ਹਾਦਸੇ ''ਚ ਮ੍ਰਿਤਕ ਨੌਜਵਾਨਾਂ ਦੇ ਪਰਿਵਾਰਾਂ ਨੂੰ ਹਿਮਾਚਲ ਸਰਕਾਰ ਵੱਲੋਂ 4-4 ਤੇ ਪੰਜਾਬ ਸਰਕਾਰ ਵੱਲੋਂ 2-2 ਲੱਖ ਦੇਣ ਦਾ ਐਲਾਨ
Sunday, Mar 04, 2018 - 12:06 PM (IST)

ਅੰਮ੍ਰਿਤਸਰ (ਕਮਲ) - ਅੰਮ੍ਰਿਤਸਰ ਵੈਸਟ ਹਲਕੇ ਦੇ ਘਣੂਪੁਰ ਕਾਲੇ ਇਲਾਕੇ ਦੇ 9 ਲੋਕ ਮਨੀਕਰਨ ਸਾਹਿਬ ਤੋਂ ਮੱਥਾ ਟੇਕ ਕੇ ਵਾਪਸ ਆ ਰਹੇ ਹਾਦਸੇ ਦਾ ਸ਼ਿਕਾਰ ਹੋ ਗਏ, ਜਿਨ੍ਹਾਂ 'ਚ 8 ਲੋਕਾਂ ਦੀ ਮੌਤ ਹੋ ਗਈ, ਜਦਕਿ ਇਕ ਜ਼ਿੰਦਗੀ ਲਈ ਲੜਾਈ ਲੜ ਰਿਹਾ ਹੈ। ਹਲਕਾ ਵਿਧਾਇਕ ਡਾ. ਰਾਜ ਕੁਮਾਰ ਵੇਰਕਾ ਨੇ ਪੀੜਤ ਪਰਿਵਾਰਾਂ ਦੇ ਘਰ ਪਹੁੰਚ ਕੇ ਦੁੱਖ ਸਾਂਝਾ ਕੀਤਾ। ਹਿਮਾਚਲ ਪ੍ਰਦੇਸ਼ ਸਰਕਾਰ ਵੱਲੋਂ ਮਰਨ ਵਾਲੇ ਵਿਅਕਤੀ ਦੇ ਹਰ ਪਰਿਵਾਰ ਨੂੰ 4-4 ਲੱਖ ਅਤੇ ਪੰਜਾਬ ਸਰਕਾਰ ਵੱਲੋਂ 2-2 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਗਿਆ। ਇਸ ਤੋਂ ਇਲਾਵਾ ਡਾ. ਵੇਰਕਾ ਨੇ ਆਪਣੇ ਵੱਲੋਂ ਪੀੜਤ ਪਰਿਵਾਰ ਨੂੰ 20-20 ਹਜ਼ਾਰ ਰੁਪਏ ਤੁਰੰਤ ਮੌਕੇ 'ਤੇ ਦਿੱਤੇ। ਹਾਦਸੇ ਦੀ ਜਾਣਕਾਰੀ ਮਿਲਦੇ ਹੀ ਡਾ. ਵੇਰਕਾ, ਕੌਂਸਲਰ ਸਵਿੰਦਰ ਸਿੰਘ ਸ਼ਵੀ, ਅਜੇ ਕੁਮਾਰ ਪੱਪੂ, ਕੌਂਸਲਰ ਸੁਖਦੇਵ ਸਿੰਘ ਚਾਹਲ ਤੇ ਸਤਨਾਮ ਸਿੰਘ ਸੱਤਾ ਸਮੇਤ ਕਈ ਪਤਵੰਤੇ ਮੌਕੇ 'ਤੇ ਇਕੱਠੇ ਹੋ ਗਏ। ਡਾ. ਵੇਰਕਾ ਇਕ-ਇਕ ਕਰ ਕੇ ਸਾਰੇ ਪੀੜਤ ਪਰਿਵਾਰਾਂ ਦੇ ਘਰ ਗਏ ਅਤੇ ਹਾਦਸੇ ਦੀ ਨਿੰਦਾ ਕਰਦਿਆਂ ਅਫਸੋਸ ਪ੍ਰਗਟ ਕੀਤਾ। ਉਨ੍ਹਾਂ ਕਿਹਾ ਕਿ ਅੱਜ ਹੌਲੀ ਦਾ ਤਿਉਹਾਰ ਹੈ ਪਰ ਇਸ ਹਾਦਸੇ ਦੀ ਵਜ੍ਹਾ ਨਾਲ ਅੰਮ੍ਰਿਤਸਰ ਵੈਸਟ ਹਲਕੇ ਦੇ ਲੋਕਾਂ ਨੇ ਹੋਲੀ ਨਾ ਮਨਾਉਣ ਦਾ ਫੈਸਲਾ ਕੀਤਾ ਹੈ। ਇਹ ਸਾਡੇ ਸਮਾਜ ਲਈ ਦੁੱਖ ਦੀ ਘੜੀ ਹੈ।
ਜਾਣਕਾਰੀ ਅਨੁਸਾਰ ਬਾਬਾ ਫਰੀਦ ਨਗਰ ਦੇ ਰਹਿਣ ਵਾਲੇ 2 ਸਕੇ ਭਰਾ ਗੁਰਿੰਦਰ ਸਿੰਘ ਤੇ ਜਸਬੀਰ ਸਿੰਘ, ਕਾਲੇ ਵਾਸੀ 2 ਭਰਾ ਭਾਈ ਮਨਦੀਪ ਸਿੰਘ ਤੇ ਸੋਨੂੰ, ਕੰਵਲ ਸਿੰਘ ਵਾਸੀ ਰਾਜਾਸਾਂਸੀ, ਕਾਲੇ ਵਾਸੀ ਦਵਿੰਦਰ ਸਿੰਘ, ਕੰਵਲਜੀਤ ਸਿੰਘ, ਲਵਪ੍ਰੀਤ ਲੱਕੀ ਤੇ ਬਲਜੀਤ ਸਿੰਘ ਬੱਬੂ ਮੰਗਲਵਾਰ ਦੁਪਹਿਰ ਨੂੰ ਅੰਮ੍ਰਿਤਸਰ ਤੋਂ ਮਨੀਕਰਨ ਸਾਹਿਬ ਵਿਖੇ ਮੱਥਾ ਟੇਕਣ ਲਈ ਗਏ ਸਨ ਪਰ ਅੱਜ ਰਸਤੇ 'ਚ ਉਨ੍ਹਾਂ ਦੀ ਇਨੋਵਾ ਕਾਰ ਖੱਡ 'ਚ ਡਿੱਗ ਗਈ, ਜਿਸ ਵਿਚ 8 ਲੋਕਾਂ ਦੀ ਮੌਕੇ 'ਤੇ ਹੀ ਜਾਨ ਚਲੀ ਗਈ ਅਤੇ ਇਕ ਗੰਭੀਰ ਜ਼ਖਮੀ ਹੋਇਆ ਹੈ।