ਹੈਰੋਇਨ ਤੋਂ 125 ਗੁਣਾ ਤੇਜ਼ ਨਸ਼ਾ ਲੈ ਰਹੇ ਨੇ ਨਸ਼ੇੜੀ, ਇਕ ਮਹੀਨੇ ''ਚ ਪੰਜਾਬ ''ਚ 19 ਨੌਜਵਾਨਾਂ ਦੀ ਮੌਤ

Sunday, Jul 01, 2018 - 04:01 PM (IST)

ਹੈਰੋਇਨ ਤੋਂ 125 ਗੁਣਾ ਤੇਜ਼ ਨਸ਼ਾ ਲੈ ਰਹੇ ਨੇ ਨਸ਼ੇੜੀ, ਇਕ ਮਹੀਨੇ ''ਚ ਪੰਜਾਬ ''ਚ 19 ਨੌਜਵਾਨਾਂ ਦੀ ਮੌਤ

ਜਲੰਧਰ (ਬਹਿਲ, ਸੋਮਨਾਥ)—'ਉਠ ਵੇ ਸੋਨੂੰ ਅੱਧੀ ਰਾਤ ਹੋ ਗਈ, ਰੋਟੀ ਖਾਧੇ ਬਿਨਾਂ ਤੂੰ ਕਿਵੇਂ ਸੌਂ ਗਿਆ।' ਇਹ ਵਿਰਲਾਪ ਜ਼ਿਲਾ ਤਰਨਤਾਰਨ ਦੇ ਪਿੰਡ ਮੰਨਣ ਵਿਖੇ ਸੋਨੂੰ ਦੀ ਮਾਂ ਦਾ ਸੀ, ਜਿਸ ਦਾ 24 ਸਾਲ ਦਾ ਨੌਜਵਾਨ ਬੇਟਾ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਦੀ ਗੋਦ 'ਚ ਚਲਾ ਗਿਆ। ਇਹ ਇਕੱਲਾ ਮਾਮਲਾ ਨਹੀਂ ਹੈ। ਜੂਨ ਮਹੀਨੇ 'ਚ ਹੀ ਸੂਬੇ ਵਿਚ 19 ਨੌਜਵਾਨਾਂ ਦੀ ਮੌਤ ਨਸ਼ੇ ਦੀ ਓਵਰਡੋਜ਼ ਕਾਰਨ ਹੋ ਚੁੱਕੀ ਹੈ। ਸਭ ਤੋਂ ਵੱਧ ਮੌਤਾਂ ਜ਼ਿਲਾ ਤਰਨਤਾਰਨ ਵਿਖੇ ਹੋਈਆਂ। ਇਥੇ ਇਕ ਮਹੀਨੇ 'ਚ 7 ਘਰਾਂ ਦੇ ਚਿਰਾਗ ਬੁੱਝ ਚੁੱਕੇ ਹਨ।
ਨਸ਼ੇ ਕਾਰਨ ਲਗਾਤਾਰ ਹੋ ਰਹੀਆਂ ਮੌਤਾਂ ਕਾਰਨ ਪੁਲਸ ਵਿਭਾਗ ਨੂੰ ਵੀ ਹੱਥਾਂ ਪੈਰਾਂ ਦੀ ਪਈ ਹੋਈ ਹੈ। ਮੌਤਾਂ ਦਾ ਕਾਰਨ ਜਾਣਨ ਲਈ ਸਿਹਤ ਵਿਭਾਗ ਅਤੇ ਪੁਲਸ ਵੱਲੋਂ ਆਪਣਾ-ਆਪਣਾ ਕੰਮ ਕੀਤਾ ਜਾ ਰਿਹਾ ਹੈ। 