20 ਸਾਲਾ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ
Sunday, Sep 24, 2023 - 02:21 PM (IST)

ਸਿੱਧਵਾਂ ਬੇਟ (ਚਾਹਲ) : ਨੇੜਲੇ ਪਿੰਡ ਅੱਕੂਵਾਲ ਵਿਖੇ ਇਕ 20 ਸਾਲਾ ਨੌਜਵਾਨ ਦੀ ਸ਼ੱਕੀ ਹਾਲਾਤ ’ਚ ਮੌਤ ਹੋ ਜਾਣ ਦਾ ਸਮਾਚਾਰ ਹੈ | ਪਿੰਡ ਵਿਚ ਨੌਜਵਾਨ ਦੀ ਮੌਤ ਦਾ ਕਾਰਨ ਚਿੱਟੇ ਦਾ ਨਸ਼ਾ ਦੱਸਿਆ ਜਾ ਰਿਹਾ ਹੈ ਤੇ ਸੋਸ਼ਲ ਮੀਡੀਆ ਉਪਰ ਵੀ ‘ਪਿੰਡ ਅੱਕੂਵਾਲ ਦੇ ਇਕ ਹੋਰ ਨੌਜਵਾਨ ਦੀ ਹੋਈ ਚਿੱਟੇ ਨਾਲ ਮੌਤ’ ਦੀਆਂ ਪੋਸਟਾਂ ਵਾਇਰਲ ਹੋ ਰਹੀਆਂ ਹਨ ਪਰ ਪੀੜਤ ਪਰਿਵਾਰ ਤੇ ਪੁਲਸ ਇਸ ਨੂੰ ਅਚਾਨਕ ਹੋਈ ਮੌਤ ਦੱਸ ਰਹੇ ਹਨ ਜਿਸ ਕਰ ਕੇ ਮ੍ਰਿਤਕ ਦਾ ਬਿਨਾਂ ਪੋਸਟ-ਮਾਰਟਮ ਕਰਵਾਏ ਸਸਕਾਰ ਵੀ ਕਰ ਦਿੱਤਾ ਗਿਆ | ਇਕੱਤਰ ਕੀਤੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਮਨਪ੍ਰੀਤ ਸਿੰਘ ਨਸ਼ੇ ਕਰਨ ਦਾ ਆਦੀ ਦੱਸਿਆ ਜਾ ਰਿਹਾ ਹੈ, ਜੋ ਬੀਤੇ ਕੱਲ ਵੀ ਨਸ਼ੇ ਦੀ ਓਵਰਡੋਜ਼ ਨਾਲ ਡਿੱਗਿਆ ਪਿਆ ਸੀ, ਜਿਸ ਨੂੰ ਉਸ ਦਾ ਗੁਆਢੀ ਮੋਟਰਸਾਈਕਲ ’ਤੇ ਘਰ ਛੱਡ ਗਿਆ ਤੇ ਕੁਝ ਦੇਰ ਬਾਅਦ ਉਸ ਦੀ ਮੌਤ ਹੋ ਗਈ|
ਮਨਪ੍ਰੀਤ ਦੀ ਮੌਤ ਹੋਣ ਕਾਰਨ ਪਿੰਡ ਵਿਚ ਡਰ ਤੇ ਸਹਿਮ ਦਾ ਮਾਹੌਲ ਵੇਖਣ ਨੂੰ ਮਿਲ ਰਿਹਾ ਹੈ, ਕਿਉਂਕਿ ਪਿੰਡ ਵਾਸੀਆਂ ਅਨੁਸਾਰ ਇਕ ਮਹੀਨੇ ਅੰਦਰ ਹੀ ਨਸ਼ੇ ਨਾਲ ਇਹ ਦੂਜੇ ਨੌਜਵਾਨ ਦੀ ਮੌਤ ਹੋਈ ਹੈ, ਇਸ ਤੋਂ ਕੁਝ ਸਮਾਂ ਪਹਿਲਾਂ ਗਰੀਬ ਪਰਿਵਾਰ ਦਾ ਇਕਲੌਤਾ ਪੁੱਤਰ ਨਸ਼ੇ ਦੀ ਭੇਟ ਚੜ੍ਹ ਚੁੱਕਾ ਹੈ | ਇਸ ਸਬੰਧੀ ਥਾਣਾ ਸਿੱਧਵਾਂ ਬੇਟ ਦੇ ਇੰਚਾਰਜ ਇੰਸਪੈਕਟਰ ਕੁਲਵਿੰਦਰ ਸਿੰਘ ਦਾ ਕਹਿਣਾ ਹੈ ਕਿ ਮੌਤ ਦੀ ਜਾਣਕਾਰੀ ਮਿਲਣ ’ਤੇ ਪੁਲਸ ਨੇ ਪਰਿਵਾਰਕ ਮੈਂਬਰਾਂ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਦੱਸਿਆ ਕਿ ਮਨਪ੍ਰੀਤ ਦੀ ਮੌਤ ਰਾਤ ਨੂੰ ਸੁੱਤੇ ਪਏ ਸਮੇਂ ਅਚਾਨਕ ਹੋਈ ਹੈ ਜਿਸ ਵਿਚ ਕਿਸੇ ਦਾ ਕੋਈ ਦੋਸ਼ ਨਹੀਂ ਹੈ ਅਤੇ ਨਾ ਹੀ ਅਸੀਂ ਕੋਈ ਕਾਰਵਾਈ ਕਰਵਾਉਣੀ ਹੈ |