ਨੌਜਵਾਨਾਂ ਦੀ ਖ਼ੂਨੀ ਜੰਗ ''ਚ ਦੂਜੇ ਨੌਜਵਾਨ ਦੀ ਵੀ ਮੌਤ, ਪਰਿਵਾਰ ਨੇ ਦਿੱਤੀ ਵੱਡੀ ਚਿਤਾਵਨੀ
Saturday, May 02, 2026 - 01:14 PM (IST)
ਮਾਛੀਵਾੜਾ ਸਾਹਿਬ (ਟੱਕਰ) : ਲੰਘੀ ਸ਼ਾਮ ਰਤੀਪੁਰ ਰੋਡ ’ਤੇ ਇੱਕ ਕਾਲੋਨੀ ’ਚ ਨੌਜਵਾਨਾਂ ਦੇ ਦੋ ਧੜਿਆਂ ਵਿਚਕਾਰ ਹੋਈ ਖੂਨੀ ਜੰਗ ਦੌਰਾਨ ਗਗਨਦੀਪ ਸਿੰਘ ਉਰਫ਼ ਬਿੱਲਾ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ, ਜਦੋਂ ਕਿ ਅੱਜ ਦੂਜਾ ਨੌਜਵਾਨ ਮਨਪ੍ਰੀਤ ਸਿੰਘ ਉਰਫ਼ ਮਨੀ ਲੱਖੋਵਾਲ ਵੀ ਇਲਾਜ ਦੌਰਾਨ ਦਮ ਤੋੜ ਗਿਆ। ਅੱਜ ਮਾਛੀਵਾੜਾ ਵਿਖੇ ਐੱਸ. ਪੀ. ਹਰਪਿੰਦਰ ਕੌਰ ਨੇ ਪ੍ਰੈੱਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦਿਆਂ ਦੱਸਿਆ ਕਿ 2 ਨੌਜਵਾਨਾਂ ਦੇ ਕਤਲ ਮਾਮਲੇ ’ਚ ਪੁਲਸ ਵਲੋਂ ਦੇਰ ਰਾਤ ਹੀ 11 ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਸੀ, ਜਿਨ੍ਹਾਂ ’ਚ ਕਾਬਲ ਸਿੰਘ ਉਰਫ਼ ਪੰਨੂ ਪਿੰਡ ਮੁਗਲੇਵਾਲ, ਸ਼ੰਮੀ, ਪਰਮ ਗਰੇਵਾਲ ਵਾਸੀ ਈਸਾਪੁਰ, ਹਰਸ਼ ਚੀਮਾ ਟੰਡੀ ਮੰਡ, ਗੁਰਵਿੰਦਰ ਸਿੰਘ, ਜੱਸਾ, ਹਰਮਨ ਪਿੰਡ ਰਤੀਪੁਰ, ਜ਼ੈਲਾ ਵਾਸੀ ਪਿੰਡ ਬੈਰਸਾਲ, ਅੰਮ੍ਰਿਤ ਮਾਛੀਵਾੜਾ, ਖੁਸ਼ੂ ਵਾਸੀ ਸਮਰਾਲਾ, ਭੋਲਾ ਮਾਛੀਵਾੜਾ ਅਤੇ 10 ਤੋਂ 12 ਹੋਰ ਅਣਪਛਾਤੇ ਵਿਅਕਤੀ ਸ਼ਾਮਲ ਹਨ। ਐੱਸ. ਪੀ. ਨੇ ਦੱਸਿਆ ਕਿ ਦੋਵਾਂ ਧਿਰਾਂ ਵਿਚ ਜੋ ਝਗੜੇ ਦਾ ਕਾਰਨ ਹੈ, ਉਸ ਵਿਚ ਗਗਨਦੀਪ ਸਿੰਘ ਨੇ ਪਿੰਡ ਬੈਰਸਾਲਾਂ ਦੇ ਵਾਸੀ ਜੈਲੇ ਨੂੰ ਕਿਸੇ ਗੱਲ ਨੂੰ ਲੈ ਕੇ ਥੱਪੜ ਮਾਰੇ ਸਨ, ਜਿਸ ਤੋਂ ਬਾਅਦ ਦੋਵਾਂ ਧਿਰਾਂ ਵਿਚ ਰੰਜਿਸ਼ ਵੱਧ ਗਈ ਅਤੇ ਇਨ੍ਹਾਂ ਨੇ ਟਾਈਮ ਬੰਨ੍ਹ ਕੇ ਇੱਕ-ਦੂਜੇ ਨਾਲ ਲੜਨਾ ਤੈਅ ਕਰ ਲਿਆ। ਉਨ੍ਹਾਂ ਕਿਹਾ ਕਿ ਰਤੀਪੁਰ ਰੋਡ ’ਤੇ ਹੋਈ ਲੜਾਈ ਦੌਰਾਨ ਇੱਕ ਧਿਰ ਵਲੋਂ ਦੂਜੀ ਧਿਰ ’ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕੀਤਾ ਗਿਆ, ਜਿਸ ’ਚ ਗਗਨਦੀਪ ਸਿੰਘ ਬਿੱਲਾ ਵਾਸੀ ਹੇਡੋਂ ਅਤੇ ਮਨਪ੍ਰੀਤ ਸਿੰਘ ਉਰਫ਼ ਮਨੀ ਵਾਸੀ ਲੱਖੋਵਾਲ ਦੀ ਮੌਤ ਹੋ ਗਈ।
ਉਨ੍ਹਾਂ ਦੱਸਿਆ ਕਿ ਐੱਸ. ਐੱਸ. ਪੀ. ਖੰਨਾ ਦਰਪਣ ਆਹਲੂਵਾਲੀਆ ਦੇ ਨਿਰਦੇਸ਼ਾਂ ਤਹਿਤ ਪੁਲਸ ਟੀਮਾਂ ਵਲੋਂ ਰਾਤ ਨੂੰ ਵੱਖ-ਵੱਖ ਥਾਵਾਂ ’ਤੇ ਛਾਪੇਮਾਰੀ ਕੀਤੀ ਗਈ ਅਤੇ ਹਮਲਾਵਾਰਾਂ ਦੀਆਂ 2 ਕਾਰਾਂ ਤੇ 3 ਦੋਪਹੀਆ ਵਾਹਨ ਬਰਾਮਦ ਕਰ ਲਏ ਗਏ। ਉਨ੍ਹਾਂ ਦੱਸਿਆ ਕਿ ਲੜਾਈ ਦੌਰਾਨ ਜੋ ਤੇਜ਼ਧਾਰ ਹਥਿਆਰਾਂ ਦੀ ਵਰਤੋਂ ਹੋਈ, ਉਹ ਵੀ ਮੌਕੇ ਤੋਂ ਬਰਾਮਦ ਕਰ ਲਏ ਹਨ। ਐੱਸ. ਪੀ. ਹਰਪਿੰਦਰ ਕੌਰ ਨੇ ਦੱਸਿਆ ਕਿ ਪਰਿਵਾਰ ਵਲੋਂ ਦੋਸ਼ ਲਗਾਏ ਗਏ ਹਨ ਕਿ ਮ੍ਰਿਤਕ ਨੌਜਵਾਨ ਗਗਨਦੀਪ ਸਿੰਘ ਪਿੰਡ ’ਚ ਨਸ਼ਾ ਵੇਚਣ ਵਾਲਿਆਂ ਨੂੰ ਰੋਕਦਾ ਸੀ, ਜਿਸ ਕਾਰਨ ਉਸਦਾ ਕਤਲ ਹੋਇਆ। ਉਸ ਸਬੰਧੀ ਵੀ ਵੱਖ-ਵੱਖ ਪਹਿਲੂਆਂ ਤੋਂ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀ ਨੇ ਕਿਹਾ ਕਿ ਕੁੱਝ ਵਿਅਕਤੀ ਸ਼ੱਕ ਦੇ ਆਧਾਰ ’ਤੇ ਕਾਬੂ ਕਰ ਲਏ ਹਨ ਅਤੇ ਜਲਦ ਸਾਰੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਜਾਵੇਗਾ।
ਦੋਸ਼ੀਆਂ ਦੇ ਫੜ੍ਹੇ ਜਾਣ ਤੱਕ ਨਹੀਂ ਕਰਾਂਗੇ ਅੰਤਿਮ ਸਸਕਾਰ
ਇਸ ਖੂਨੀ ਜੰਗ ’ਚ ਕਤਲ ਹੋਏ ਪਿੰਡ ਹੇਡੋਂ ਬੇਟ ਦਾ ਵਾਸੀ ਗਗਨਦੀਪ ਸਿੰਘ ਵੱਖ-ਵੱਖ ਜੱਥੇਬੰਦੀਆਂ ਨਾਲ ਜੁੜਿਆ ਹੋਇਆ ਸੀ, ਜਿਸ ਨੇ ਕਿਸਾਨੀ ਮੋਰਚਾ, ਬੰਦੀ ਸਿੰਘਾਂ ਦੀ ਰਿਹਾਈ, ਪੰਜਾਬ ਯੂਨੀਵਰਸਿਟੀ ਮਾਮਲਾ, ਸਮਾਣਾ ਮਾਮਲੇ ਸਬੰਧੀ ਕੀਤੇ ਸੰਘਰਸ਼ਾਂ ਵਿਚ ਹਿੱਸਾ ਲਿਆ ਸੀ। ਅੱਜ ਉਸਦੀ ਮੌਤ ਤੋਂ ਬਾਅਦ ਵੱਖ-ਵੱਖ ਜੱਥੇਬੰਦੀਆਂ ਦੇ ਨੁਮਾਇੰਦੇ ਮਾਛੀਵਾੜਾ ਥਾਣਾ ਪੁੱਜੇ, ਜਿਨ੍ਹਾਂ ਮੰਗ ਕੀਤੀ ਕਿ ਜਲਦ ਤੋਂ ਜਲਦ ਕਾਤਲਾਂ ਨੂੰ ਗ੍ਰਿਫ਼ਤਾਰ ਕੀਤਾ ਜਾਵੇ। ਇਸ ਮੌਕੇ ਮ੍ਰਿਤਕ ਦੇ ਭਰਾ ਨਵਦੀਪ ਸਿੰਘ ਤੇ ਸਵ. ਦੀਪ ਸਿੱਧੂ ਟੀਮ ਦੇ ਆਗੂ ਰਾਜਾ ਕਾਹਲੋਂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਜਦੋਂ ਤੱਕ ਪੁਲਸ ਕਾਤਲਾਂ ਨੂੰ ਗ੍ਰਿਫ਼ਤਾਰ ਨਹੀਂ ਕਰਦੀ, ਉਦੋਂ ਤੱਕ ਗਗਨਦੀਪ ਸਿੰਘ ਦਾ ਅੰਤਿਮ ਸਸਕਾਰ ਨਹੀਂ ਕਰਾਂਗੇ।
ਗਗਨਦੀਪ ਸਿੰਘ ਦੀ ਮੌਤ ਤੋਂ ਬਾਅਦ ਉਸਦੀ ਦਾਦੀ ਵੀ ਚੱਲ ਵਸੀ
ਪਿੰਡ ਹੇਡੋਂ ਬੇਟ ਦੇ ਵਾਸੀ ਸੁਰਿੰਦਰ ਸਿੰਘ ਲਈ ਇਕ ਮਈ ਬੜੀ ਹੀ ਮੰਦਭਾਗੀ ਚੜ੍ਹੀ। ਪਹਿਲਾਂ ਸ਼ਾਮ ਉਸ ਨੂੰ ਆਪਣੇ ਨੌਜਵਾਨ ਪੁੱਤਰ ਗਗਨਦੀਪ ਸਿੰਘ ਦੇ ਕਤਲ ਕੀਤੇ ਜਾਣ ਦੀ ਦੁਖ਼ਦ ਖ਼ਬਰ ਮਿਲੀ ਅਤੇ ਜਦੋਂ ਉਹ ਦੇਰ ਰਾਤ ਘਰ ਗਿਆ ਤਾਂ ਅੱਗੋਂ ਉਸਦੀ ਮਾਤਾ ਤੇ ਗਗਨਦੀਪ ਸਿੰਘ ਦੀ ਦਾਦੀ ਵੀ ਅਕਾਲ ਚਲਾਣਾ ਕਰ ਗਈ। ਮ੍ਰਿਤਕ ਦੀ ਦਾਦੀ ਮਹਿੰਦਰ ਕੌਰ ਦੀ ਉਮਰ ਕਰੀਬ 71 ਸਾਲ ਸੀ ਅਤੇ ਹਾਰਟ ਅਟੈਕ ਕਾਰਨ ਉਸਦੀ ਮੌਤ ਦੱਸੀ ਜਾ ਰਹੀ ਹੈ। ਪਿੰਡ ਹੇਡੋਂ ਬੇਟ ਦੇ ਇਸ ਘਰ ’ਚੋਂ ਨੌਜਵਾਨ ਪੋਤੇ ਅਤੇ ਬਜ਼ੁਰਗ ਦਾਦੀ ਦੋਵਾਂ ਦੀ ਮੌਤ ਬਾਰੇ ਖ਼ਬਰ ਸੁਣ ਕੇ ਇਲਾਕੇ ਵਿਚ ਸੋਗ ਦੀ ਲਹਿਰ ਸੀ।
