ਟਰੈਕਟਰ-ਟਰਾਲੀ ਦੀ ਟੱਕਰ ਨਾਲ 2 ਨੌਜਵਾਨਾਂ ਦੀ ਮੌਤ

01/22/2019 4:42:59 PM

ਰਾਹੋਂ (ਪ੍ਰਭਾਕਰ) : ਉਸਮਾਨਪੁਰ ਤੋਂ ਜਲਵਾਹਾ ਨੂੰ ਜਾ ਰਹੇ 2 ਮੋਟਰਸਾਈਕਲ ਸਵਾਰਾਂ ਦੀ ਟਰੈਕਟਰ ਦੀ ਟੱਕਰ ਵੱਜਣ ਕਾਰਨ ਮੌਕੇ 'ਤੇ ਮੌਤ ਹੋ ਗਈ। ਥਾਣਾ ਰਾਹੋਂ ਦੇ ਏ.ਐੱਸ.ਆਈ. ਕਰਮਜੀਤ ਤੇ ਹੈੱਡ ਕਾਂਸਟੇਬਲ ਹੇਮਰਾਜ ਨੇ ਦੱਸਿਆ ਕਿ ਪਿੰਡ ਜਲਵਾਹਾ ਦੇ ਰਹਿਣ ਵਾਲੇ ਹਰਵਿੰਦਰ ਕੁਮਾਰ ਪੁੱਤਰ ਸੋਹਨ ਲਾਲ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਹ ਤੇ ਸਰਬਜੀਤ ਆਪਣੇ ਮੋਟਰਸਾਈਕਲ 'ਤੇ ਪਿੰਡ ਜਲਵਾਹਾ ਤੋਂ ਉਸਮਾਨਪੁਰ ਘਰੇਲੂ ਕੰਮ ਲਈ ਜਾ ਰਹੇ ਸਨ ਤਾਂ ਸਾਹਮਣਿਓਂ ਮੇਰਾ ਵੱਡਾ ਭਰਾ ਵਿਕਰਮਜੀਤ (30) ਤੇ ਉਸ ਦੇ ਨਾਲ ਪਿੰਡ ਦਾ ਸੁਖਵਿੰਦਰ ਕੁਮਾਰ (24) ਪੁੱਤਰ ਕਮਲਜੀਤ ਰਾਮ ਬੁਲਟ ਮੋਟਰਸਾਈਕਲ 'ਤੇ ਆ ਰਹੇ ਸਨ ਜਦੋਂ ਅਸੀਂ ਥੋੜ੍ਹਾ ਜਿਹਾ ਅੱਗੇ ਗਏ ਤਾਂ ਸਾਹਮਣਿਓਂ ਇਕ ਮਹਿੰਦਰਾ ਟਰੈਕਟਰ-ਟਰਾਲੀ ਚਾਲਕ ਕਾਫੀ ਤੇਜ਼ ਰਫਤਾਰ ਨਾਲ ਜਾ ਰਿਹਾ ਸੀ, ਨੇ ਤੇਜ਼ੀ ਨਾਲ ਜਾਂਦੇ ਹੋਏ ਬੁਲਟ ਵਿਚ ਟੱਕਰ ਮਾਰ ਦਿੱਤੀ।

ਟੱਕਰ ਕਾਰਨ ਸੁਖਵਿੰਦਰ ਕੁਮਾਰ ਤੇ ਵਿਕਰਮਜੀਤ ਦੋਵਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਜਦੋਂ ਉਨ੍ਹਾਂ ਰੁਕ ਕੇ ਦੇਖਿਆ ਤਾਂ ਟਰੈਕਟਰ ਨੂੰ ਹਰਮੇਸ਼ ਲਾਲ ਪੁੱਤਰ ਸ਼ੰਕਰ ਦਾਸ ਵਾਸੀ ਬਰਨਾਲਾ ਕਲਾਂ ਥਾਣਾ ਨਵਾਂਸ਼ਹਿਰ ਚਲਾ ਰਿਹਾ ਸੀ ਜੋ ਮੌਕੇ ਤੋਂ ਫਰਾਰ ਹੋ ਗਿਆ। ਲੋਕਾਂ ਦੀ ਮਦਦ ਨਾਲ ਦੋਵਾਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਨਵਾਂਸ਼ਹਿਰ ਸਿਵਲ ਹਸਪਤਾਲ ਵਿਖੇ ਲਿਜਾਇਆ ਗਿਆ। ਏ. ਐੱਸ. ਆਈ. ਕਰਮਜੀਤ ਨੇ ਦੱਸਿਆ ਕਿ ਹਰਵਿੰਦਰ ਕੁਮਾਰ ਦੇ ਬਿਆਨਾਂ 'ਤੇ ਟਰੈਕਟਰ ਚਾਲਕ ਹਰਮੇਸ਼ ਲਾਲ ਪੁੱਤਰ ਸ਼ੰਕਰ ਦਾਸ ਖਿਲਾਫ਼ ਥਾਣਾ ਰਾਹੋਂ ਵਿਖੇ ਮਾਮਲਾ ਦਰਜ ਕਰਕੇ ਮੁਲਜ਼ਮ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਪੋਸਟਮਾਰਟਮ ਤੋਂ ਬਾਅਦ ਲਾਸ਼ਾਂ ਵਾਰਿਸਾਂ ਹਵਾਲੇ ਕਰ ਦਿੱਤੀਆਂ ਗਈਆਂ ਹਨ।


Gurminder Singh

Content Editor

Related News