UK ਭੇਜਣ ਦਾ ਝਾਂਸਾ ਦੇ ਕੇ ਨੌਜਵਾਨ ਨਾਲ 25 ਲੱਖ ਦੀ ਠੱਗੀ, 3 ਇਮੀਗ੍ਰੇਸ਼ਨ ਏਜੰਟਾਂ ਸਣੇ 8 ’ਤੇ FIR ਦਰਜ
Wednesday, Apr 09, 2025 - 03:00 PM (IST)

ਜਲੰਧਰ (ਜ. ਬ.)–ਜਲੰਧਰ ਦੇ ਮੁਹੱਲਾ ਕਰਾਰ ਖਾਂ ਦੇ ਨੌਜਵਾਨ ਨੂੰ ਯੂ. ਕੇ. ਭੇਜਣ ਦਾ ਝਾਂਸਾ ਦੇ ਕੇ 25 ਲੱਖ ਰੁਪਏ ਦੀ ਠੱਗੀ ਮਾਰਨ ਵਾਲੇ ਚੰਡੀਗੜ੍ਹ ਅਤੇ ਲੁਧਿਆਣਾ ਦੇ 3 ਏਜੰਟਾਂ ਸਮੇਤ 8 ਲੋਕਾਂ ’ਤੇ ਐੱਨ. ਆਰ. ਆਈ. ਥਾਣੇ ਦੀ ਪੁਲਸ ਨੇ ਕੇਸ ਦਰਜ ਕੀਤਾ ਹੈ। ਦੋਸ਼ ਹੈ ਕਿ ਉਕਤ ਲੋਕਾਂ ਨੇ ਇਕ ਕਾਲਜ ਵਿਚ ਐਡਮਿਸ਼ਨ ਲਈ 10 ਲੱਖ ਰੁਪਏ ਵੀ ਦਿੱਤੇ ਸਨ ਪਰ ਬਿਨਾਂ ਐਡਮਿਸ਼ਨ ਕਰਵਾਏ ਉਨ੍ਹਾਂ ਨੇ ਫਰਜ਼ੀ ਸਰਟੀਫਿਕੇਟ ਤਿਆਰ ਕਰ ਦਿੱਤੇ ਅਤੇ ਨੌਜਵਾਨ ਨੂੰ ਵਿਦੇਸ਼ ਵੀ ਨਹੀਂ ਭੇਜਿਆ।
ਪੁਲਸ ਨੂੰ ਦਿੱਤੀ ਸ਼ਿਕਾਇਤ ਵਿਚ ਮੁਹੱਲਾ ਕਰਾਰ ਖਾਂ ਦੇ ਬੋਹੜ ਵਾਲੇ ਚੌਕ ਦੀ ਰਹਿਣ ਵਾਲੀ ਕ੍ਰਿਸ਼ਨਾ ਰਾਣੀ ਪਤਨੀ ਰਾਮ ਲੁਭਾਇਆ ਨੇ ਦੱਸਿਆ ਕਿ ਉਸ ਦਾ ਬੇਟਾ ਸਾਹਿਲ 2021 ਵਿਚ ਆਰ. ਕੇ. ਓਵਰਸੀਜ਼, ਨਵਯੁੱਗ ਮਾਰਕੀਟ ਲੁਧਿਆਣਾ ਦੇ ਏਜੰਟ ਅਰਵਿੰਦਰ ਸਿੰਘ ਦੇ ਸੰਪਰਕ ਵਿਚ ਆਇਆ ਸੀ। ਸਾਹਿਲ ਨੇ ਯੂ. ਕੇ. ਜਾਣ ਦੀ ਇੱਛਾ ਪ੍ਰਗਟਾਈ ਤਾਂ ਅਰਵਿੰਦਰ ਸਿੰਘ ਨੇ 25 ਲੱਖ ਰੁਪਏ ਵਿਚ ਉਸ ਨੂੰ ਯੂ. ਕੇ. ਵਿਚ ਪੱਕੀ ਨੌਕਰੀ ਦਿਵਾਉਣ ਦਾ ਝਾਂਸਾ ਦਿੱਤਾ।
ਇਹ ਵੀ ਪੜ੍ਹੋ: ਪੁੱਤ ਰਹਿੰਦਾ ਸੀ ਵਿਦੇਸ਼, ਨੂੰਹ ਨੂੰ ਵੇਖ ਸਹੁਰੇ ਦੀ ਬਦਲੀ ਨੀਅਤ, ਕਾਰਾ ਜਾਣ ਟੱਬਰ ਦੇ ਉੱਡੇ ਹੋਸ਼
