ਨੌਜਵਾਨਾਂ ਨੂੰ ਸਮਾਰਟ ਫੋਨ ਦੇਣ ਲਈ ਕੈਪਟਨ ਨੇ ਖਿੱਚੀ ਤਿਆਰੀ
Friday, Nov 22, 2019 - 06:26 PM (IST)
ਚੰਡੀਗੜ੍ਹ : ਪਿਛਲੇ ਲੰਮੇ ਸਮੇਂ ਪੰਜਾਬ ਸਰਕਾਰ ਦੇ ਸਮਾਰਟ ਫੋਨ ਉਡੀਕ ਰਹੇ ਨੌਜਵਾਨਾਂ ਲਈ ਰਾਹਤ ਭਰੀ ਖਬਰ ਹੈ। ਸਮਾਰਟ ਫੋਨ ਦੇਣ ਲਈ ਭਲਕੇ ਟੈਂਡਰ ਖੁੱਲ੍ਹਣ ਜਾ ਰਹੇ ਹਨ। ਕਿਸੇ ਇਕ ਕੰਪਨੀ ਨੂੰ ਟੈਂਡਰ ਮਿਲਣ ਤੋਂ ਬਾਅਦ ਹੀ ਸਮਾਰਟ ਫੋਨ ਮਿਲਣ ਦਾ ਰਸਤਾ ਪੱਧਰਾ ਹੋਵੇਗਾ। ਟੈਂਡਰ ਖੁੱਲ੍ਹਣ ਤੋਂ ਬਾਅਦ ਟੈਂਡਰ ਅਲਾਟ ਕਰਨ ਦੇ ਮਾਮਲੇ ਵਿਚ ਕੁਝ ਦਿਨ ਹੋਰ ਲੱਗਣ ਦੀ ਸੰਭਾਵਨਾ ਹੈ ਕਿਉਂਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਦੇਸ਼ ਦੌਰੇ 'ਤੇ ਹਨ ਅਤੇ ਉਨ੍ਹਾਂ ਦੇ ਦੇਸ਼ ਪਰਤ ਆਉਣ ਤੋਂ ਬਾਅਦ ਹੀ ਕੰਮ ਅਲਾਟ ਕੀਤਾ ਜਾਵੇ। ਜਾਣਕਾਰੀ ਅੁਨਸਾਰ ਜੇਕਰ ਕੋਈ ਹੋਰ ਅੜਿੱਕਾ ਨਾ ਪਿਆ ਤਾਂ ਨੌਜਵਾਨਾਂ ਨੂੰ ਅਗਲੇ ਸਾਲ ਜਨਵਰੀ ਮਹੀਨੇ ਦੇ ਅਖੀਰ ਤਕ ਹੀ ਸਮਾਰਟ ਫੋਨ ਮਿਲਣਗੇ।
ਪੰਜਾਬ ਸਰਕਾਰ ਦੀ ਆਰਥਿਕ ਸਥਿਤੀ ਕਾਫੀ ਪਤਲੀ ਹੈ ਅਤੇ ਇਸ ਕਰਕੇ ਪੰਜਾਬ ਦੇ ਵਿੱਤ ਮੰਤਰੀ ਨੇ ਇਕ ਦਿਨ ਪਹਿਲਾਂ ਪੰਜ ਸੂਬਿਆਂ ਦੇ ਮੰਤਰੀਆਂ ਸਮੇਤ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਬੇਨਤੀ ਕੀਤੀ ਹੈ ਕਿ ਜੀ. ਐੱਸ. ਟੀ. ਦਾ ਬਕਾਇਆ ਜਲਦੀ ਜਾਰੀ ਕੀਤਾ ਜਾਵੇ ਕਿਉਂਕਿ ਸਰਕਾਰ ਨੂੰ ਕੰਮ ਕਾਜ ਵੀ ਚਲਾਉਣਾ ਔਖਾ ਹੋਇਆ ਪਿਆ ਹੈ। ਸਮਾਰਟ ਫੋਨਾਂ ਦੇ ਰਸਤੇ ਵਿਚ ਜੇ ਵਿੱਤੀ ਸੰਕਟ ਕਿਤੇ ਅੜਿਕਾ ਨਾ ਬਣ ਜਾਵੇ ਤੇ ਜੇਕਰ ਅਜਿਹਾ ਹੋਇਆ ਤਾਂ ਫੋਨ ਮਿਲਣ 'ਚ ਕੁਝ ਹੋਰ ਸਮਾਂ ਲੱਗ ਸਕਦਾ ਹੈ। ਇਥੇ ਇਹ ਵੀ ਖਾਸ ਤੌਰ 'ਤੇ ਦੱਸਣਯੋਗ ਹੈ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਇਸ ਸਾਲ ਨੌਜਵਾਨਾਂ ਨੂੰ ਭਰੋਸਾ ਦਿਵਾਇਆ ਸੀ ਕਿ ਦੀਵਾਲੀ ਮੌਕੇ ਸਮਾਰਟ ਫੋਨ ਦੇਣ ਦੀ ਤਿਆਰੀ ਹੈ ਤੇ ਫੋਨ ਦੇਣ ਲਈ ਪੈਸੇ ਵੱਖਰੇ ਤੌਰ 'ਤੇ ਰੱਖੇ ਗਏ ਹਨ ਜਦਕਿ ਦੀਵਾਲੀ ਵੀ ਲੰਘ ਗਈ ਪਰ ਫੋਨ ਨਹੀਂ ਮਿਲੇ।