'ਜਗ ਬਾਣੀ' ਟੀਮ ਵੱਲੋਂ ਵੀ ਕੀਤੀ ਗਈ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਬਾਜ਼ਾਰ ਵਿਚ ਮਿਲਾਵਟੀ ਹੈਰੋਇਨ ਵਿਕ ਰਹੀ ਹੈ। ਇਸ 'ਚ ਕੀ ਕੁਝ ਮਿਲਾਇਆ ਜਾਂਦਾ ਹੈ, ਇਹ ਤਾਂ ਏਜੰਸੀਆਂ ਦੀ ਜਾਂਚ ਦੌਰਾਨ ਹੀ ਸਾਹਮਣੇ ਆਵੇਗਾ ਪਰ ਫਿਲਹਾਲ ਇਹ ਪਤਾ ਲੱਗਾ ਹੈ ਕਿ ਨੌਜਵਾਨ ਜਿਹੜਾ ਮਿਲਿਆ ਜੁਲਿਆ ਨਸ਼ਾ ਕਰ ਰਹੇ ਹਨ, ਉਹ ਹੈਰੋਇਨ ਤੋਂ ਵੀ 125 ਗੁਣਾ ਤੇਜ਼ ਨਸ਼ਾ ਹੈ। ਨੌਜਵਾਨ ਨਸ਼ੇ ਨਾਲ ਭਰੀ ਸੂਈ ਨਾੜ ਵਿਚ ਲਗਾਉਂਦੇ ਹਨ ਪਰ ਨਸ਼ੇ ਦੇ ਅੰਦਰ ਜਾਂਦਿਆਂ ਹੀ ਨੌਜਵਾਨ ਵਿਚ ਉਹ ਹਿੰਮਤ ਨਹੀਂ ਹੁੰਦੀ ਕਿ ਉਹ ਇੰਜੈਕਸ਼ਨ ਵਾਲੀ ਸੂਈ ਨੂੰ ਨਾੜ 'ਚੋਂ ਬਾਹਰ ਕੱਢ ਸਕੇ। ਸਰੀਰ ਸੀਮੈਂਟ ਵਾਂਗ ਕਾਲਾ ਹੋਣ ਲੱਗਦਾ ਹੈ। ਇਹ ਨਸ਼ਾ 'ਕੱਟ' ਦੇ ਨਾਂ 'ਤੇ ਮਸ਼ਹੂਰ ਹੋ ਰਿਹਾ ਹੈ।
ਕੱਟ ਕਿਸੇ ਡਰੱਗਜ਼ ਦਾ ਨਾਂ ਨਹੀਂ
ਸੂਤਰਾਂ ਮੁਤਾਬਕ ਏਜੰਸੀਆਂ ਦੀ ਜਾਂਚ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਹੈਰੋਇਨ ਦੀ ਕੌਮਾਂਤਰੀ ਮਾਰਕੀਟ ਵਿਚ ਕੀਮਤ ਬਹੁਤ ਵਧੇਰੇ ਹੋਣ ਕਾਰਨ ਅਸਲੀ ਹੈਰੋਇਨ ਕਦੀ ਵੀ ਨਹੀਂ ਮਿਲਦੀ। ਹਰ ਥਾਂ ਮਿਲਾਵਟੀ ਸਪਲਾਈ ਹੋ ਰਹੀ ਹੈ ਕਿਉਂਕਿ ਇਹ ਬਹੁਤ ਮਹਿੰਗੀ ਹੈ। ਡਰੱਗ ਮਾਫੀਆ ਪੈਸਿਆਂ ਦੇ ਲਾਲਚ ਵਿਚ ਇਸ ਵਿਚ ਸਿੰਥੈਟਿਕ ਦਵਾਈਆਂ ਮਿਲਾ ਕੇ ਵੇਚ ਰਿਹਾ ਹੈ। ਇਸ ਦੀ ਇਕ ਪੁੜੀ 300-300 ਰੁਪਏ ਵਿਚ ਵਿਕ ਰਹੀ ਹੈ। ਅਮਰੀਕਾ ਦੀ ਇਕ ਯੂਨੀਵਰਸਿਟੀ ਨੇ ਕੁਝ ਸਾਲ ਪਹਿਲਾਂ ਇਹ ਖੁਲਾਸਾ ਕੀਤਾ ਸੀ ਕਿ 99 ਫੀਸਦੀ ਹੈਰੋਇਨ ਵਿਚ ਮਿਲਾਵਟ ਕੀਤੀ ਜਾਂਦੀ ਹੈ। 
ਕੀ ਮਿਲਾਇਆ ਜਾ ਰਿਹਾ ਹੈ ਹੈਰੋਇਨ 'ਚ 
ਅਧਿਐਨ ਮੁਤਾਬਕ ਹੈਰੋਇਨ ਵਿਚ ਬੇਕਿੰਗ ਸੋਡਾ, ਸੁਕ੍ਰੋਜ, ਸਟਾਰਚ, ਟੈਲਕਮ ਪਾਊਡਰ, ਕੱਪੜੇ ਧੋਣ ਵਾਲਾ ਸਾਬਣ ਅਤੇ ਕੈਫੀਨ ਤੱਕ ਮਿਲਾਈ ਜਾਂਦੀ ਹੈ। ਹੈਰੋਇਨ 'ਚ ਦੂਜਿਆਂ ਡਰੱਗਜ਼ ਦੇ ਮਿਲਣ ਕਾਰਨ ਹੀ ਇਸ ਦਾ ਨਸ਼ਾ ਸਰੀਰ ਨੂੰ ਸੀਮੈਂਟ ਵਾਂਗ ਕਾਲਾ ਕਰ ਦਿੰਦਾ ਹੈ। ਇਥੋਂ ਤੱਕ ਕਿਹਾ ਜਾਂਦਾ ਹੈ ਕਿ ਚੂਹੇ ਮਾਰਨ ਵਾਲੀ ਦਵਾਈ ਵੀ ਇਸ ਵਿਚ ਮਿਲਾਈ ਜਾ ਰਹੀ ਹੈ। ਇਨ੍ਹਾਂ ਸਭ ਨੂੰ ਮਿਲਾਉਣ ਨਾਲ ਨਸ਼ੇ ਦੀ ਤਾਸੀਰ ਬਦਲ ਜਾਂਦੀ ਹੈ। 
ਸਵਾਲਾਂ ਦੇ ਘੇਰੇ ਵਿਚ ਸਰਕਾਰ ਦੀ ਨਸ਼ਾ ਵਿਰੋਧੀ ਮੁਹਿੰਮ
ਸੂਤਰਾਂ ਦਾ ਕਹਿਣਾ ਹੈ ਕਿ ਡਰੱਗ ਮਾਫੀਆ ਦਾ ਖਾਤਮਾ ਕਰਨ ਲਈ ਬਣਾਈ ਗਈ ਐੱਸ. ਟੀ. ਐੱਫ. ਨੂੰ ਸਵਾ ਸਾਲ ਤੋਂ ਪੂਰਾ ਸਟਾਫ ਨਹੀਂ ਮਿਲਿਆ। ਜ਼ਿਲਾ ਪੁਲਸ ਅਤੇ ਐੱਸ. ਟੀ. ਐੱਫ. 'ਚ ਤਾਲਮੇਲ ਦੀ ਕਮੀ ਸਾਹਮਣੇ ਆਈ ਹੈ। ਅਜਿਹਾ ਕਿਹਾ ਜਾ ਰਿਹਾ ਹੈ ਕਿ ਐੱਸ. ਟੀ. ਐੱਫ. ਪਹਿਲਾਂ ਸਿੱਧਾ ਸੀ. ਐੱਮ. ਨੂੰ ਰਿਪੋਰਟ ਕਰਦੀ ਸੀ ਪਰ ਹੁਣ ਡੀ. ਜੀ. ਪੀ. ਨੂੰ ਰਿਪੋਰਟ ਕਰਦੀ ਹੈ। ਇਸ ਕਾਰਨ ਵੀ ਕੰਮ ਪ੍ਰਭਾਵਿਤ ਹੋਇਆ ਹੈ। ਪਿਛਲੇ ਦਿਨੀਂ ਮੋਗਾ ਦੇ ਐੱਸ. ਐੱਸ. ਪੀ. ਰਾਜਜੀਤ ਸਿੰਘ ਦੇ ਮਾਮਲੇ ਵਿਚ ਉਠੇ ਵਿਵਾਦ ਕਾਰਨ ਇਸ ਮੁਹਿੰਮ ਨੂੰ ਢਾਹ ਵੱਜੀ ਹੈ। 
'ਫੈਂਟਾਨਾਈਲ' ਵੀ ਲੈ ਰਹੇ ਹਨ ਨੌਜਵਾਨ
ਫੈਂਟਾਨਾਈਲ ਇਕ ਪਾਬੰਦੀਸ਼ੁਦਾ ਦਵਾਈ ਹੈ। ਇਸ ਸਾਲਟ ਦੇ ਇੰਜੈਕਸ਼ਨ ਸਿਰਫ ਹਸਪਤਾਲਾਂ ਨੂੰ ਹੀ ਕੰਪਨੀ ਵੱਲੋਂ ਸਿੱਧੇ ਸਪਲਾਈ ਹੁੰਦੇ ਹਨ। ਕੋਈ ਵੀ ਕੈਮਿਸਟ ਇਸ ਦਵਾਈ ਨੂੰ ਨਹੀਂ ਰੱਖ ਸਕਦਾ। ਇਸ ਲਈ ਹਸਪਤਾਲਾਂ ਨੂੰ ਵੀ ਵੱਖਰੇ ਤੌਰ 'ਤੇ ਲਾਇਸੈਂਸ ਲੈਣ ਦੀ ਲੋੜ ਹੁੰਦੀ ਹੈ। ਇਹ ਇੰਜੈਕਸ਼ਨ ਕਿੱਥੇ ਵਰਤਿਆ ਗਿਆ, ਇਸ ਬਾਰੇ ਵੱਖਰਾ ਰਿਕਾਰਡ ਕਾਇਮ ਰੱਖਣਾ ਪੈਂਦਾ ਹੈ। ਇਸ ਇੰਜੈਕਸ਼ਨ ਦੀ ਵਰਤੋਂ ਵੱਡੇ ਆਪ੍ਰੇਸ਼ਨ ਦੌਰਾਨ ਕੀਤੀ ਜਾਂਦੀ ਹੈ। ਇਸ ਵਿਚ ਮਰੀਜ਼ ਨੂੰ ਲੰਮੇ ਸਮੇਂ ਤੱਕ ਬੇਹੋਸ਼ ਕਰ ਕੇ ਰੱਖਣਾ ਪੈਂਦਾ ਹੈ। ਓਪਨ ਹਾਰਟ ਸਰਜਰੀ ਜਾਂ ਅੰਗ ਤਬਦੀਲ ਕਰਨ ਵੇਲੇ ਇਸਦੀ ਲੋੜ ਪੈਂਦੀ ਹੈ ਇਸ ਲਈ ਇਸ ਇੰਜੈਕਸ਼ਨ ਨੂੰ ਹਰ ਕੋਈ ਨਹੀਂ ਖਰੀਦਦਾ। ਪੁਲਸ ਇਸ ਗੱਲ ਦੀ ਜਾਂਚ ਵਿਚ ਜੁਟੀ ਹੈ ਕਿ ਇਹ ਇੰਜੈਕਸ਼ਨ ਜਿਸ ਦੀ ਕੀਮਤ ਲਗਭਗ 40 ਰੁਪਏ ਹੈ, ਨਸ਼ਾ ਕਰਨ ਵਾਲੇ ਨੌਜਵਾਨਾਂ ਤੱਕ ਕਿਵੇਂ ਪਹੁੰਚਦਾ ਹੈ। 
