ਪਿੰਡ ਦੀ ਕੱਚੀ ਨਹਿਰ 'ਚੋਂ ਬਰਾਮਦ ਹੋਈ ਕਤਲ ਕੀਤੇ ਨੌਜਵਾਨ ਦੀ ਲਾਸ਼, ਖ਼ੁਰਦ-ਬੁਰਦ ਕਰਨ ਲਈ ਸਿਰ ਤੋਂ ਧੜ ਕੀਤਾ ਵੱਖ

Friday, Apr 22, 2022 - 02:55 PM (IST)

ਦੋਰਾਹਾ (ਵਿਨਾਇਕ) : ਦੋਰਾਹਾ ਪੁਲਸ ਨੇ ਪਿਛਲੇ ਦਿਨੀ ਬੜੀ ਬੇਰਹਿਮੀ ਨਾਲ ਕਤਲ ਕਰਕੇ ਨਹਿਰ 'ਚ ਸੁੱਟੀ 24 ਸਾਲਾ ਨੋਜਵਾਨ ਦੀ ਲਾਸ਼ ਨੂੰ ਰਾੜਾ ਸਾਹਿਬ ਵੱਲ ਜਾਂਦੀ ਕੱਚੀ ਨਹਿਰ 'ਚੋਂ ਪਿੰਡ ਬੁਆਣੀ ਨੇੜਿਓਂ ਬਰਾਮਦ ਕੀਤਾ ਹੈ। ਰਾਹਗੀਰਾਂ ਨੇ ਪਾਣੀ ‘ਚ ਲਾਸ਼ ਤੈਰਦੀ ਵੇਖੀ ਤਾਂ ਇਸ ਦੀ ਸੂਚਨਾ ਤੁਰੰਤ ਦੋਰਾਹਾ ਪੁਲਸ ਨੂੰ ਦਿੱਤੀ, ਜਿਸ ‘ਤੇ ਪੁਲਸ ਨੇ ਨੇੜਲੇ ਪਿੰਡਾਂ ‘ਚ ਸੰਪਰਕ ਕਰਕੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਲਾਸ਼ ਦੀ ਪਛਾਣ ਕਰਨ ਲਈ ਮੌਕੇ ‘ਤੇ ਬੁਲਾ ਲਿਆ, ਜਿਨ੍ਹਾਂ ਵੱਲੋਂ ਤਸਦੀਕ ਕਰਨ ਉਪਰੰਤ ਦੋਰਾਹਾ ਪੁਲਸ ਨੇ ਮ੍ਰਿਤਕ ਦੇ ਭਰਾ ਹਰਪ੍ਰੀਤ ਸਿੰਘ ਪੁੱਤਰ ਕੇਵਲ ਸਿੰਘ ਵਾਸੀ ਪਿੰਡ ਮਲੀਪੁਰ ਥਾਣਾ ਦੋਰਾਹਾ ਜ਼ਿਲ੍ਹਾ ਲੁਧਿਆਣਾ ਦੇ ਬਿਆਨਾ ‘ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਪੰਜਾਬ 'ਚ ਮੁੜ ਵੱਧਣ ਲੱਗੇ 'ਕੋਰੋਨਾ' ਦੇ ਕੇਸ, ਸਰਕਾਰ ਨੇ ਜਾਰੀ ਕੀਤਾ ਇਹ ਸਖ਼ਤ ਹੁਕਮ

ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਦੋਰਾਹਾ ਦੇ ਐੱਸ. ਐੱਚ. ਓ ਥਾਣੇਦਾਰ ਲਖਵੀਰ ਸਿੰਘ ਨੇ ਦੱਸਿਆ ਕਿ ਸ਼ਿਕਾਇਤਕਰਤਾ ਹਰਪ੍ਰੀਤ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਸਦਾ ਭਰਾ ਸਤਨਾਮ ਸਿੰਘ ਇੱਕ ਪ੍ਰਾਈਵੇਟ ਫੈਕਟਰੀ ‘ਚ ਕੰਮ ਕਰਦਾ ਸੀ ਅਤੇ 14 ਅਪ੍ਰੈਲ ਨੂੰ ਉਸਨੇ ਆਪਣੇ ਕੰਮ ਤੋਂ ਛੁੱਟੀ ਕੀਤੀ ਸੀ ਅਤੇ ਘਰ ਵਿੱਚ ਰਹਿ ਗਿਆ ਸੀ, ਜਦੋਂ ਕਿ ਉਹ ਆਪਣੀ ਘਰਵਾਲੀ ਹੈਪੀ ਅਤੇ ਦੋਵੇ ਬੱਚਿਆਂ ਨੂੰ ਲੈ ਕੇ ਉਸ ਦਿਨ ਆਪਣੀ ਰਿਸ਼ਤੇਦਾਰੀ ਵਿੱਚ ਚਲਾ ਗਿਆ ਸੀ। 15 ਅਪ੍ਰੈਲ ਨੂੰ ਜਦ ਉਹ ਦਿਨ ਸਮੇ ਆਪਣੇ ਘਰ ਪੁੱਜਾ ਤਾ ਉਸਦੀ ਮਾਤਾ ਜਰਨੈਲ ਕੌਰ ਅਤੇ ਭੂਆ ਦੇ ਪੁੱਤਰ ਸੁਖਵਿੰਦਰ ਸਿੰਘ ਤੇ ਸੁਖਰਾਜ ਸਿੰਘ ਨੇ ਦੱਸਿਆ ਕਿ ਸਤਨਾਮ ਸਿੰਘ 14 ਅਪ੍ਰੈਲ ਨੂੰ ਆਪਣਾ ਸਾਰਾ ਸਮਾਨ ਘਰ ਰੱਖ ਕੇ ਘਰੋਂ ਰੇਲਵੇ ਲਾਈਨ ਵੱਲ ਚਲਾ ਗਿਆ ਸੀ ਅਤੇ ਮੁੜ ਘਰ ਵਾਪਸ ਨਹੀ ਪਰਤਿਆ।

