ਨਸ਼ੇ ਦੀ ਓਵਰ ਡੋਜ਼ ਕਾਰਣ ਨੌਜਵਾਨ ਦੀ ਮੌਤ

2/25/2021 3:06:53 PM

ਸਮਾਣਾ (ਦਰਦ, ਅਸ਼ੋਕ) : ਨਸ਼ੇ ਦੀ ਓਵਰਡੋਜ਼ ਦੇ ਸ਼ੱਕ ’ਚ ਪਿੰਡ ਮਰੋਡ਼ੀ ਦੇ ਇਕ ਨੌਜਵਾਨ ਦੀ ਮੌਤ ਹੋਣ ਦਾ ਸਮਾਚਾਰ ਹੈ। ਉਸ ਦੀ ਲਾਸ਼ ਨੇਡ਼ਿਓਂ ਨਸ਼ੇ ਦੀਆਂ ਗੋਲੀਆਂ ਦੇ ਪੱਤੇ, ਸਰਿੰਜਾਂ ਅਤੇ ਨਸ਼ਾ ਸੇਵਨ ਕਰਨ ’ਚ ਵਰਤਿਆ ਜਾਣ ਵਾਲਾ ਕੁਝ ਸਾਮਾਨ ਵੀ ਬਰਾਮਦ ਹੋਇਆ। ਮ੍ਰਿਤਕ ਦੀ ਪਛਾਣ ਕੁਲਵਿੰਦਰ ਸਿੰਘ ਪੁੱਤਰ ਬਿਸ਼ਨ ਸਿੰਘ ਪਿੰਡ ਮਰੋਡ਼ੀ ਵਜੋਂ ਹੋਈ। ਜਾਣਕਾਰੀ ਦਿੰਦਿਆਂ ਮਵੀਕਲਾਂ ਪੁਲਸ ਚੌਕੀ ਇੰਚਾਰਜ ਸਬ-ਇੰਸਪੈਕਟਰ ਸਾਹਿਬ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਣ ’ਤੇ ਪੁਲਸ ਨੂੰ ਪਿੰਡ ਧਨੇਠਾ ਤੋਂ ਪਿੰਡ ਚੱਕ ਅੰਮ੍ਰਿਤਸਰੀਆ ਨੂੰ ਜਾਂਦੇ ਕੱਚੇ ਰਸਤੇ ’ਤੇ ਸੁਨਸਾਨ ਜਗ੍ਹਾ ’ਚ ਬਣੇ ਇਕ ਕਮਰੇ ’ਚ ਉਕਤ ਲਾਸ਼ ਬਰਾਮਦ ਹੋਈ। ਉਥੇ ਖਡ਼੍ਹੇ ਇਕ ਮੋਟਰਸਾਈਕਲ ਦੇ ਨੰਬਰ ਦੀ ਜਾਂਚ-ਪਡ਼ਤਾਲ ਉਪਰੰਤ ਬੁਲਾਏ ਮ੍ਰਿਤਕ ਦੇ ਭਰਾ ਕੁਲਵੰਤ ਸਿੰਘ ਨਿਵਾਸੀ ਪਿੰਡ ਮਰੋਡ਼ੀ ਨੇ ਪਰਿਵਾਰਕ ਮੈਂਬਰਾਂ ਨਾਲ ਹਸਪਤਾਲ ਪਹੁੰਚ ਕੇ ਆਪਣੇ ਭਰਾ ਕੁਲਵਿੰਦਰ ਸਿੰਘ ਦੀ ਲਾਸ਼ ਦੀ ਪਛਾਣ ਕੀਤੀ। 

ਇਹ ਵੀ ਪੜ੍ਹੋ : ‘ਅੰਦੋਲਨ ਕਰ ਰਹੇ ਪੰਜਾਬ ਦੇ 2 ਕਿਸਾਨਾਂ ਦੀ ਮੌਤ’

PunjabKesari

ਕੁਲਵੰਤ ਸਿੰਘ ਅਨੁਸਾਰ ਕੁਲਵਿੰਦਰ ਸਿੰਘ ਦੀ ਪਤਨੀ ਕਰੀਬ 6 ਮਹੀਨੇ ਪਹਿਲਾਂ ਪੇਕੇ ਚਲੀ ਗਈ ਸੀ, ਜਿਸ ਕਾਰਣ 3 ਛੋਟੇ ਬੇਟਿਆਂ ਦਾ ਪਿਤਾ ਕੁਲਵਿੰਦਰ ਸਿੰਘ ਅਕਸਰ ਪ੍ਰੇਸ਼ਾਨ ਰਹਿਣ ਲੱਗਾ। ਇਸੇ ਕਾਰਣ ਉਹ ਨਸ਼ੇ ਦਾ ਆਦੀ ਹੋ ਗਿਆ। ਮੰਗਲਵਾਰ ਸਵੇਰੇ ਕੁਝ ਸਮੇਂ ਬਾਅਦ ਆਉਣ ਬਾਰੇ ਕਹਿ ਕੇ ਉਹ ਬਾਈਕ ਲੈ ਕੇ ਚੱਲਾ ਗਿਆ ਪਰ ਰਾਤ ਤੱਕ ਵਾਪਸ ਨਹੀਂ ਆਇਆ। ਉਸ ਦੀ ਤਲਾਸ਼ ਕੀਤੀ ਜਾ ਰਹੀ ਸੀ ਕਿ ਬੁੱਧਵਾਰ ਦੁਪਹਿਰ ਉਸ ਦੀ ਲਾਸ਼ ਬਰਾਮਦ ਹੋ ਗਈ। ਪੁਲਸ ਅਧਿਕਾਰੀ ਅਨੁਸਾਰ ਨੌਜਵਾਨ ਦੀ ਲਾਸ਼ ਹਸਪਤਾਲ ਦੀ ਮੋਰਚਰੀ ’ਚ ਰੱਖ ਦਿੱਤੀ ਗਈ ਹੈ। ਪੋਸਟਮਾਰਟਮ ਰਿਪੋਰਟ ਉਪਰੰਤ ਹੀ ਮੌਤ ਦੇ ਅਸਲ ਕਾਰਨਾਂ ਦਾ ਪਤਾ ਲਗੇਗਾ।

ਇਹ ਵੀ ਪੜ੍ਹੋ : ਸਕੱਤਰ ਐਜੂਕੇਸ਼ਨ ਦੀ ਸਖ਼ਤੀ : ਨਿੱਜੀ ਸਕੂਲਾਂ ਦੇ ਅਧਿਆਪਕਾਂ ਨੂੰ ਵੀ ਕਰਵਾਉਣੀ ਹੋਵੇਗੀ ਕੋਵਿਡ-19 ਜਾਂਚ

ਨੋਟ — ਇਸ ਖ਼ਬਰ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ, ਕੁਮੈਂਟ ਬਾਕਸ ’ਚ ਦਿਓ ਆਪਣੀ ਰਾਏ


Anuradha

Content Editor Anuradha