ਮਹਿੰਗੇ ਫੋਨ ਦੇ ਸ਼ੌਂਕ ਨੇ ਖੋਹ ਲਈ ਨੌਜਵਾਨ ਦੀ ਜ਼ਿੰਦਗੀ
Friday, Jun 10, 2016 - 12:51 PM (IST)

ਪਟਿਆਲਾ : ਇਕ ਨੌਜਵਾਨ ਨੇ ਆਪਣੇ ਦੋਸਤਾਂ ਦੀ ਦੇਖਾ-ਦੇਖੀ ਮਹਿੰਗਾ ਸਮਾਰਟ ਫੋਨ ਕਿਸ਼ਤਾਂ ''ਤੇ ਲੈ ਲਿਆ। ਸਾਰੀਆਂ ਕਿਸ਼ਤਾਂ ਭਰਨ ਦੇ ਬਾਵਜੂਦ ਮੋਬਾਇਲ ਦੁਕਾਨਦਾਰ ਵਲੋਂ ਵਕੀਲ ਰਾਹੀਂ ਉਸ ਨੂੰ ਨੋਟਿਸ ਭਿਜਵਾ ਕੇ ਪੈਸਿਆਂ ਲਈ ਨੌਜਵਾਨ ਨੂੰ ਪ੍ਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ। ਜਿਸ ਤੋਂ ਤੰਗ ਹੋ ਕੇ ਨੌਜਵਾਨ ਨੇ ਭਾਖੜਾ ਨਹਿਰ ''ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਪੁਲਸ ਨੇ ਹੁਣ ਦੁਕਾਨ ਮਾਲਕ ਸਮੇਤ ਤਿੰਨ ਲੋਕਾਂ ਖਿਲਾਫ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸ਼ਰਨਜੀਤ ਸਿੰਘ ਨਿਵਾਸੀ ਮੁਹੱਲਾ ਚਰਨ ਡੋਗਰਾ ਪਟਿਆਲਾ ਨੇ ਲਾਹੌਰੀ ਗੇਟ ਥਾਣਾ ਪੁਲਸ ਕੋਲ ਬਿਆਨ ਦਿੱਤਾ ਹੈ ਕਿ ਦੋਸ਼ੀ ਰਾਜਦੀਪ ਸਿੰਘ ਦੀ ਮੋਬਾਇਲ ਦੀ ਦੁਕਾਨ ਹੈ। ਉਸ ਦੇ ਭਰਾ ਗੁਰਸਿਮਰਨ ਸਿੰਘ (20) ਬਾਰਵੀਂ ਕਲਾਸ ''ਚ ਪੜ੍ਹਦਾ ਸੀ। ਉਸ ਨੇ ਆਪਣੇ ਸਾਥੀਆਂ ਦੀ ਦੇਖਾ-ਦੇਖੀ ਰਾਜਦੀਪ ਸਿੰਘ ਤੋਂ 15200 ਰੁਪਏ ਦਾ ਸਮਾਰਟ ਫੋਨ ਕਿਸ਼ਤਾਂ ''ਤੇ ਲੈ ਲਿਆ। ਰਾਜਦੀਪ ਸਿੰਘ ਨੇ ਸਿਕਓਰਿਟੀ ਦੇ ਤੌਰ ''ਤੇ ਉਸ ਦੇ ਭਰਾ ਗੁਰਸਿਮਰਨ ਸਿੰਘ ਤੋਂ ਇਕ ਖਾਲੀ ਚੈੱਕ ਵੀ ਸਾਈਨ ਕਰਵਾ ਕੇ ਲੈ ਲਿਆ।
ਗੁਰਸਿਮਰਨ ਨੇ ਸਾਰੀਆਂ ਕਿਸ਼ਤਾਂ ਭਰ ਦਿੱਤੀਆਂ। ਇਸ ਦੇ ਬਾਵਜੂਦ ਰਾਜਦੀਪ ਨੇ ਚੈੱਕ ''ਤੇ 90 ਹਜ਼ਾਰ ਦੀ ਰਾਸ਼ੀ ਭਰ ਕੇ ਇਸ ਨੂੰ ਬੈਂਕ ''ਚ ਲਗਾ ਦਿੱਤਾ ਅਤੇ ਵਕੀਲ ਰਾਹੀਂ ਗੁਰਸਿਮਰਨ ਸਿੰਘ ਨੂੰ ਨੋਟਿਸ ਭਿਜਵਾ ਦਿਤਾ। ਜਿਸ ਤੋਂ ਪ੍ਰੇਸ਼ਾਨ ਹੋ ਕੇ ਗੁਰਸਿਮਰਨ ਨੇ ਭਾਖੜਾ ਨਹਿਰ ''ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ। ਜਿਸ ਦੀ ਲਾਸ਼ ਟੋਹਾਨਾ ਨੇੜੇ ਨਹਿਰ ''ਚੋਂ ਬਰਾਮਦ ਹੋ ਗਈ ਹੈ। ਪੁਲਸ ਨੇ ਰਾਜਦੀਪ ਅਤੇ ਦੋ ਹੋਰਾਂ ਖਿਲਾਫ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ, ਮਾਮਲੇ ''ਚ ਅਜੇ ਕਿਸੇ ਵੀ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋ ਸਕੀ ਹੈ।