‘ਆਪ’ ਦੀ ਯੂਥ ਵਿੰਗ ਦੀ ਉਪ ਪ੍ਰਧਾਨ ਅਨਮੋਲ ਗਗਨ ਮਾਨ ਨੂੰ ਯੂਥ ਕਾਂਗਰਸੀਆਂ ਨੇ ਦਿਖਾਈਆਂ ਕਾਲੀਆਂ ਝੰਡੀਆਂ

Friday, Jul 09, 2021 - 09:17 AM (IST)

‘ਆਪ’ ਦੀ ਯੂਥ ਵਿੰਗ ਦੀ ਉਪ ਪ੍ਰਧਾਨ ਅਨਮੋਲ ਗਗਨ ਮਾਨ ਨੂੰ ਯੂਥ ਕਾਂਗਰਸੀਆਂ ਨੇ ਦਿਖਾਈਆਂ ਕਾਲੀਆਂ ਝੰਡੀਆਂ

ਨਾਭਾ (ਜੈਨ, ਭੂਪਾ) : ਪਟਿਆਲਾ ਗੇਟ ਚੌਂਕ ’ਚ ਉਸ ਸਮੇਂ ਸਥਿਤੀ ਕੁੱਝ ਮਿੰਟਾਂ ਲਈ ਤਣਾਅਪੂਰਨ ਹੋ ਗਈ, ਜਦੋਂ 15-20 ਯੂਥ ਕਾਂਗਰਸੀ ਵਰਕਰਾਂ ਨੇ ਆਮ ਆਦਮੀ ਪਾਰਟੀ ਯੂਥ ਵਿੰਗ ਪੰਜਾਬ ਦੀ ਉਪ ਪ੍ਰਧਾਨ ਤੇ ਗਾਇਕਾ ਅਨਮੋਲ ਗਗਨ ਮਾਨ ਤੇ ਹਲਕਾ ਇੰਚਾਰਜ ਗੁਰਦੇਵ ਸਿੰਘ ਦੇਵਮਾਨ ਦਾ ਘਿਰਾਓ ਕਰਨ ਦਾ ਯਤਨ ਕੀਤਾ, ਜੋ ਕਿ ਵੱਡੀ ਗਿਣਤੀ ’ਚ ਤਾਇਨਾਤ ਪੁਲਸ ਫੋਰਸ ਨੇ ਅਸਫਲ ਬਣਾ ਦਿੱਤਾ। ਇਸ ਦੌਰਾਨ ਕਾਂਗਰਸੀਆਂ ਨੇ ਕਾਲੀਆਂ ਝੰਡੀਆਂ ਦਿਖਾਈਆਂ ਅਤੇ ਮੁਰਦਾਬਾਦ ਦੇ ਨਾਅਰੇ ਲਾਏ।

ਯੂਥ ਕਾਂਗਰਸੀਆਂ ਦਾ ਕਹਿਣਾ ਸੀ ਕਿ ‘ਆਪ’ ਆਗੂ ਲੋਕਾਂ ਨੂੰ ਗੁੰਮਰਾਹ ਕਰ ਕੇ ਸਰਕਾਰ ਅਤੇ ਮੰਤਰੀ ਸਾਧੂ ਸਿੰਘ ਧਰਮਸੋਤ ਖ਼ਿਲਾਫ਼ ਧਰਨੇ ਦਿੰਦੇ ਹਨ। ਇਸ ਕਰ ਕੇ ਅਸੀਂ ਇਨ੍ਹਾਂ ਦੇ ਕਾਫਲੇ ਦਾ ਘਿਰਾਓ ਕਰਨਾ ਚਾਹੁੰਦੇ ਸੀ। ਅਨਮੋਲ ਗਗਨ ਮਾਨ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਇੱਥੇ ਹੋਰ ਆਗੂਆਂ ਨਾਲ ਦੇਵਮਾਨ ਦੇ ਮੁੱਖ ਦਫ਼ਤਰ ਦਾ ਉਦਘਾਟਨ ਕਰਨ ਲਈ ਆਈ ਹਾਂ ਪਰ ਹਲਕਾ ਵਿਧਾਇਕ ਨੇ ਬੌਖ਼ਲਾਹਟ ’ਚ ਆ ਕੇ ਮੇਰੇ ਖ਼ਿਲਾਫ਼ ਨਾਅਰੇਬਾਜ਼ੀ ਕਰਨ ਲਈ ਕੁੱਝ ਬੰਦੇ ਭੇਜੇ। ਜੇਕਰ ਕਾਂਗਰਸੀਆਂ ’ਚ ਹਿੰਮਤ ਹੁੰਦੀ ਤਾਂ ਉਹ ਮੈਨੂੰ ਸ਼ਹਿਰ ’ਚ ਦਾਖ਼ਲ ਹੋਣ ਤੋਂ ਪਹਿਲਾਂ ਹੀ ਰੋਕ ਲੈਂਦੇ। ਇਸ ਮੌਕੇ ਜ਼ਿਲ੍ਹਾ ਪ੍ਰਧਾਨ ਮੇਘ ਚੰਦ ਸ਼ੇਰਮਾਜਰਾ, ਜ਼ਿਲ੍ਹਾ ਮਹਿਲਾ ਪ੍ਰਧਾਨ ਵੀਰਪਾਲ ਕੌਰ ਤੇ ਹੋਰ ਆਗੂ ਵੀ ਹਾਜ਼ਰ ਸਨ।


 


author

Babita

Content Editor

Related News