ਪਰਿਵਾਰ ’ਤੇ ਟੁੱਟਾ ਦੁੱਖਾਂ ਦਾ ਪਹਾੜ, ਭਰਾ ਦੀ ਬਰਸੀ ਮਨਾਉਣ ਦੀ ਤਿਆਰੀ ਕਰ ਰਹੇ ਨੌਜਵਾਨ ਨਾਲ ਵਾਪਰਿਆ ਭਾਣਾ
Monday, May 31, 2021 - 11:47 AM (IST)

ਭਵਾਨੀਗੜ੍ਹ (ਵਿਕਾਸ) : ਬੀਤੀ ਦੇਰ ਸ਼ਾਮ ਸੁਨਾਮ-ਸੰਗਰੂਰ ਕੈਂਚੀਆਂ ਨੇੜੇ ਮੁੱਖ ਸੜਕ ’ਤੇ ਕਿਸੇ ਅਣਪਛਾਤੇ ਵਾਹਨ ਦੀ ਲਪੇਟ ’ਚ ਆ ਜਾਣ ਕਾਰਨ ਮੋਟਰਸਾਇਕਲ ਸਵਾਰ ਇਕ ਨੌਜਵਾਨ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਾਰ ਲਖਵੀਰ ਸਿੰਘ (30) ਪੁੱਤਰ ਲਾਲ ਸਿੰਘ ਵਾਸੀ ਮੁਲੋਵਾਲ (ਧੂਰੀ) ਹਾਲ ਆਬਾਦ ਦਸ਼ਮੇਸ਼ ਨਗਰ ਭਵਾਨੀਗੜ੍ਹ ਐਤਵਾਰ ਰਾਤ ਕਰੀਬ 8 ਕੁ ਵਜੇ ਮੋਟਰਸਾਇਕਲ ਰਾਹੀਂ ਅਪਣੇ ਪਿੰਡ ਤੋਂ ਭਵਾਨੀਗੜ੍ਹ ਨੂੰ ਵਾਪਸ ਆ ਰਿਹਾ ਸੀ ਕਿ ਸੁਨਾਮ-ਸੰਗਰੂਰ ਕੈਂਚੀਆਂ ਪੁਲ ਨੇੜੇ ਅਣਪਛਾਤੇ ਵਾਹਨ ਚਾਲਕ ਨੇ ਉਸਦੇ ਮੋਟਰਸਾਇਕਲ ਨੂੰ ਪਿਛੋਂ ਟੱਕਰ ਮਾਰ ਦਿੱਤੀ ਅਤੇ ਮੌਕੇ ਤੋਂ ਫਰਾਰ ਹੋ ਗਿਆ।
ਹਾਦਸੇ ਦੌਰਾਨ ਮੋਟਰਸਾਇਕਲ ਸਵਾਰ ਲਖਵੀਰ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਦੀ ਜਾਂਚ ਕਰ ਰਹੇ ਭਵਾਨੀਗੜ੍ਹ ਥਾਣੇ ਦੇ ਏ.ਐੱਸ.ਆਈ. ਬਲਵਿੰਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਲਖਵੀਰ ਸਿੰਘ ਇੱਥੇ ਕਿਰਾਏ ’ਤੇ ਰਹਿੰਦਾ ਸੀ ਅਤੇ ਪਿਛਲੇ ਸਮੇਂ ਦੌਰਾਨ ਉਸਦੇ ਭਰਾ ਦੀ ਮੌਤ ਹੋ ਗਈ ਸੀ ਜਿਸਦੀ ਬਰਸੀ ਮਨਾਉਣ ਸਬੰਧੀ ਉਸਦਾ ਪਰਿਵਾਰ ਤਿਆਰੀਆਂ ਕਰਨ ਵਿਚ ਜੁੱਟਿਆ ਹੋਇਆ ਸੀ। ਬੀਤੀ ਰਾਤ ਵੀ ਮ੍ਰਿਤਕ ਲਖਵੀਰ ਸਿੰਘ ਆਪਣੇ ਪਰਿਵਾਰਕ ਮੈਂਬਰਾਂ ਨਾਲ ਸਲਾਹ ਮਸ਼ਵਰਾ ਕਰਕੇ ਪਿੰਡ ਤੋਂ ਵਾਪਸ ਆ ਰਿਹਾ ਸੀ ਕਿ ਰਸਤੇ ਵਿਚ ਉਸ ਨਾਲ ਇਹ ਭਾਣਾ ਵਾਪਰ ਗਿਆ। ਪੁਲਸ ਅਧਿਕਾਰੀ ਨੇ ਦੱਸਿਆ ਕਿ ਮ੍ਰਿਤਕ ਦੇ ਪਰਿਵਾਰ ਦੇ ਬਿਆਨਾਂ ਮੁਤਾਬਕ ਪੁਲਸ ਵੱਲੋਂ ਕਾਰਵਾਈ ਕੀਤੀ ਜਾਵੇਗੀ।