ਸੜਕ ਹਾਦਸੇ ''ਚ ਨੌਜਵਾਨ ਦੀ ਮੌਤ; 1 ਗੰਭੀਰ ਜ਼ਖਮੀ
Sunday, Jul 02, 2017 - 12:08 AM (IST)

ਮੁਕੰਦਪੁਰ, (ਸੰਜੀਵ)- ਬੀਤੀ ਰਾਤ ਮੁਕੰਦਪੁਰ-ਫਗਵਾੜਾ ਰੋਡ 'ਤੇ ਇਕ ਹਾਦਸੇ 'ਚ ਇਕ ਵਿਅਕਤੀ ਦੀ ਮੌਤ ਤੇ ਦੂਜੇ ਦੇ ਗੰਭੀਰ ਜ਼ਖਮੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਥਾਣਾ ਮੁਕੰਦਪੁਰ ਦੇ ਐੱਸ. ਐੱਚ. ਓ. ਅਜੇ ਕੁਮਾਰ ਨੇ ਦੱਸਿਆ ਕਿ ਬੂਟਾ ਰਾਮ ਪੁੱਤਰ ਲੇਖ ਰਾਜ ਵਾਸੀ ਤੱਗੜ ਥਾਣਾ ਗੁਰਾਇਆ (ਜਲੰਧਰ) ਆਪਣੇ ਸਾਥੀ ਸੁਖਵਿੰਦਰ ਸਿੰਘ ਪੁੱਤਰ ਅਮਰੀਕ ਸਿੰਘ ਵਾਸੀ ਲਿੱਦੜ ਕਲਾਂ ਨਾਲ ਮੋਟਰਸਾਈਕਲ 'ਤੇ ਔਜਲਾ ਤੋਂ ਆ ਰਿਹਾ ਸੀ।
ਜਦੋਂ ਉਹ ਪਿੰਡ ਰਹਿਪਾ ਦੇ ਨੇੜੇ ਪਹੁੰਚੇ ਤਾਂ ਹਨੇਰਾ ਹੋਣ ਕਾਰਨ ਉਨ੍ਹਾਂ ਦੀ ਟੱਕਰ ਤੁਲਸੀ ਪੁੱਤਰ ਰਾਮ ਵਾਸੀ ਆਜ਼ਮਗੜ੍ਹ ਉੱਤਰ ਪ੍ਰਦੇਸ਼ ਹਾਲ ਵਾਸੀ ਹਕੀਮਪੁਰ ਦੇ ਰਿਕਸ਼ੇ ਨਾਲ ਹੋ ਗਈ ਤੇ ਉਹ ਸੜਕ 'ਤੇ ਡਿੱਗ ਪਏ। ਜ਼ਖਮੀਆਂ ਨੂੰ ਸਰਕਾਰੀ ਹਸਪਤਾਲ ਮੁਕੰਦਪੁਰ ਵਿਖੇ ਲਿਆਂਦਾ ਤਾਂ ਡਾਕਟਰਾਂ ਨੇ ਬੂਟਾ ਰਾਮ ਪੁੱਤਰ ਲੇਖ ਰਾਜ ਨੂੰ ਮ੍ਰਿਤਕ ਐਲਾਨ ਦਿੱਤਾ, ਜਦੋਂਕਿ ਗੰਭੀਰ ਜ਼ਖਮੀ ਸੁਖਵਿੰਦਰ ਸਿੰਘ ਪੁੱਤਰ ਅਮਰੀਕ ਨੂੰ ਕਿਸੇ ਵੱਡੇ ਹਸਪਤਾਲ ਲਈ ਰੈਫਰ ਕਰ ਦਿੱਤਾ। ਆਈ. ਓ. ਪਵਿੱਤਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਬੂਟਾ ਰਾਮ ਦੇ ਪਿਤਾ ਲੇਖ ਰਾਜ ਦੇ ਬਿਆਨਾਂ ਦੇ ਆਧਾਰ 'ਤੇ 174 ਦੀ ਕਾਰਵਾਈ ਕਰ ਕੇ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਵਾਰਿਸਾਂ ਹਵਾਲੇ ਕਰ ਦਿੱਤੀ ਗਈ।