ਘਰੋਂ ਬੁਲਾ ਕੇ ਨੌਜਵਾਨ ਨੂੰ ਬੇਰਹਿਮੀ ਨਾਲ ਕਤਲ ਕਰਨ ਦੇ ਮਾਮਲੇ ’ਚ 2 ਮੁੱਖ ਮੁਲਜ਼ਮ ਗ੍ਰਿਫਤਾਰ
Wednesday, Oct 12, 2022 - 05:48 PM (IST)

ਪਟਿਆਲਾ/ਸਨੌਰ (ਮਨਦੀਪ ਜੋਸਨ) : ਥਾਣਾ ਸਨੌਰ ਦੀ ਪੁਲਸ ਨੇ ਪਿਛਲੇ ਦਿਨਾਂ ’ਚ ਸਨੌਰ ਵਿਖੇ ਹੋਈ ਲੜਾਈ ਦੌਰਾਨ ਮਾਰੇ ਗਏ ਸੰਦੀਪ ਸਿੰਘ ਉਰਫ ਸੰਨੀ ਦੇ 2 ਮੁੱਖ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਹੈ ਅਤੇ ਬਾਕੀਆਂ ਨੂੰ ਫੜਨ ਲਈ ਟੀਮਾਂ ਦਾ ਗਠਨ ਕਰ ਕੇ ਛਾਪੇਮਾਰੀ ਕੀਤੀ ਜਾ ਰਹੀ ਹੈ। ਡਿਪਟੀ ਸੁਪਰਡੈਂਟ ਆਫ ਪੁਲਸ ਗੁਰਦੇਵ ਸਿੰਘ ਧਾਲੀਵਾਲ ਨੇ ਅੱਜ ਇੱਥੇ ਸਨੌਰ ਥਾਣੇ ਵਿਖੇ ਪ੍ਰੈੱਸ ਕਾਨਫਰੰਸ ਦੌਰਾਨ ਦੱਸਿਆ ਕਿ ਸੰਨੀ ਨੂੰ ਮਾਰਨ ਵਾਲੇ ਦੋਸ਼ੀਆਂ ਖ਼ਿਲਾਫ ਮੁਕੱਦਮਾ ਥਾਣਾ ਸਨੌਰ ਵਿਖੇ ਦਰਜ ਕੀਤਾ ਗਿਆ ਸੀ, ਜਿਸ ’ਚ ਲਲਿਤ ਕੁਮਾਰ ਉਰਫ ਲਾਲੀ ਪੁੱਤਰ ਪ੍ਰਦੀਪ ਕੁਮਾਰ ਵਾਸੀ ਮਹਿੰਦਰਾ ਕਾਲਜ ਦੇ ਨੇੜੇ ਕੁਆਰਟਰ ਪਟਿਆਲਾ, ਜਸ਼ਨਪ੍ਰੀਤ ਸਿੰਘ ਉਰਫ ਜੱਸ ਪੁੱਤਰ ਮੰਗਲ ਸਿੰਘ ਵਾਸੀ ਪਠਾਣਾ ਵਾਲਾ ਮੁਹੱਲਾ ਸਨੌਰ, ਬੱਲੂ ਪੁੱਤਰ ਸੋਨੂੰ ਊਰਫ ਕੂਬਾ ਵਾਸੀ ਪਠਾਣਾ ਵਾਲਾ ਮੁਹੱਲਾ ਸਨੌਰ, ਚੰਚਲ ਪੁੱਤਰ ਡੀ. ਸੀ. ਵਾਸੀ ਸੰਜੋ ਕਾਲੋਨੀ ਪਟਿਆਲਾ, ਪਵਨ ਕੁਮਾਰ ਪੁੱਤਰ ਬਲਬੀਰ ਸਿੰਘ ਵਾਸੀ ਸਨੌਰ ਅਤੇ ਹੋਰ ਅਣਪਛਾਤੇ ਸ਼ਾਮਲ ਕੀਤੇ ਗਏ ਸਨ।
ਇਹ ਵੀ ਪੜ੍ਹੋ : ਸਿੱਧੂ ਮੂਸੇਵਾਲਾ ਕਤਲ ਕਾਂਡ ’ਚ ਸ਼ਾਮਲ ਫਰਾਰ ਗੈਂਗਸਟਰ ਦੀਪਕ ਟੀਨੂੰ ਨੇ ਛੱਡਿਆ ਭਾਰਤ !
