ਵੀਜ਼ਾ ਰੱਦ ਹੋਣ ਕਾਰਨ ਨੌਜਵਾਨ ਨੇ ਕੀਤੀ ਖੁਦਕੁਸ਼ੀ
Wednesday, Sep 11, 2019 - 11:23 PM (IST)
ਫਿਰੋਜ਼ਪੁਰ, (ਕੁਮਾਰ)- ਪੰਜਾਬ 'ਚ ਏਜੰਟਾ ਵਲੋਂ ਕੀਤੀ ਜਾ ਰਹੀ ਧੋਖਾਧੜੀ ਦੀਆਂ ਖਬਰਾਂ ਆਮ ਹੀ ਦੇਖਣ ਨੂੰ ਮਿਲਦੀਆਂ ਹਨ। ਅਜਿਹਾ ਹੀ ਇਕ ਮਾਮਲਾ ਫਿਰੋਜ਼ਪੁਰ ਸ਼ਹਿਰ 'ਚ ਦੇਖਣ ਨੂੰ ਮਿਲਿਆ, ਜਿਥੇ ਇਕ 23 ਸਾਲਾਂ ਨੌਜਵਾਨ ਨੇ ਵੀਜ਼ਾ ਰੱਦ ਹੋਣ ਕਾਰਨ ਖੁਦਕੁਸ਼ੀ ਕਰ ਲਈ।
ਜਾਣਕਾਰੀ ਮੁਤਾਬਕ ਵੀਜ਼ਾ ਰੱਦ ਹੋਣ ਕਾਰਣ ਵਾਪਸ ਘਰ ਪਰਤੇ 23 ਸਾਲਾ ਨੌਜਵਾਨ ਹਰਭਜਨ ਸਿੰਘ ਨੇ ਏਜੰਟ ਤੋਂ ਖਫਾ ਹੋ ਕੇ ਖੁਦਕੁਸ਼ੀ ਕਰ ਲਈ, ਜਿਸ ਸਬੰਧੀ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਸ ਨੇ ਏਜੰਟ ਖਿਲਾਫ ਮੁਕੱਦਮਾ ਦਰਜ ਕਰ ਲਿਆ ਹੈ। ਏ. ਐੱਸ. ਆਈ. ਕਰਨੈਲ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਿੱਤੇ ਬਿਆਨਾਂ 'ਚ ਮ੍ਰਿਤਕ ਲੜਕੇ ਦੀ ਮਾਂ ਜਸਵਿੰਦਰ ਕੌਰ ਪਤਨੀ ਗੁਰਚਰਨ ਸਿੰਘ ਵਾਸੀ ਵਰਕਸ਼ਾਪ ਹੁਸੈਨੀਵਾਲਾ ਨੇ ਦੋਸ਼ ਲਾਉਂਦਿਆਂ ਦੱਸਿਆ ਕਿ ਉਸ ਦੇ ਲੜਕੇ ਹਰਭਜਨ ਸਿੰਘ ਨੂੰ ਵਿਦੇਸ਼ ਯੂਕਰੇਨ ਭੇਜਣ ਲਈ ਵਿਸ਼ਾਲ ਧਵਲ ਵਾਸੀ ਜ਼ਿਲਾ ਮੋਗਾ ਨੇ 5 ਲੱਖ ਰੁਪਏ ਲਏ ਸਨ ਅਤੇ ਹਰਭਜਨ ਸਿੰਘ ਨੂੰ ਵੀਜ਼ਾ ਲਵਾ ਕੇ ਬੀਤੀ 23 ਅਗਸਤ ਨੂੰ ਵਿਦੇਸ਼ ਜਾਣ ਦੀ ਟਿਕਟ ਭੇਜ ਦਿੱਤੀ। ਜਿਸ ਤੋਂ ਬਾਅਦ ਹਰਭਜਨ ਵਿਦੇਸ਼ ਜਾਣ ਲਈ ਘਰੋਂ ਚਲਾ ਗਿਆ। ਇਸ ਉਪਰੰਤ ਉਸ ਦੀ ਹਰਭਜਨ ਨਾਲ ਫੋਨ 'ਤੇ ਗੱਲ ਹੁੰਦੀ ਰਹੀ ਪਰ 6 ਸਤੰਬਰ ਨੂੰ ਹਰਭਜਨ ਸਿੰਘ ਅਚਾਨਕ ਘਰ ਵਾਪਸ ਆ ਗਿਆ। ਹਰਭਜਨ ਨੇ ਘਰ ਆ ਕੇ ਦੱਸਿਆ ਕਿ ਏਜੰਟ ਕਹਿੰਦਾ ਸੀ ਕਿ ਤੇਰਾ ਵੀਜ਼ਾ ਰੱਦ ਹੋ ਗਿਆ। ਇਸ ਕਾਰਨ ਪਰੇਸ਼ਾਨ ਹਰਭਜਨ ਨੇ ਕੋਈ ਜ਼ਹਿਰੀਲੀ ਦਵਾਈ ਪੀ ਲਈ ਤੇ ਉਸ ਦੀ ਹਾਲਤ ਗੰਭੀਰ ਹੋ ਗਈ, ਜਿਸ ਨੂੰ ਬਾਗੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ, ਜਿਥੇ ਉਸ ਦੀ ਇਲਾਜ ਦੌਰਾਨ ਮੌਤ ਹੋ ਗਈ। ਏ. ਐੱਸ. ਆਈ. ਕਰਨੈਲ ਸਿੰਘ ਨੇ ਦੱਸਿਆ ਕਿ ਪੁਲਸ ਵੱਲੋਂ ਨਾਮਜ਼ਦ ਕੀਤੇ ਦੋਸ਼ੀ ਖਿਲਾਫ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।