ਼ਪੁਰ ਅਤੇ ਬਠਿੰਡਾ 'ਚ ਹਾਈ ਅਲਰਟ ਜਾਰੀ ਕਰ ਦਿੱਤਾ ਗਿਆ ਗਿਆ। ਦੂਜੇ ਪਾਸੇ ਰਾਜਸਥਾਨ ਦੇ ਨਾਲ ਲੱਗਦੀ ਸਰਹੱਦ ਨੂੰ ਵੀ ਪੰਜਾਬ ਪੁਲਸ ਨੇ ਸੀਲ ਕਰ ਦਿੱਤਾ ਹੈ। ਖੁਫੀਆ ਏਜੰਸੀਆਂ ਦਾ ਦਾਅਵਾ ਹੈ ਕਿ ਅੱਤਵਾਦੀ ਮੂਸਾ ਇਨ੍ਹੀਂ ਦਿਨੀਂ ਪੰਜਾਬ 'ਚ ਹੀ ਕਿਤੇ ਭੇਸ ਬਦਲ ਕੇ ਲੁਕਿਆ ਹੋਇਆ ਹੈ। ਇੰਟੈਲੀਜੈਂਸ ਏਜੰਸੀਆਂ ਵਲੋਂ ਜਾਕਿਰ ਮੂਸਾ ਦੇ ਪੋਸਟਰ ਵੀ ਜਾਰੀ ਕਰ ਦਿੱਤੇ ਗਏ ਹਨ। ਅੱਤਵਾਦੀ ਜਾਕਿਰ ਮੂਸਾ ਨੂੰ ਲੈ ਕੇ ਆਈ. ਬੀ., ਸੀ. ਆਈ. ਡੀ. ਅਤੇ ਆਰਮੀ ਇੰਟੈਲੀਜੈਂਸ ਨੂੰ ਮਿਲੇ ਇਨਪੁੱਟ ਦੇ ਆਧਾਰ 'ਤੇ ਫਿਰੋਜ਼ਪੁਰ ਅਤੇ ਬਠਿੰਡਾ 'ਚ ਫੌਜ ਨੇ ਮੋਰਚਾ ਸੰਭਾਲ ਲਿਆ। 8 ਗੜਵਾਲ ਰੈਜੀਮੈਂਟ ਨੂੰ ਬਠਿੰਡਾ ਸਟੇਸ਼ਨ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ। ਪੁਲਸ ਦੇ 9 ਨਾਕਿਆਂ ਤੋਂ ਇਲਾਵਾ 6 ਪੈਟਰੋਲਿੰਗ ਪਾਰਟੀਆਂ ਇਲਾਕੇ 'ਚ ਗਸ਼ਤ ਕਰ ਰਹੀਆਂ ਹਨ। ਖੁਫੀਆ ਏਜੰਸੀਆਂ ਨੂੰ ਇਨਪੁੱਟ ਮਿਲਿਆ ਸੀ ਕਿ ਪਿੰਡ ਬਸਤੀ ਗੁਲਾਬ ਸਿੰਘ ਵਾਲੀ ਇਲਾਕੇ 'ਚ ਪਾਕਿ ਕੰਪਨੀ ਦੀ ਸਿਮ ਐਕਟੀਵੇਟ ਹੈ। ਦੱਸਿਆ ਜਾ ਰਿਹਾ ਹੈ ਕਿ ਮੰਗਲਵਾਰ ਦੇਰ ਰਾਤ ਜ਼ਿਲਾ ਪੁਲਸ ਦੇ ਉੱਚ ਅਧਿਕਾਰੀਆਂ ਦੀ ਅਗਵਾਈ 'ਚ ਪੁਲਸ ਨੇ ਪਿੰਡ ਦੇ ਕੁਝ ਘਰਾਂ 'ਚ ਛਾਪੇਮਾਰੀ ਕੀਤੀ ਪਰ ਪੁਲਸ ਦੇ ਹੱਥ ਕੁਝ ਨਹੀਂ ਲੱਗ ਸਕਿਆ।
ਖੁਫੀਆ ਏਜੰਸੀਆਂ ਦਾ ਦਾਅਵਾ ਹੈ ਕਿ ਅੱਤਵਾਦੀ ਮੂਸਾ ਇਨ੍ਹੀਂ ਦਿਨੀਂ ਪੰਜਾਬ 'ਚ ਕਿਤੇ ਲੁਕਿਆ ਹੋਇਆ ਹੈ ਅਤੇ ਉਹ ਆਪਣਾ ਭੇਸ ਬਦਲਦਾ ਰਹਿੰਦਾ ਹੈ। ਹੁਣ ਉਸ ਦੀ ਸਿੱਖ ਦੇ ਭੇਸ 'ਚ ਤਸਵੀਰ ਵਾਇਰਲ ਹੋਈ ਹੈ।