ਇਹ ਵੀ ਪੜ੍ਹੋ : 'ਰਾਜਾ ਵੜਿੰਗ' ਨੇ ਸਾਂਭਿਆ ਪੰਜਾਬ ਕਾਂਗਰਸ ਪ੍ਰਧਾਨ ਦਾ ਅਹੁਦਾ, ਬੋਲੇ-'ਪਾਰਟੀ ਲਈ ਆਖ਼ਰੀ ਦਮ ਤੱਕ ਲੜਾਂਗੇ'

ਐੱਸ. ਐੱਚ. ਓ. ਨੇ ਅੱਗੇ ਦੱਸਿਆ ਕਿ 21 ਅਪ੍ਰੈਲ ਨੂੰ ਦੁਪਹਿਰ 11.30 ਵਜੇ ਕਰੀਬ ਕਿਸੇ ਰਾਹਗੀਰ ਨੇ ਉਕਤ ਨੌਜਵਾਨ ਦੀ ਲਾਸ਼ ਨੂੰ ਰੋਲ ਤੋਂ ਰਾੜਾ ਸਾਹਿਬ ਵੱਲ ਜਾਦੀ ਕੱਚੀ ਨਹਿਰ 'ਚ ਪਿੰਡ ਬੁਆਣੀ ਨੇੜੇ ਪਾਣੀ ਵਿੱਚ ਤੈਰਦੀ ਹੋਈ ਦੇਖਿਆ ਤਾਂ ਇਸਦੀ ਸੂਚਨਾ ਪੁਲਸ ਨੂੰ ਦਿੱਤੀ। ਇਸ ‘ਤੇ ਪੁਲਸ ਨੇ ਨਹਿਰ ਦੇ ਕੰਢੇ ਪੁੱਜ ਕੇ ਲਾਸ਼ ਤਸਦੀਕ ਲਈ ਹਰਪ੍ਰੀਤ ਸਿੰਘ ਨੂੰ ਵਿਖਾਈ ਤਾਂ ਉਸਨੇ ਲਾਸ਼ ਆਪਣੇ ਭਰਾ ਸਤਨਾਮ ਸਿੰਘ ਦੀ ਦੱਸੀ। ਲਾਸ਼ ਦੀ ਧੌਣ ਤੋਂ ਉਪਰਲਾ ਹਿੱਸਾ ਕੱਟਿਆਂ ਹੋਇਆ ਸੀ। ਹਰਪ੍ਰੀਤ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਸਦੇ ਭਰਾ ਸਤਨਾਮ ਸਿੰਘ ਦਾ ਕਿਸੇ ਰੰਜਿਸ਼ ਦੇ ਚੱਲਦਿਆਂ ਨਾ ਮਾਲੂਮ ਵਿਅਕਤੀ/ਵਿਅਕਤੀਆਂ ਨੇ ਬੜੀ ਬੇਰਹਿਮੀ ਨਾਲ ਕਤਲ ਕਰਕੇ ਸ਼ਰੀਰ ਤੋਂ ਧੜ ਨੂੰ ਵੱਖ ਕਰਕੇ ਖੁਰਦ-ਬੁਰਦ ਕਰਨ ਲਈ ਲਾਸ਼ ਨਹਿਰ ਵਿੱਚ ਸੁੱਟ ਦਿੱਤੀ। ਜ਼ਿਕਰਯੋਗ ਹੈ ਕਿ ਉਕਤ ਨੌਜਵਾਨ ਅਜੇ ਕੁਆਰਾ ਸੀ। ਦੋਰਾਹਾ ਪੁਲਸ ਨੇ ਲਾਸ਼ ਨੂੰ ਕਬਜ਼ੇ 'ਚ ਲੈ ਲਿਆ ਅਤੇ ਪੋਸਟਮਾਰਟਮ ਕਰਵਾਉਣ ਲਈ ਲਾਸ਼ ਨੂੰ ਸਿਵਲ ਹਸਪਤਾਲ ਰਖਵਾ ਦਿੱਤਾ ਸੀ। ਐੱਸ. ਐੱਚ. ਓ. ਥਾਣੇਦਾਰ ਲਖਵੀਰ ਸਿੰਘ ਨੇ ਅੱਗੇ ਦੱਸਿਆ ਕਿ ਪੋਸਟਮਾਰਟਮ ਰਿਪੋਰਟ ਦਾ ਇੰਤਜ਼ਾਰ ਕਰਨਾ ਪਵੇਗਾ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ


Babita

Content Editor

Related News