ਨੌਜਵਾਨ ਦੀ ਮੌਤ ਤੋਂ ਭੜਕੇ ਵਾਲਮੀਕ ਭਾਈਚਾਰੇ ਨੇ ਕਰਵਾਇਆ ਸ਼ਹਿਰ ਬੰਦ

Friday, Mar 08, 2019 - 10:29 AM (IST)

ਨੌਜਵਾਨ ਦੀ ਮੌਤ ਤੋਂ ਭੜਕੇ ਵਾਲਮੀਕ ਭਾਈਚਾਰੇ ਨੇ ਕਰਵਾਇਆ ਸ਼ਹਿਰ ਬੰਦ

ਸਮਰਾਲਾ (ਗਰਗ, ਬੰਗੜ) : ਕੁਝ ਦਿਨ ਪਹਿਲਾ ਵਾਲਮੀਕ ਭਾਈਚਾਰੇ ਨਾਲ ਸੰਬੰਧਤ ਪ੍ਰਿੰਸ ਮੱਟੂ ਨਾਮਕ 20 ਸਾਲਾ ਨੌਜਵਾਨ ਦੀ ਭੇਤਭਰੇ ਹਾਲਾਤ 'ਚ ਹੋਈ ਮੌਤ ਮਗਰੋਂ ਇਸ ਮਾਮਲੇ 'ਚ ਕਤਲ ਦਾ ਕੇਸ ਦਰਜ ਕੀਤੇ ਜਾਣ ਦੀ ਮੰਗ ਨੂੰ ਲੈ ਕੇ ਰੋਹ 'ਚ ਆਏ ਵਾਲਮੀਕ ਭਾਈਚਾਰੇ ਵੱਲੋਂ ਸ਼ਹਿਰ ਬੰਦ ਕਰਵਾ ਦਿੱਤਾ ਗਿਆ ਹੈ। ਦੁਕਾਨਦਾਰਾਂ ਨੂੰ ਪੂਰਾ ਦਿਨ ਬਜ਼ਾਰ ਬੰਦ ਰੱਖਣ ਲਈ ਕਿਹਾ ਗਿਆ ਹੈ। ਓਧਰ ਬਜ਼ਾਰ ਬੰਦ ਰੱਖਣ ਦੇ ਸੱਦੇ ਨੂੰ ਲੈ ਕੇ ਵਪਾਰ ਮੰਡਲ ਨੇ ਇਸ ਦਾ ਵਿਰੋਧ ਵੀ ਕੀਤਾ ਅਤੇ ਖ਼ਬਰ ਇਹ ਵੀ ਹੈ ਕਿ ਬੀਤੀ ਰਾਤ ਵਪਾਰ ਮੰਡਲ ਅਤੇ ਵਾਲਮੀਕ ਭਾਈਚਾਰੇ ਵਿਚਾਲੇ ਇਸ ਗੱਲ ਨੂੰ ਲੈ ਕੇ ਕੁਝ ਦੇਰ ਲਈ ਤਣਾਅ ਵਾਲਾ ਮਾਹੌਲ ਵੀ ਬਣ ਗਿਆ ਸੀ।
ਸਵੇਰ ਤੋਂ ਹੀ ਪੂਰਾ ਬਜ਼ਾਰ ਬੰਦ ਪਿਆ ਹੈ ਅਤੇ ਕਿਸੇ ਅਣਸੁਖਾਵੀ ਘਟਨਾ ਵਾਪਰਨ ਦੇ ਡਰੋਂ ਪੁਲਸ ਨੇ ਸਖ਼ਤ ਸੁਰੱਖਿਆ ਪ੍ਰਬੰਧ ਕੀਤੇ ਹੋਏ ਹਨ। ਦੂਜੇ ਪਾਸੇ ਵਾਲਮੀਕ ਭਾਈਚਾਰੇ ਦੇ ਲੋਕਾਂ ਦਾ ਕਹਿਣਾ ਹੈ, ਕਿ ਬੀਤੀ 26 ਫ਼ਰਵਰੀ ਨੂੰ ਮ੍ਰਿਤਕ ਪਿੰ੍ਰਸ ਮੱਟੂ ਨੂੰ ਉਹਦੇ ਤਿੰਨ ਦੋਸਤ ਘਰੋਂ ਬੁਲਾ ਕੇ ਲੈ ਗਏ ਸਨ ਅਤੇ ਕੁਝ ਘੰਟੇ ਮਗਰੋਂ ਪ੍ਰਿੰਸ ਦੀ ਮੌਤ ਹੋਣ ਦੀ ਖ਼ਬਰ ਪਰਿਵਾਰ ਨੂੰ ਮਿਲੀ ਤੇ ਪ੍ਰਿੰਸ ਦੀ ਲਾਸ਼ ਸਥਾਨਕ ਚਾਵਾ ਰੋਡ 'ਤੇ ਭੇਦਭਰੀ ਹਾਲਤ ਵਿੱਚ ਪਈ ਸੀ। ਪਰਿਵਾਰ ਅਤੇ ਵਾਲਮੀਕ ਭਾਈਚਾਰਾ ਇਸ ਨੂੰ ਕਤਲ ਦਾ ਕੇਸ ਮੰਨ ਰਿਹਾ ਹੈ ਅਤੇ ਵਾਰ-ਵਾਰ ਕਤਲ ਦਾ ਕੇਸ ਦਰਜ਼ ਕੀਤੇ ਜਾਣ ਦੀ ਮੰਗ 'ਤੇ ਅੜਿਆ ਹੋਇਆ ਹੈ।
ਪੁਲਸ ਨਹੀ ਮੰਨ ਰਹੀ ਕਤਲ
ਅੱਜ ਬਜ਼ਾਰ ਬੰਦ ਨੂੰ ਲੈ ਕੇ ਪੁਲਸ ਜਿਥੇ ਪੂਰੀ ਤਰਾਂ ਮੁਸਤੈਦ ਹੈ, ਉਥੇ ਹੀ ਪੁਲਸ ਕਿਸੇ ਵੀ ਤਰਾਂ ਦੇ ਦਬਾਅ ਹੇਠ ਜਲਦਬਾਜੀ 'ਚ ਕੋਈ ਕਾਰਵਾਈ ਨਹੀਂ ਕਰਨਾ ਚਾਹੁੰਦੀ। ਐੱਸ.ਐੱਚ.ਓ. ਸਮਰਾਲਾ ਸੁਖਬੀਰ ਸਿੰਘ ਨੇ ਕਿਹਾ ਕਿ ਮ੍ਰਿਤਕ ਪ੍ਰਿੰਸ ਦਾ ਪੋਸਟਮਾਰਟਮ ਕਰਵਾਇਆ ਗਿਆ ਹੈ ਅਤੇ ਮੌਕੇ 'ਤੇ ਕੋਈ ਵੀ ਅਜਿਹੀ ਗੱਲ ਨਜ਼ਰ ਨਹੀਂ ਆਈ ਕਿ ਇਸ ਮੌਤ ਨੂੰ ਕਤਲ ਦਾ ਮਾਮਲਾ ਸਮਝਿਆ ਜਾਵੇ। ਉਨਾਂ ਦੱਸਿਆ ਕਿ ਮ੍ਰਿਤਕ ਦੇ ਸ਼ਰੀਰ 'ਤੇ ਸੱਟ ਦਾ ਕੋਈ ਨਿਸ਼ਾਨ ਨਹੀਂ ਮਿਲਿਆ ਅਤੇ ਡਾਕਟਰਾਂ ਦੇ ਬੋਰਡ ਵੱਲੋਂ ਪੋਸਟਮਾਰਟਮ ਕੀਤਾ ਗਿਆ ਹੈ ਅਤੇ ਰਿਪੋਰਟ ਆਉਣ ਮਗਰੋਂ ਹੀ ਕੋਈ ਕਾਰਵਾਈ ਕੀਤੀ ਜਾ ਸਕਦੀ ਹੈ।
ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਦਾ ਖ਼ਦਸ਼ਾ
ਪੁਲਸ ਸੂਤਰਾਂ ਮੁਤਾਬਕ ਇਹ ਜਾਣਕਾਰੀ ਵੀ ਸਾਹਮਣੇ ਆ ਰਹੀ ਹੈ, ਕਿ ਇਹ ਕਤਲ ਦਾ ਮਾਮਲਾ ਨਾ ਹੋ ਕੇ ਨਸ਼ੇ ਦੀ ਓਵਰਡੋਜ਼ ਨਾਲ ਹੋਈ ਮੌਤ ਦਾ ਮਾਮਲਾ ਵੀ ਹੋ ਸਕਦਾ ਹੈ। ਪੁਲਸ ਮੁਤਾਬਕ ਉਹ ਪੋਸਟਮਾਰਟਮ ਰਿਪੋਰਟ ਦੀ ਉਡੀਕ ਕਰ ਰਹੀ ਹੈ ਅਤੇ ਰਿਪੋਰਟ ਆਉਣ 'ਤੇ ਹੀ ਸਾਰੀ ਸੱਚਾਈ ਸਾਹਮਣੇ ਆਵੇਗੀ।


author

Babita

Content Editor

Related News