ਜਿਸਮਫਰੋਸ਼ੀ ਦਾ ਧੰਦਾ ਕਰਨ ਵਾਲਿਆਂ ਖ਼ਿਲਾਫ਼ ਆਵਾਜ਼ ਚੁੱਕਣੀ ਪਈ ਮਹਿੰਗੀ, ਹੋਇਆ ਬੁਰਾ ਹਾਲ
Monday, Oct 12, 2020 - 09:35 AM (IST)
ਸਾਹਨੇਵਾਲ/ਕੁਹਾੜਾ (ਜ.ਬ.) : ਜਿਸਮਫਰੋਸ਼ੀ ਦਾ ਧੰਦਾ ਕਰਨ ਵਾਲਿਆਂ ਖ਼ਿਲਾਫ਼ ਆਵਾਜ਼ ਚੁੱਕਣਾ ਇਕ ਨੌਜਵਾਨ ਨੂੰ ਮਹਿੰਗਾ ਪੈ ਗਿਆ ਅਤੇ ਦੋਸ਼ੀਆਂ ਨੇ ਕੁੱਟ-ਕੁੱਟ ਕੇ ਉਸ ਦਾ ਬੁਰਾ ਹਾਲ ਕਰ ਦਿੱਤਾ। ਕੁੱਟਮਾਰ ਕਰਨ ਦੇ ਦੋਸ਼ਾਂ ਤਹਿਤ ਥਾਣਾ ਸਾਹਨੇਵਾਲ ਦੀ ਪੁਲਸ ਨੇ 4 ਲੋਕਾਂ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਹੈ।
ਪੁਲਸ ਨੂੰ ਦਿੱਤੀ ਸ਼ਿਕਾਇਤ ’ਚ ਸੁਨੀਲ ਕੁਮਾਰ ਪੁੱਤਰ ਵੈਦ ਪ੍ਰਕਾਸ਼ ਵਾਸੀ ਨਿਊ ਕਾਲੋਨੀ, ਢੰਡਾਰੀ ਰੋਡ, ਲੁਧਿਆਣਾ ਨੇ ਦੱਸਿਆ ਕਿ 18 ਜੂਨ 2019 ਨੂੰ ਜਿਸਮਫਰੋਸ਼ੀ ਦਾ ਧੰਦਾ ਕਰਨ ਵਾਲੇ ਲੋਕਾਂ ਨੇ ਉਸ ’ਤੇ ਹਮਲਾ ਕੀਤਾ ਸੀ, ਜਿਨ੍ਹਾਂ ਨੂੰ ਸਤੀਸ਼ ਕੁਮਾਰ ਪੁੱਤਰ ਰਾਮੇਸ਼ਵਰ ਨੇ ਆਪਣੇ ਘਰ ’ਚ ਲੁਕੋ ਕੇ ਬਿਠਾਇਆ ਹੋਇਆ ਸੀ, ਜਿਨ੍ਹਾਂ ਬਾਰੇ ਸੁਨੀਲ ਕੁਮਾਰ ਨੇ ਚੌਂਕੀ ਕੰਗਣਵਾਲ ਦੀ ਪੁਲਸ ਨੂੰ ਸ਼ਿਕਾਇਤਾਂ ਕੀਤੀਆਂ ਸਨ।
ਇਨ੍ਹਾਂ ਸ਼ਿਕਾਇਤਾਂ ਨੂੰ ਵਾਪਸ ਲੈਣ ਦਾ ਦਬਾਅ ਬਣਾਉਣ ਵਾਸਤੇ ਸਤੀਸ਼ ਨੇ ਆਪਣੀ ਪਤਨੀ ਲਤਾ ਦੇਵੀ, ਬੇਟੇ ਅਰੁਣ ਕੁਮਾਰ ਅਤੇ ਜੈ ਪ੍ਰਕਾਸ਼ ਦੇ ਨਾਲ ਮਿਲ ਕੇ ਬੀਤੀ 4 ਅਕਤੂਬਰ ਨੂੰ ਸੁਨੀਲ ਨੂੰ ਘੇਰ ਕੇ ਉਸ ਦੀ ਕੁੱਟਮਾਰ ਕੀਤੀ, ਜੋ ਬਾਅਦ ’ਚ ਧਮਕੀਆਂ ਦਿੰਦੇ ਹੋਏ ਮੌਕੇ ਤੋਂ ਫਰਾਰ ਹੋ ਗਏ। ਕੰਗਣਵਾਲ ਚੌਂਕੀ ਪੁਲਸ ਨੇ ਉਕਤ ਚਾਰਾਂ ਖ਼ਿਲਾਫ਼ ਮੁਕੱਦਮਾ ਦਰਜ ਕਰ ਕੇ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਸ ਮਾਮਲੇ ’ਚ ਅਜੇ ਤੱਕ ਕਿਸੇ ਦੀ ਗ੍ਰਿਫ਼ਤਾਰੀ ਨਹੀਂ ਹੋਈ ਹੈ।