ਏ. ਸੀ. ਪੀ. ਦਾ ਭਤੀਜਾ ਬਣ ਕੇ ਲੋਕਾਂ ਨੂੰ ਧਮਕਾਉਣ ਵਾਲਾ ਚੜ੍ਹਿਆ ਪੁਲਸ ਦੇ ਹੱਥੇ
Tuesday, Mar 05, 2019 - 12:55 PM (IST)

ਲੁਧਿਆਣਾ (ਤਰੁਣ) - ਏ. ਸੀ. ਪੀ. ਦਾ ਭਤੀਜਾ ਬਣ ਕੇ ਸ਼ਹਿਰ ਭਰ 'ਚ ਆਪਣੀ ਧੌਂਸ ਜਮਾਉਂਣ ਵਾਲੇ ਨੌਜਵਾਨ ਨੂੰ ਪੁਲਸ ਨੇ ਕਾਬੂ ਕਰ ਲਿਆ ਹੈ। ਮੁਲਜ਼ਮ ਪੁਲਸ ਉੱਚ ਅਧਿਕਾਰੀ ਦੇ ਨਾਂ 'ਤੇ ਲੋਕਾਂ ਨੂੰ ਧਮਕਾ ਕੇ ਉਨ੍ਹਾਂ ਤੋਂ ਨਕਦੀ ਠੱਗਦਾ ਰਿਹਾ। ਮੁਲਜ਼ਮ ਅਸਲਾ ਲਾਇਸੈਂਸ, ਪੁਲਸ ਨੌਕਰੀ ਅਤੇ ਹੋਰ ਲਾਇਸੈਂਸ ਬਣਵਾਉਣ ਦੇ ਨਾਂ 'ਤੇ ਕਈ ਲੋਕਾਂ ਨੂੰ ਠੱਗੀ ਦਾ ਸ਼ਿਕਾਰ ਬਣਾ ਚੁੱਕਾ ਹੈ। ਇੰਨਾ ਹੀ ਨਹੀਂ, ਮੁਲਜ਼ਮ ਏ. ਸੀ. ਪੀ. ਧਰਮਪਾਲ ਤੋਂ 15 ਹਜ਼ਾਰ ਅਤੇ ਡੀ. ਟੀ. ਓ. ਦਫਤਰ 'ਚ ਕੰਮ ਕਰਨ ਵਾਲੀ ਇਕ ਔਰਤ ਤੋਂ 25 ਹਜ਼ਾਰ ਰੁਪਏ ਦੀ ਠੱਗੀ ਮਾਰ ਚੁੱਕਾ ਹੈ। ਸੂਚਨਾ ਮਿਲਣ ਤੋਂ ਬਾਅਦ ਥਾਣਾ ਡਵੀਜ਼ਨ ਨੰ. 4 ਦੀ ਪੁਲਸ ਨੇ ਉਕਤ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ, ਜੋ ਸ਼ਿਵਪੁਰੀ ਇਲਾਕੇ ਦਾ ਰਹਿਣ ਵਾਲਾ ਹੈ। ਹਾਲ ਦੀ ਘੜੀ ਪੀੜਤ ਲੋਕਾਂ ਨੇ ਪੁਲਸ ਦੇ ਸਾਹਮਣੇ ਮੁਲਜ਼ਮ ਖਿਲਾਫ ਲਿਖਤੀ ਸ਼ਿਕਾਇਤ ਦੇ ਕੇ ਨਿਆਂ ਦੀ ਮੰਗ ਕੀਤੀ ਹੈ। ਥਾਣਾ ਡਵੀਜ਼ਨ ਨੰ. 4 ਦੇ ਮੁਖੀ ਜਸਪਾਲ ਸਿੰਘ ਨੇ ਦੱਸਿਆ ਕਿ ਉਕਤ ਮੁਲਜ਼ਮ ਦੇ ਖਿਲਾਫ ਦੇਰ ਸ਼ਾਮ ਤੱਕ ਕਰੀਬ 7-8 ਸ਼ਿਕਾਇਤਾਂ ਮਿਲ ਚੁੱਕੀਆਂ ਹਨ।
ਮੁਲਜ਼ਮ ਦੀ ਕਾਰ 'ਤੇ ਲੱਗਾ ਪੁਲਸ ਦਾ ਸਟਿੱਕਰ ਅਤੇ ਹੂਟਰ
ਮਿਲੀ ਜਾਣਕਾਰੀ ਅਨੁਸਾਰ ਕਾਬੂ ਕੀਤੇ ਦੋਸ਼ੀ ਕੋਲ ਸਵਿਫਟ ਕਾਰ ਹੈ, ਜਿਸ 'ਤੇ ਪੁਲਸ ਦਾ ਸਟਿੱਕਰ ਲੱਗਾ ਹੋਇਆ ਹੈ। ਕਾਰ ਦੇ ਅੰਦਰ ਹਾਈ ਪ੍ਰੈਸ਼ਰ ਪੁਲਸ ਦਾ ਸਾਇਰਨ ਮਤਲਬ ਹੂਟਰ ਲੱਗਾ ਹੋਇਆ ਹੈ। ਇਲਾਕੇ 'ਚ ਦਾਖਲ ਹੁੰਦੇ ਸਾਰ ਉਹ ਲੋਕਾਂ 'ਤੇ ਧੌਂਸ ਜਮਾਉਣ ਲਈ ਹੂਟਰ ਦੀ ਵਰਤੋਂ ਕਰਦਾ ਸੀ। ਸੂਤਰਾਂ ਦੇ ਮੁਤਾਬਕ ਕਿਸੇ ਵੱਡੇ ਆਗੂ ਦਾ ਹੱਥ ਤਾਂ ਮੁਲਜ਼ਮ ਦੇ ਸਿਰ 'ਤੇ ਦੱਸਿਆ ਜਾ ਰਿਹਾ ਹੈ।
ਪੀੜਤ ਪੱਖ ਵੱਲੋਂ ਮਿਲੀਆਂ ਸ਼ਿਕਾਇਤਾਂ :
. ਪੁਲਸ 'ਚ ਨੌਕਰੀ ਦਿਵਾਉਣ ਦੇ ਨਾਂ 'ਤੇ ਉਕਤ ਮੁਲਜ਼ਮ ਨੇ ਕਾਰਾਬਾਰਾ ਦੇ ਰਹਿਣ ਵਾਲੇ ਅਮਨ ਤੋਂ 25 ਹਜ਼ਾਰ ਦੀ ਨਕਦੀ ਹੜੱਪੀ ਹੈ।
. ਸ਼ਿਵਪੁਰੀ ਦੇ ਰਹਿਣ ਵਾਲੇ ਗੁਲਸ਼ਨ ਕੁਮਾਰ ਤੋਂ ਲਾਇਸੈਂਸ ਬਣਵਾਉਣ ਦੇ ਨਾਂ 'ਤੇ 9 ਹਜ਼ਾਰ ਦੀ ਨਕਦੀ ਠੱਗੀ ਹੈ।
. ਰਾਣਾ ਪ੍ਰਤਾਪ ਸਿੰਘ ਅਤੇ ਰਾਜ ਸਿੰਘ ਤੋਂ 5-5 ਹਜ਼ਾਰ ਦੀ ਨਕਦੀ ਠੱਗੀ ਹੈ।
. ਸੂਤਰਾਂ ਮੁਤਾਬਕ ਮੁਲਜ਼ਮ ਨੇ ਕਾਲਜ ਰੋਡ 'ਤੇ ਸਥਿਤ ਇਕ ਬੁਟੀਕ ਅਤੇ ਸੈਲੂਨ ਦੇ ਮਾਲਕ ਨਾਲ ਵੀ ਠੱਗੀ ਕੀਤੀ ਹੈ।
ਕੀ ਕਹਿੰਦੇ ਹਨ ਏ. ਸੀ. ਪੀ. ਧਰਮਪਾਲ
ਇਸ ਸਬੰਧੀ ਜਦੋਂ ਏ. ਸੀ. ਪੀ. ਧਰਮਪਾਲ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਦੱਸਿਆ ਕਿ ਮੁਲਜ਼ਮ ਨਾਲ ਉਨ੍ਹਾਂ ਦੀ ਕੋਈ ਰਿਸ਼ਤੇਦਾਰੀ ਨਹੀਂ ਹੈ। ਥਾਣਾ ਦਰੇਸੀ 'ਚ ਕਿਸੇ ਦੀ ਸ਼ਿਕਾਇਤ ਨੂੰ ਲੈ ਕੇ ਉਕਤ ਮੁਲਜ਼ਮ ਉਨ੍ਹਾਂ ਕੋਲ ਆਇਆ ਸੀ। ਜੇਕਰ ਮੁਲਜ਼ਮ ਉਨ੍ਹਾਂ ਦੇ ਨਾਂ ਦੀ ਗਲਤ ਵਰਤੋਂ ਕਰ ਕੇ ਲੋਕਾਂ ਨੂੰ ਠੱਗ ਰਿਹਾ ਹੈ ਤਾਂ ਉਸ ਦੇ ਖਿਲਾਫ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਇਸ ਸਬੰਧੀ ਉਨ੍ਹਾਂ ਨੇ ਲੁਧਿਆਣਾ ਦੇ ਥਾਣਾ ਡਵੀਜ਼ਨ ਨੰ. 4 ਅਤੇ ਥਾਣਾ ਦਰੇਸੀ ਦੇ ਮੁਖੀ ਨੂੰ ਮੁਲਜ਼ਮ ਖਿਲਾਫ ਸਖਤ ਤੋਂ ਸਖਤ ਕਾਰਵਾਈ ਕਰਨ ਲਈ ਕਿਹਾ ਹੈ।