ਟਰਾਲੇ ਅਤੇ ਮੋਟਰਸਾਈਕਲ ਦੀ ਟੱਕਰ ''ਚ ਨੌਜਵਾਨ ਦੀ ਮੌਤ
Saturday, Oct 10, 2020 - 01:24 PM (IST)
ਗੁਰੂਹਰਸਹਾਏ (ਆਵਲਾ) : ਸ਼ਹਿਰ ਵਿਖੇ ਫਿਰੋਜ਼ਪੁਰ-ਫਾਜ਼ਿਲਕਾ ਰੋਡ 'ਤੇ ਬੀਤੇ ਵੀਰਵਾਰ ਦੇਰ ਰਾਤ ਟਰਾਲੇ ਅਤੇ ਮੋਟਰਸਾਈਕਲ 'ਚ ਟੱਕਰ ਹੋ ਜਾਣ ਨਾਲ ਮੋਟਰਸਾਈਕਲ ਸਵਾਰ ਨੌਜਵਾਨ ਦੀ ਸੜਕ ਹਾਦਸੇ ਦੌਰਾਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਸਬ ਇੰਸਪੈਕਟਰ ਬਲਰਾਜ ਸਿੰਘ ਨੇ ਦੱਸਿਆ ਕਿ ਮੰਗਲ ਸਿੰਘ ਪੁੱਤਰ ਹਰਬੰਸ ਸਿੰਘ (26 ਸਾਲ) ਆਪਣੇ ਮੋਟਰ ਸਾਈਕਲ 'ਤੇ ਸਵਾਰ ਹੋ ਕੇ ਆਪਣੇ ਪਿੰਡ ਫਤਹਿਗੜ੍ਹ ਜ਼ਿਲ੍ਹਾ ਫਾਜ਼ਿਲਕਾ ਤੋਂ ਆਪਣੇ ਸਹੁਰੇ ਪਿੰਡ ਬਸਤੀ ਮੱਘਰ ਸਿੰਘ ਵਾਲੀ ਵਿਖੇ ਆਪਣੀ ਪਤਨੀ ਨੂੰ ਲੈਣ ਲਈ ਆ ਰਿਹਾ ਸੀ, ਜਦੋਂ ਉਹ ਪਿੰਡ ਮੋਹਨ ਕੇ ਹਿਠਾੜ ਦੇ ਕੋਲ ਪਹੁੰਚਿਆ ਤਾਂ ਸਾਹਮਣੇ ਤੋਂ ਆ ਰਹੇ ਤੇਜ਼ ਰਫਤਾਰ ਟਰਾਲੇ ਨਾਲ ਉਸਦੇ ਮੋਟਰ ਸਾਈਕਲ ਦੀ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਮੰਗਲ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ : ਸਿੱਖਿਆ ਪ੍ਰੋਵਾਈਡਰਾਂ ਨੂੰ ਸ਼ਰਤਾਂ ਮੁਤਾਬਕ ਅਧਿਆਪਕ ਯੋਗਤਾ ਟੈਸਟ ਤੋਂ ਛੋਟ ਦੇਣ 'ਤੇ ਬਣੀ ਸਹਿਮਤੀ
ਜਿਸ ਤੋਂ ਬਾਅਦ ਮੌਕੇ 'ਤੇ ਜਾ ਰਹੇ ਰਾਹਗੀਰਾਂ ਨੇ ਤੁਰੰਤ 108 ਅੰਬੂਲੈਂਸ 'ਤੇ ਫੋਨ ਕੀਤਾ। ਮੌਕੇ 'ਤੇ ਪੁੱਜੀ 108 ਅੰਬੂਲੈਂਸ ਦੇ ਕਰਮਚਾਰੀਆਂ ਵੱਲੋਂ ਉਸਦੀ ਦੇਹ ਨੂੰ ਸਿਵਲ ਹਸਪਤਾਲ ਗੁਰੂਹਰਸਹਾਏ ਲਿਆਂਦਾ ਗਿਆ। ਟੱਕਰ ਦੌਰਾਨ ਟਰਾਲਾ ਚਾਲਕ ਮੌਕੇ ਤੋਂ ਟਰਾਲੇ ਸਮੇਤ ਫਰਾਰ ਹੋ ਗਿਆ। ਸਬ ਇੰਸਪੈਕਟਰ ਬਲਰਾਜ ਸਿੰਘ ਨੇ ਦੱਸਿਆ ਕਿ ਉਸ ਤੋਂ ਬਾਅਦ ਮ੍ਰਿਤਕ ਨੌਜਵਾਨ ਦੇ ਘਰ ਵਾਲਿਆਂ ਨੂੰ ਸੂਚਿਤ ਕੀਤਾ ਗਿਆ। ਮੌਕੇ 'ਤੇ ਆਏ ਘਰ ਵਾਲਿਆਂ ਵਲੋਂ ਕਿਸੇ ਦੇ ਖ਼ਿਲਾਫ ਕੋਈ ਵੀ ਕਾਨੂੰਨੀ ਕਾਰਵਾਈ ਨਾ ਕਰਨ ਲਈ ਕਿਹਾ ਗਿਆ। ਪੁਲਸ ਵੱਲੋਂ ਮ੍ਰਿਤਕ ਨੌਜਵਾਨ ਦੀ ਲਾਸ਼ ਘਰ ਵਾਲਿਆਂ ਨੂੰ ਸੌਂਪ ਦਿੱਤੀ ਗਈ।
ਇਹ ਵੀ ਪੜ੍ਹੋ : ਜਲੰਧਰ 'ਚ ਪੰਜਾਬ ਬੰਦ ਦਾ ਭਰਵਾਂ ਹੁੰਗਾਰਾ, ਟਾਇਰ ਸਾੜ ਜ਼ਬਦਰਸਤ ਪ੍ਰਦਰਸ਼ਨ ਕਰ ਕੱਢੀ ਭੜਾਸ