ਸਾਹਿਲ ਨੂੰ ਕਿਹਾ ਗਿਆ ਕਿ ਇਕ ਕਾਲਜ ਵਿਚ ਐਡਮਿਸ਼ਨ ਕਰਵਾ ਕੇ ਸਰਟੀਫਿਕੇਸ਼ਨ ਹੋਣ ਤੋਂ ਬਾਅਦ ਉਸ ਨੂੰ ਯੂ. ਕੇ. ਭੇਜ ਦਿੱਤਾ ਜਾਵੇਗਾ। ਉਸ ਤੋਂ ਬਾਅਦ ਉਨ੍ਹਾਂ ਕੋਲੋਂ 25 ਲੱਖ ਰੁਪਏ ਵੱਖ-ਵੱਖ ਬੈਂਕ ਖਾਤਿਆਂ ਵਿਚ ਟਰਾਂਸਫਰ ਕਰਵਾ ਲਏ। ਕ੍ਰਿਸ਼ਨਾ ਦੇਵੀ ਨੇ ਕਿਹਾ ਕਿ ਇੰਗਲੈਂਡ ਰਹਿੰਦੀ ਸਰਬਜੀਤ ਕੌਰ ਪੁੱਤਰੀ ਜ਼ੋਰਾ ਸਿੰਘ ਮੂਲ ਨਿਵਾਸੀ ਸ਼ਿਮਲਾਪੁਰੀ ਨੇ ਸਾਹਿਲ ਦੀਆਂ ਕਥਿਤ ਤੌਰ ’ਤੇ ਆਨਲਾਈਨ ਕਲਾਸਾਂ ਵੀ ਲਈਆਂ ਪਰ ਕਾਫੀ ਸਮਾਂ ਬੀਤ ਜਾਣ ਦੇ ਬਾਅਦ ਵੀ ਸਾਹਿਲ ਨੂੰ ਯੂ. ਕੇ. ਨਹੀਂ ਭੇਜਿਆ ਗਿਆ।
ਇਹ ਵੀ ਪੜ੍ਹੋ: ਮਨੋਰੰਜਨ ਕਾਲੀਆ ਦੇ ਘਰ 'ਤੇ ਹੋਏ ਹਮਲੇ ਦੇ ਮਾਮਲੇ 'ਚ ਵੱਡੀ ਅਪਡੇਟ, UP ਨਾਲ ਜੁੜੇ ਤਾਰ ਤੇ ਨਵੀਂ CCTV ਆਈ ਸਾਹਮਣੇ
ਕਾਫ਼ੀ ਵਾਰ ਪੈਸੇ ਮੰਗਣ ’ਤੇ ਉਕਤ ਲੋਕਾਂ ਨੇ ਜਦੋਂ ਪੈਸੇ ਮੋੜਨ ਤੋਂ ਸਾਫ਼ ਮਨ੍ਹਾ ਕਰ ਦਿੱਤਾ ਤਾਂ ਪੀੜਤ ਧਿਰ ਨੇ ਏ. ਡੀ. ਜੀ. ਪੀ. ਐੱਨ. ਆਰ. ਆਈ. ਵਿੰਗ ਨੂੰ ਸ਼ਿਕਾਇਤ ਦਿੱਤੀ। ਪੁਲਸ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰਨ ਤੋਂ ਬਾਅਦ ਮੁਲਜ਼ਮ ਪਾਏ ਜਾਣ ’ਤੇ ਏਜੰਟ ਅਰਵਿੰਦਰ ਸਿੰਘ, ਸਰਬਜੀਤ ਕੌਰ, ਉਸ ਦੇ ਪਿਤਾ ਜ਼ੋਰਾ ਸਿੰਘ, ਮੋਹਿਤ ਨਿਵਾਸੀ ਸੈਕਟਰ-36 ਚੰਡੀਗੜ੍ਹ, ਰਾਜੇਸ਼ ਗੋਬਿੰਦ, ਚਿੱਤਰਾ ਰਾਜੇਸ਼ ਦੋਵੇਂ ਨਿਵਾਸੀ ਬੋਰੀਵਲੀ ਮੁੰਬਈ, ਸਕਿੱਲ ਬੋਟ ਇਮੀਗ੍ਰੇਸ਼ਨ, ਸੈਕਟਰ-35 ਚੰਡੀਗੜ੍ਹ ਦੇ ਏਜੰਟ ਨਵਦੀਪ ਸਿੰਘ, ਚੰਡੀਗੜ੍ਹ ਦੇ ਸੈਕਟਰ-36 ਵਿਚ ਸਥਿਤ ਵੁੱਡਬ੍ਰਿਜ ਇਮੀਗ੍ਰੇਸ਼ਨ ਦੇ ਏਜੰਟ ਹਰਪ੍ਰੀਤ ਸਿੰਘ ਖਹਿਰਾ ਖ਼ਿਲਾਫ਼ ਥਾਣਾ ਐੱਨ. ਆਰ. ਆਈ. ਵਿਚ ਵੱਖ-ਵੱਖ ਧਾਰਾਵਾਂ ਅਧੀਨ ਕੇਸ ਦਰਜ ਕਰ ਲਿਆ। ਫਿਲਹਾਲ ਕਿਸੇ ਦੀ ਵੀ ਗ੍ਰਿਫ਼ਤਾਰੀ ਨਹੀਂ ਹੋ ਸਕੀ।
ਇਹ ਵੀ ਪੜ੍ਹੋ: PSPCL ਨੂੰ ਸਖ਼ਤ ਹੁਕਮ ਜਾਰੀ, ਪੰਜਾਬ 'ਚ ਹੁਣ ਇਨ੍ਹਾਂ ਘਰਾਂ 'ਚ ਵੀ ਮਿਲੇਗਾ ਬਿਜਲੀ ਕੁਨੈਕਸ਼ਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e