ਡੀ. ਐੱਸ. ਪੀ. ਧਾਲੀਵਾਲ ਤੇ ਐੱਸ. ਐੱਚ. ਓ. ਸਨੌਰ ਅਮਰੀਕ ਸਿੰਘ ਨੇ ਦੱਸਿਆ ਕਿ ਇਸ ਕਤਲ ਕੇਸ ਵਿਚ ਤਫਤੀਸ਼ ਦੌਰਾਨ 2 ਹੋਰ ਮੁਲਜ਼ਮ ਜਬਰਜੰਗ ਉਰਫ ਜਬਰ ਪੁੱਤਰ ਭਗਵਾਨ ਸਿੰਘ ਵਾਸੀ ਸੀਸ ਮਹਿਲ ਕਾਲੋਨੀ ਪਟਿਆਲਾ ਅਤੇ ਸੁਖਵਿੰਦਰ ਉਰਫ ਲਖਣ ਪੁੱਤਰ ਚੰਦਰਾ ਉਰਫ ਚੰਦਰ ਵਾਸੀ ਪਾਠਕ ਵਿਹਾਰ ਕਾਲੋਨੀ ਦੋਸ਼ੀ ਨਾਮਜ਼ਦ ਕੀਤੇ ਗਏ। ਡੀ. ਐੱਸ. ਪੀ. ਧਾਲੀਵਾਲ ਨੇ ਕਿਹਾ ਕਿ ਇੰਸ. ਅਮਰੀਕ ਸਿੰਘ ਮੁੱਖ ਅਫਸਰ ਥਾਣਾ ਸਮੇਤ ਸਥ. ਨਿਸ਼ਾਨ ਸਿੰਘ, ਸੀਨੀ. ਸਿਪਾਹੀ ਹਰਵਿੰਦਰ ਸਿੰਘ ਨੇ ਸਮੇਤ ਪੁਲਸ ਪਾਰਟੀ ਦੇ ਲਲਿਤ ਕੁਮਾਰ ਉਰਫ ਲਾਲੀ ਅਤੇ ਪਵਨ ਕੁਮਾਰ ਨੂੰ ਜੋੜੀਆਂ ਸੜਕਾਂ ਦੇਵੀਗੜ੍ਹ ਰੋਡ ਤੋਂ ਗ੍ਰਿਫਤਾਰ ਕੀਤਾ ਹੈ। ਧਾਲੀਵਾਲ ਨੇ ਅਗੇ ਦੱਸਿਆ ਕਿ ਬਾਕੀ ਦੋਸ਼ੀਆਂ ਦੀ ਭਾਲ ਲਈ ਤਿੰਨ ਟੀਮਾਂ ਸਦਰ, ਸਨੌਰ ਅਤੇ ਸੀ. ਏ. ਆਈ. ਬਣਾ ਦਿੱਤੀਆਂ ਗਈਆਂ ਹਨ, ਛਾਪੇਮਾਰੀ ਜਾਰੀ ਹੈ। ਜਲਦ ਹੀ ਦੋਸ਼ੀ ਸਲਾਖਾਂ ਪਿੱਛੇ ਹੋਣਗੇ। ਉਨ੍ਹਾਂ ਆਖਿਆ ਕਿ ਮਾਣਯੋਗ ਐੱਸ. ਐੱਸ. ਪੀ. ਦੀਪਕ ਪਾਰਿਕ ਦੇ ਸਖਤ ਹੁਕਮ ਹਨ ਕਿ ਦੋਸ਼ੀਆਂ ਨੂੰ ਕਿਸੇ ਵੀ ਹਾਲਤ ’ਚ ਬਖਸ਼ਿਆ ਨਾ ਜਾਵੇ ਅਤੇ ਜਲਦ ਹੀ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇ।