ਕੰਧ ਟੱਪ ਕੇ ਘਰ ’ਚ ਦਾਖ਼ਲ ਹੋ ਰਹੇ ਨੌਜਵਾਨ ਨੇ ਬਜ਼ੁਰਗ ਨੂੰ ਮਾਰਿਆ ਧੱਕਾ, ਮੌਤ

03/06/2023 12:34:23 PM

ਮੋਹਾਲੀ (ਸੰਦੀਪ) : ਪਿੰਡ ਮੌਲੀ ਦੇ ਇਕ ਘਰ ਵਿਚ ਕੰਧ ਟੱਪ ਕੇ ਜ਼ਬਰੀ ਦਾਖਲ ਹੋ ਰਹੇ ਨੌਜਵਾਨ ਦੇ ਧੱਕਾ ਮਾਰਨ ਨਾਲ 62 ਸਾਲਾ ਜਗਤਾਰ ਸਿੰਘ ਦੀ ਮੌਤ ਹੋ ਗਈ। ਬਜ਼ੁਰਗ ਨੌਜਵਾਨ ਨੂੰ ਘਰ ਵਿਚ ਦਾਖਲ ਹੋਣ ਤੋਂ ਰੋਕ ਰਿਹਾ ਸੀ। ਮੁਲਜ਼ਮ ਨੌਜਵਾਨ ਦੀ ਪਛਾਣ ਪਿੰਡ ਦੇ ਹੀ ਰਹਿਣ ਵਾਲੇ ਗੁਰਪ੍ਰਤਾਪ ਸਿੰਘ ਵਜੋਂ ਹੋਈ ਹੈ। ਸੋਹਾਨਾ ਥਾਣਾ ਪੁਲਸ ਨੇ ਮਿ੍ਤਕ ਦੀ ਪਤਨੀ ਸਵਰਣ ਕੌਰ ਦੇ ਬਿਆਨਾਂ ਦੇ ਆਧਾਰ ’ਤੇ ਗੁਰਪ੍ਰਤਾਪ ਖਿਲਾਫ਼ ਹੱਤਿਆ ਅਤੇ ਹੋਰ ਅਪਰਾਧਿਕ ਧਾਰਾਵਾਂ ਦੇ ਤਹਿਤ ਕੇਸ ਦਰਜ ਕਰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਸ ਜਾਂਚ ’ਚ ਸਾਹਮਣੇ ਆਇਆ ਹੈ ਕਿ ਮੁਲਜ਼ਮ ਚੰਡੀਗੜ੍ਹ ਆਰ.ਐੱਲ.ਏ. ਦਫ਼ਤਰ ਵਿਚ ਕੰਮ ਕਰਦਾ ਹੈ। 

ਇਹ ਵੀ ਪੜ੍ਹੋ : ਬੰਧਨ ਬੈਂਕ ’ਚੋਂ 1.42 ਲੱਖ ਰੁਪਏ ਲੁੱਟੇ, ਸੀ. ਸੀ. ਟੀ. ਵੀ. ’ਚ ਕੈਦ ਹੋਈ ਘਟਨਾ    

ਤੜਕੇ ਮੁਲਜ਼ਮ ਜ਼ਬਰੀ ਵੜਿਆ ਘਰ ਵਿਚ
ਪੁਲਸ ਜਾਂਚ ਦੌਰਾਨ ਪੀੜਤ ਪਰਿਵਾਰ ਨੇ ਦੱਸਿਆ ਕਿ ਗੁਰਪ੍ਰਤਾਪ ਕਰੀਬ 6 ਮਹੀਨੇ ਤੋਂ ਉਨ੍ਹਾਂ ਦੀ ਬੇਟੀ ਨੂੰ ਪਰੇਸ਼ਾਨ ਕਰ ਰਿਹਾ ਸੀ। ਐਤਵਾਰ ਤੜਕੇ ਕਰੀਬ 4:30 ਵਜੇ ਜ਼ਬਰੀ ਕੰਧ ਟੱਪ ਕੇ ਘਰ ਵਿਚ ਵੜ ਰਿਹਾ ਸੀ। ਇਸ ਦੌਰਾਨ ਨੌਜਵਾਨ ’ਤੇ ਸਵਰਣ ਕੌਰ ਦੀ ਨਜ਼ਰ ਪੈ ਗਈ ਅਤੇ ਉਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ। ਇਸ ’ਤੇ ਪਤੀ ਜਗਤਾਰ ਸਿੰਘ ਬਾਹਰ ਆਇਆ ਅਤੇ ਨੌਜਵਾਨ ਨੂੰ ਫੜਣ ਦੀ ਕੋਸ਼ਿਸ਼ ਕੀਤੀ। ਨੌਜਵਾਨ ਨੇ ਖਿੱਚ-ਧੂਹ ਕਰਦਿਆਂ ਜਗਤਾਰ ਸਿੰਘ ਨੂੰ ਧੱਕਾ ਮਾਰ ਦਿੱਤਾ। ਬਜ਼ੁਰਗ ਡਿੱਗ ਗਿਆ ਅਤੇ ਪੀਣ ਵਾਲੇ ਪਾਣੀ ਦੇ ਪੰਪ ਵਿਚ ਉਸ ਦਾ ਸਿਰ ਜਾ ਟਕਰਾਇਆ। ਉਹ ਮੌਕੇ ’ਤੇ ਅਚੇਤ ਹੋ ਕੇ ਡਿੱਗ ਗਿਆ। ਮਾਂ ਦੀ ਆਵਾਜ਼ ਸੁਣ ਕੇ ਬੇਟੇ ਅਤੇ ਪਰਿਵਾਰ ਦੇ ਹੋਰ ਮੈਂਬਰ ਵੀ ਕਮਰਿਆਂ ਤੋਂ ਬਾਹਰ ਆ ਗਏ। ਉਨ੍ਹਾਂ ਨੇ ਪਿਤਾ ਜਗਤਾਰ ਸਿੰਘ ਨੂੰ ਹਸਪਤਾਲ ਪਹੁੰਚਾਇਆ, ਜਿਥੇ ਡਾਕਟਰਾਂ ਨੇ ਜਾਂਚ ਤੋਂ ਬਾਅਦ ਉਸ ਨੂੰ ਮ੍ਰਿਤ ਐਲਾਨ ਦਿੱਤਾ। ਉਥੇ ਹੀ, ਦੂਜੇ ਪਾਸੇ ਉਨ੍ਹਾਂ ਦੇ ਪਰਿਵਾਰ ਦੇ ਮੈਂਬਰਾਂ ਨੇ ਮੌਕੇ ’ਤੇ ਹੀ ਮੁਲਜ਼ਮ ਨੂੰ ਦਬੋਚ ਕੇ ਪੁਲਸ ਨੂੰ ਸੌਂਪ ਦਿੱਤਾ ਸੀ।

6 ਮਹੀਨੇ ਤੋਂ ਕਰ ਰਿਹਾ ਸੀ ਨਾਬਾਲਗ ਵਿਦਿਆਰਥਣ ਨੂੰ ਪਰੇਸ਼ਾਨ
ਪੁਲਸ ਜਾਂਚ ਦੌਰਾਨ ਪੀੜਤ ਪਰਿਵਾਰ ਦੇ ਮੈਂਬਰਾਂ ਨੇ ਦੱਸਿਆ ਕਿ ਗੁਰਪ੍ਰਤਾਪ ਕਰੀਬ 6 ਮਹੀਨੇ ਤੋਂ ਬੇਟੀ ਨੂੰ ਰਸਤੇ ਵਿਚ ਜਾਂਦੇ ਹੋਏ ਪ੍ਰੇਸ਼ਾਨ ਕਰ ਰਿਹਾ ਸੀ। ਉਨ੍ਹਾਂ ਨੇ ਨੌਜਵਾਨ ਦੇ ਪਰਿਵਾਰ ਨੂੰ ਵੀ ਦੱਸਿਆ ਸੀ ਪਰ ਬਾਵਜੂਦ ਇਸ ਦੇ ਉਹ ਉਨ੍ਹਾਂ ਦੀ ਨਹੀਂ ਸੁਣ ਰਿਹਾ ਸੀ। ਆਏ ਦਿਨ ਬੇਟੀ ਦਾ ਪਿੱਛਾ ਕਰ ਕੇ ਲਗਾਤਾਰ ਪ੍ਰੇਸ਼ਾਨ ਕਰਦਾ ਜਾ ਰਿਹਾ ਸੀ।

ਇਹ ਵੀ ਪੜ੍ਹੋ : 5 ਸਵਾਲ : ਜੰਮੂ ’ਚ ਵਿਧਾਨ ਸਭਾ ਚੋਣਾਂ ਕਰਵਾਈਆਂ ਜਾਣ, ‘ਆਪ’ ਚੋਣਾਂ ਲੜਨ ਲਈ ਤਿਆਰ    

ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।


Anuradha

Content Editor

Related News