ਹਸਪਤਾਲ ’ਚ ਦਾਖ਼ਲ ਚਾਚੇ ਲਈ ਰੋਟੀ ਲਿਜਾ ਰਹੇ ਭਤੀਜੇ ਨੂੰ ਟਰੱਕ ਚਾਲਕ ਨੇ ਦਰੜਿਆ

06/14/2024 10:46:47 AM

ਸੰਗਤ ਮੰਡੀ (ਮਨਜੀਤ) : ਬਠਿੰਡਾ-ਡੱਬਵਾਲੀ ਰਾਸ਼ਟਰੀ ਮਾਰਗ ’ਤੇ ਪੈਂਦੇ ਪਿੰਡ ਮਛਾਣਾ ਨਜ਼ਦੀਕ ਬਠਿੰਡਾ ਸਥਿਤ ਏਮਜ਼ ਹਸਪਤਾਲ ’ਚ ਦਾਖ਼ਲ ਚਾਚੇ ਲਈ ਮੋਟਰਸਾਈਕਲ ’ਤੇ ਰੋਟੀ ਲੈ ਕੇ ਜਾ ਰਹੇ ਭਤੀਜੇ ਨੂੰ ਟਰੱਕ ਚਾਲਕ ਨੇ ਬੁਰੀ ਤਰ੍ਹਾਂ ਦਰੜ ਦਿੱਤਾ। ਇਕੱਤਰ ਜਾਣਕਾਰੀ ਅਨੁਸਾਰ ਗੁਰਦਾਸ ਸਿੰਘ ਪੁੱਤਰ ਹਰਦਿਆਲ ਸਿੰਘ ਵਾਸੀ ਜੱਸੀ ਬਾਗਵਾਲੀ ਦਾ ਚਾਚਾ ਗੁਰਚਰਨ ਸਿੰਘ ਬਠਿੰਡਾ ਸਥਿਤ ਏਮਜ਼ ਹਸਪਤਾਲ ’ਚ ਦਾਖ਼ਲ ਸੀ।

ਗੁਰਦਾਸ ਸਿੰਘ ਬੀਤੀ ਰਾਤ 8 ਵਜੇ ਦੇ ਕਰੀਬ ਮੋਟਰਸਾਈਕਲ ’ਤੇ ਚਾਚੇ ਲਈ ਰੋਟੀ ਲੈ ਕੇ ਜਾ ਰਿਹਾ ਸੀ। ਜਦੋਂ ਉਹ ਪਿੰਡ ਮਛਾਣਾ ਨਜ਼ਦੀਕ ਪਹੁੰਚਿਆਂ ਤਾਂ ਉਸ ਦੇ ਮੋਟਰਸਾਈਕਲ ਨੂੰ ਕਿਸੇ ਵਾਹਨ ਵੱਲੋਂ ਟੱਕਰ ਮਾਰ ਦਿੱਤੀ ਗਈ, ਜਿਸ ਕਾਰਨ ਉਸ ਦਾ ਮੋਟਰਸਾਈਕਲ ਦੂਜੇ ਪਾਸੇ ਜਾਂਦੇ ਟਰਾਲੇ ਦੇ ਹੇਠਾਂ ਆ ਗਿਆ। ਗੁਰਦਾਸ ਸਿੰਘ ’ਤੇ ਟਰਾਲੇ ਦਾ ਟਾਇਰ ਉੱਪਰ ਦੀ ਲੰਘ ਗਿਆ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਦਰਦਨਾਕ ਮੌਤ ਹੋ ਗਈ। ਹਾਦਸੇ ਕਾਰਨ ਸੜਕ ’ਤੇ ਵਾਹਨਾਂ ਦਾ ਜਾਮ ਲੱਗ ਗਿਆ।

ਘਟਨਾ ਦਾ ਪਤਾ ਲੱਗਦਿਆਂ ਹੀ ਥਾਣਾ ਸੰਗਤ ਦੀ ਪੁਲਸ ਤੇ ਸੜਕ ਸੁਰੱਖਿਆ ਫੋਰਸ ਦੇ ਜਵਾਨ ਮੌਕੇ ’ਤੇ ਪਹੁੰਚੇ, ਜਿਨ੍ਹਾਂ ਨੇ ਲਾਸ਼ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਪਹੁੰਚਾ ਕੇ ਆਵਾਜਾਈ ਨੂੰ ਬਹਾਲ ਕਰਵਾਇਆ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਟਰਾਲਾ ਚਾਲਕ ਖ਼ਿਲਾਫ਼ ਕਾਰਵਾਈ ਅਮਲ ’ਚ ਲਿਆਂਦੀ ਜਾ ਰਹੀ ਹੈ।


Babita

Content Editor

Related News