ਕਰਜ਼ੇ ਤੇ ਬਿਮਾਰੀ ਤੋਂ ਪ੍ਰੇਸ਼ਾਨ 20 ਸਾਲਾ ਨੌਜਵਾਨ ਨੇ ਕੀਤੀ ਖੁਦਕੁਸ਼ੀ

Sunday, Apr 26, 2020 - 06:47 PM (IST)

ਕਰਜ਼ੇ ਤੇ ਬਿਮਾਰੀ ਤੋਂ ਪ੍ਰੇਸ਼ਾਨ 20 ਸਾਲਾ ਨੌਜਵਾਨ ਨੇ ਕੀਤੀ ਖੁਦਕੁਸ਼ੀ

ਭਵਾਨੀਗੜ੍ਹ (ਕਾਂਸਲ,ਵਿਕਾਸ) : ਸਥਾਨਕ ਸ਼ਹਿਰ ਨੇੜਲੇ ਪਿੰਡ ਸੰਘਰੇੜੀ ਵਿਖੇ ਅੱਜ ਇਕ ਹੋਰ ਨੌਜਵਾਨ ਨੇ ਅਲਰਜੀ ਦੀ ਬੀਮਾਰੀ ਅਤੇ ਕਰਜ਼ੇ ਦੇ ਭਾਰ ਦੇ ਚਲਦਿਆਂ ਆਪਣੇ ਘਰ ਪੱਖੇ ਨਾਲ ਫਾਹ ਲੈ ਕੇ ਆਪਣੀ ਜੀਵਨਲੀਲਾ ਖਤਮ ਕਰ ਲਈ। ਪ੍ਰਾਪਤ ਜਾਣਕਾਰੀ ਅਨੁਸਾਰ ਨਵਦੀਪ ਸਿੰਘ ਨਵੀ ਪੁੱਤਰ ਨਿਰਮਲ ਸਿੰਘ ਵਾਸੀ ਪਿੰਡ ਸੰਘਰੇੜੀ ਨੇ ਅੱਜ ਆਪਣੇ ਘਰ ਪੱਖੇ ਨਾਲ ਫਾਹਾ ਲੈ ਕੇ ਆਤਮ ਹੱਤਿਆ ਕਰ ਲਈ। ਇਸ ਘਟਨਾ ਦੀ ਸੂਚਨਾ ਪੁਲਸ ਨੂੰ ਦਿੱਤੀ ਗਈ। ਮੌਕੇ 'ਤੇ ਪਹੁੰਚੀ ਪੁਲਸ ਪਾਰਟੀ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ। 

ਇਸ ਸੰਬੰਧੀ ਜਾਣਕਾਰੀ ਦਿੰਦਿਆਂ ਪੁਲਸ ਚੈਕਪੋਸਟ ਘਰਾਚੋ ਦੇ ਇੰਚਾਰਜ ਸਬ ਇੰਸਪੈਕਟਰ ਰਾਜਵੰਤ ਕੁਮਾਰ ਨੇ ਦੱਸਿਆ ਕਿ ਨਵਦੀਪ ਸਿੰਘ ਉਮਰ 20 ਸਾਲ ਜੋ ਕਿ ਮਾਪਿਆਂ ਦਾ ਇਕਲੌਤਾ ਪੁੱਤਰ ਸੀ ਅਤੇ 12 ਜਮਾਤ ਪਾਸ ਸੀ। ਜਿਸ ਨੂੰ ਅਲਰਜੀ ਦੀ ਬਿਮਾਰੀ ਹੋਣ ਕਾਰਨ ਅਤੇ ਉਸ ਦੇ ਸਿਰ 4-5 ਲੱਖ ਰੁਪਏ ਦਾ ਕਰਜ਼ਾ ਸੀ, ਜਿਸ ਕਾਰਨ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ। ਉਨ੍ਹਾਂ ਦੱਸਿਆ ਕਿ ਅੱਜ ਵੀ ਉਹ ਆਪਣੇ ਪਿਤਾ ਨਾਲ ਕਰਜ਼ੇ ਸੰਬੰਧੀ ਗੱਲਬਾਤ ਕਰਨ ਤੋਂ ਬਾਅਦ ਦੁਪਹਿਰ ਕਰੀਬ 12 ਵਜੇ ਘਰ ਉਪਰ ਬਣੇ ਚੁਬਾਰੇ ਵਿਚ ਜਾ ਕੇ ਪੈ ਗਿਆ ਅਤੇ ਜਦੋਂ ਦੁਪਹਿਰ ਢਾਈ ਵੱਜੇ ਤੱਕ ਹੇਠ ਵਾਪਿਸ ਨਹੀਂ ਆਇਆ ਤਾਂ ਲੜਕੇ ਦੇ ਪਿਤਾ ਨੇ ਜਦੋਂ ਉਸ ਨੂੰ ਹੇਠਾਂ ਬੁਲਾਉਣ ਲਈ ਉਪਰ ਜਾ ਕੇ ਦੇਖਿਆਂ ਤਾਂ ਨਵਦੀਪ ਦੀ ਲਾਸ਼ ਪੱਖੇ ਨਾਲ ਲਟਕ ਰਹੀ ਸੀ। ਉਨ੍ਹਾਂ ਦੱਸਿਆ ਕਿ ਮ੍ਰਿਤਕ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਕਰਦਿਆਂ ਲਾਸ਼ ਦਾ ਪੋਸਟ ਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਹੈ। ਪਿੰਡ ਵਿਚ ਦੋ ਦਿਨਾਂ ਵਿਚ ਦੋ ਨੌਜਵਾਨਾਂ ਵੱਲੋਂ ਆਤਮ ਹੱਤਿਆ ਕਰ ਲੈਣ ਦੀਆਂ ਵਾਪਰੀਆਂ ਘਟਨਾਵਾਂ ਨਾਲ ਪਿੰਡ ਸੰਘਰੇੜੀ ਸਮੇਤ ਪੂਰੇ ਇਲਾਕੇ ਵਿਚ ਗਹਿਰੇ ਸੋਗ ਦੀ ਲਹਿਰ ਪਾਈ ਜਾ ਰਹੀ ਹੈ।


author

Gurminder Singh

Content Editor

Related News