ਰੀਪਰ ਦੀ ਚਪੇਟ ''ਚ ਆਉਣ ਕਾਰਨ ਨੌਜਵਾਨ ਦੀ ਮੌਤ

Tuesday, Oct 28, 2025 - 10:25 PM (IST)

ਰੀਪਰ ਦੀ ਚਪੇਟ ''ਚ ਆਉਣ ਕਾਰਨ ਨੌਜਵਾਨ ਦੀ ਮੌਤ

ਭਵਾਨੀਗੜ੍ਹ (ਵਿਕਾਸ ਮਿੱਤਲ) - ਇੱਥੇ ਪਟਿਆਲਾ ਰੋਡ 'ਤੇ ਸਥਿਤ ਇਕ ਮੰਦਿਰ ਕੋਲ ਖੇਤਾਂ 'ਚ ਮੰਗਲਵਾਰ ਦੁਪਹਿਰ ਇਕ ਨੌਜਵਾਨ ਦੀ ਭੇਦਭਰੇ ਹਾਲਾਤਾਂ ਵਿਚ ਤੂੜੀ ਵਾਲੇ ਰੀਪਰ ਦੀ ਚਪੇਟ ਵਿਚ ਆ ਕੇ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। 

ਇਸ ਸਬੰਧੀ ਥਾਣਾ ਭਵਾਨੀਗੜ੍ਹ ਦੇ ਐੱਸ.ਐੱਚ.ਓ. ਇੰਸਪੈਕਟਰ ਮਾਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਸੂਚਨਾ ਮਿਲੀ ਕਿ ਪਟਿਆਲਾ ਰੋਡ 'ਤੇ ਰਾਧਾ ਕ੍ਰਿਸ਼ਨ ਮੰਦਿਰ ਨੇੜਲੇ ਖੇਤਾਂ ਵਿਚ ਚੱਲ ਰਹੇ ਰੀਪਰ ਦੀ ਚਪੇਟ 'ਚ ਆ ਕੇ ਇਕ ਨੌਜਵਾਨ ਦੀ ਮੌਤ ਹੋ ਗਈ ਹੈ। ਪੁਲਸ ਨੂੰ ਮੌਕੇ 'ਤੇ ਪਹੁੰਚ ਕੇ ਜਾਣਕਾਰੀ ਮਿਲੀ ਕਿ ਮ੍ਰਿਤਕ ਦੀਪੂ ਖਾਨ ਵਾਸੀ ਬਘਰੋਲ ਜੋ ਆਪਣੇ ਚਾਚੇ ਕੋਲ ਦੁਕਾਨ ’ਤੇ ਕੰਮ ਕਰਦਾ ਸੀ ਅਤੇ ਉਹ ਅਚਾਨਕ ਖੇਤਾਂ ਵਿਚ ਜਾ ਕੇ ਲੇਟ ਗਿਆ। ਇਸ ਦੌਰਾਨ ਤੂੜੀ ਬਣਾਉਣ ਵਾਲੇ ਰੀਪਰ ਦੀ ਚਪੇਟ ਵਿਚ ਆਉਣ ਕਾਰਨ ਉਸਦੀ ਮੌਤ ਹੋ ਗਈ। 

ਐੱਸ.ਐੱਚ.ਓ. ਮਾਲਵਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਮ੍ਰਿਤਕ ਦੇ ਪਰਿਵਾਰ ਨੂੰ ਸੂਚਿਤ ਕੀਤਾ ਗਿਆ ਹੈ। ਪਰਿਵਾਰ ਦੇ ਬਿਆਨ ਮੁਤਾਬਕ ਅਗਲੀ ਕਾਰਵਾਈ ਕੀਤੀ ਜਾਵੇਗੀ। ਫਿਲਹਾਲ ਪੁਲਸ ਨੇ ਲਾਸ਼ ਨੂੰ ਕਬਜੇ 'ਚ ਲੈ ਕੇ ਪੋਸਟਮਾਰਟਮ ਲਈ ਸੰਗਰੂਰ ਭੇਜ ਦਿੱਤਾ ਹੈ। ਓਧਰ ਦੂਜੇ ਪਾਸੇ ਨੇੜਲੇ ਲੋਕਾਂ ਨੇ ਮਾਮਲੇ ਸਬੰਧੀ ਖਦਸ਼ਾ ਜਾਹਿਰ ਕਰਦਿਆਂ ਆਖਿਆ ਕਿ ਹੋ ਸਕਦਾ ਹੈ ਕਿ ਪਹਿਲਾਂ ਹੀ ਕਿਸੇ ਵੱਲੋਂ ਉਕਤ ਨੌਜਵਾਨ ਨੂੰ ਮਾਰ ਕੇ ਖੇਤਾਂ ਵਿਚ ਸੁੱਟ ਦਿੱਤਾ ਗਿਆ ਹੋਵੇ, ਜਿਸ ਸਬੰਧੀ ਪੁਲਸ ਨੂੰ ਗੰਭੀਰਤਾ ਨਾਲ ਜਾਂਚ ਕਰਨੀ ਚਾਹੀਦੀ ਹੈ।
 


author

Inder Prajapati

Content Editor

Related News