ਪੰਜਾਬ ਵਿਚ ਡਰੱਗ ਕਾਰਨ ਜੋ ਮੌਤਾਂ ਹੋ ਰਹੀਆਂ ਹਨ, ਅਜੇ ਇਹ ਕਹਿਣਾ ਔਖਾ ਹੈ ਕਿ ਇਹ ਮੌਤਾਂ ਕਿਸ ਡਰੱਗ ਕਾਰਨ ਹੋ ਰਹੀਆਂ ਹਨ ਪਰ ਇਹ ਗੱਲ ਠੀਕ ਹੈ ਕਿ ਮਿਲਾਵਟੀ ਡਰੱਗ ਸਮੱਗਲਰ ਇਸ ਨੂੰ ਵੇਚ ਰਹੇ ਹਨ। ਪਿਛਲੇ ਕੁਝ ਸਮੇਂ ਵਿਚ ਸਖਤੀ ਵਧਣ ਕਾਰਨ ਹੁਣ ਸਮੱਗਲਰ ਹੈਰੋਇਨ ਵਿਚ ਮਿਲਾਵਟ ਕਰਕੇ ਵੇਚ ਰਹੇ ਹਨ। ਅੰਮ੍ਰਿਤਸਰ 'ਚ ਐੱਸ. ਟੀ. ਐੱਫ. ਨੇ ਸਮੱਗਲਰਾਂ ਕੋਲੋਂ ਬੀਤੇ ਦਿਨੀਂ ਅੱਧਾ ਕਿਲੋ ਹੈਰੋਇਨ ਫੜੀ ਸੀ। ਉਸ ਨੂੰ ਜਾਂਚ ਲਈ ਲੈਬਾਰਟਰੀ 'ਚ ਭੇਜਿਆ ਗਿਆ ਹੈ। ਰਿਪੋਰਟ ਆਉਣ 'ਤੇ ਪਤਾ ਲੱਗੇਗਾ ਕਿ ਉਸ 'ਚ ਕੀ ਮਿਲਿਆ ਹੋਇਆ ਹੈ। ਜਿੱਥੋਂ ਤੱਕ ਫੈਂਟਾਨਾਈਲ ਇੰਜੈਕਸ਼ਨ ਲਗਾਉਣ ਦੀ ਗੱਲ ਸਾਹਮਣੇ ਆਈ ਹੈ ਪਰ ਅਜੇ ਉਸ ਬਾਰੇ ਵੀ ਜਾਂਚ ਚੱਲ ਰਹੀ ਹੈ। ਇਹ ਕਹਿਣਾ ਅਜੇ ਔਖਾ ਹੈ ਕਿ ਫੈਂਟਾਨਾਈਲ ਕਾਰਨ ਮੌਤਾਂ ਹੋ ਰਹੀਆਂ ਹਨ ਜਾਂ ਨਹੀਂ। ਅੰਮ੍ਰਿਤਸਰ ਵਿਚ ਜਿਹੜੇ ਸਮੱਗਲਰ ਫੜੇ ਗਏ ਸਨ, ਉਨ੍ਹਾਂ ਕੋਲੋਂ ਪੁੱਛਗਿੱਛ ਜਾਰੀ ਹੈ। ਜਲਦੀ ਹੀ ਉਨ੍ਹਾਂ ਦਾ ਪੂਰਾ ਨੈੱਟਵਰਕ ਸਾਹਮਣੇ ਆਏਗਾ। -ਹਰਪ੍ਰੀਤ ਸਿੰਘ ਸਿੱਧੂ, ਏ. ਡੀ. ਜੀ. ਪੀ., ਐੱਸ. ਟੀ. ਐੱਫ. 
ਨਸ਼ੇ ਦੀ ਓਵਰਡੋਜ਼ ਕਾਰਨ ਮੌਤਾਂ ਦੇ ਅੰਕੜੇ
ਤਰਨਤਾਰਨ— 07
ਗੁਰਦਾਸਪੁਰ— 03
ਕੋਟਕਪੂਰਾ— 01
ਹੁਸ਼ਿਆਰਪੁਰ— 02
ਟਾਂਡਾ— 02
ਫਿਰੋਜ਼ਪੁਰ— 01
ਜਗਰਾਓਂ— 01
ਗੁਰੂ ਹਰਸਹਾਏ— 01
ਮੋਗਾ— 01


Related News