ਵਿਦੇਸ਼ ਜਾਣ ਦੇ ਸੁਫ਼ਨੇ ’ਤੇ ਭਾਰੀ ਪੈ ਗਈ ਕਰਜ਼ੇ ਦੀ ਪੰਡ, ਅੰਤ ਮੁੰਡੇ ਨੇ ਉਹ ਕੀਤਾ ਜੋ ਸੋਚਿਆ ਨਾ ਸੀ
Tuesday, May 02, 2023 - 05:11 PM (IST)
ਬੁਢਲਾਡਾ (ਬਾਂਸਲ) : ਵਿਦੇਸ਼ ਜਾਣ ਦਾ ਸੁਫ਼ਨਾ ਦੇਖ ਰਹੇ ਨੌਜਵਾਨ ਵੱਲੋਂ ਪਰਿਵਾਰ 'ਤੇ ਲੱਖਾਂ ਰੁਪਏ ਦੇ ਕਰਜ਼ੇ ਤੋਂ ਪ੍ਰੇਸ਼ਾਨ ਹੋ ਕੇ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰ ਲੈਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮ੍ਰਿਤਕ ਦੀ ਪਛਾਣ ਜੀਵਨ ਸਿੰਘ ਬੱਬੀ (22) ਪੁੱਤਰ ਜਗਸੀਰ ਸਿੰਘ ਵਾਸੀ ਪਿੰਡ ਕੁਲਾਣੇ ਵਜੋਂ ਹੋਈ ਹੈ। ਜਾਣਕਾਰੀ ਮੁਤਾਬਕ ਜੀਵਨ ਸਿੰਘ ਬੀ. ਏ. ਦੀ ਪੜ੍ਹਾਈ ਉਪਰੰਤ ਆਪਣੇ ਵਿਦੇਸ਼ ਜਾਣ ਦੇ ਸੁਫ਼ਨੇ ਨੂੰ ਪੂਰਾ ਕਰਨ ਲਈ ਪੀ. ਟੀ. ਈ. ਦਾ ਕੋਰਸ ਕਰ ਰਿਹਾ ਸੀ। ਪਰਿਵਾਰ ਕੋਲ 1.5 ਏਕੜ ਜ਼ਮੀਨ ਹੋਣ ਕਾਰਨ ਕਰਜ਼ੇ ਦੀ ਪੰਡ ਕਾਫ਼ੀ ਭਾਰੀ ਪੈ ਰਹੀ ਸੀ, ਜਿਸ ਕਾਰਨ ਉਹ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਰਹਿੰਦਾ ਸੀ।
ਇਹ ਵੀ ਪੜ੍ਹੋ- ਅਮਰੀਕਾ ਦੀ ਰਿਫਿਊਜ਼ਲ ਨੇ ਚਕਨਾਚੂਰ ਕੀਤੇ ਨੌਜਵਾਨ ਦੇ ਸੁਫ਼ਨੇ, ਅੱਕ ਕੇ ਚੁੱਕ ਲਿਆ ਖ਼ੌਫ਼ਨਾਕ ਕਦਮ
ਜੀਵਨ ਸਿੰਘ ਅਕਸਰ ਆਪਣੇ ਦੋਸਤਾਂ ਨੂੰ ਕਹਿੰਦਾ ਸੀ ਕਿ ਪਰਿਵਾਰ ਦੀ ਗਰੀਬੀ ਕਾਰਨ ਨਾ ਹੀ ਉਸਦਾ ਵਿਆਹ ਹੋਣਾ ਹੈ ਅਤੇ ਨਾ ਹੀ ਰੁਜ਼ਗਾਰ ਮਿਲਣਾ ਹੈ ਤੇ ਕਰਜ਼ੇ ਦੀ ਪੰਡ ਲਾਉਣੀ ਔਖੀ ਜਾਪਦੀ ਹੈ। ਜਿਸ ਦੇ ਚੱਲਦਿਆਂ ਅੱਜ ਸਵੇਰੇ ਉਸ ਨੇ ਘਰ 'ਚ ਹੀ ਜ਼ਹਿਰੀਲੀ ਚੀਜ਼ ਖਾ ਕੇ ਖ਼ੁਦਕੁਸ਼ੀ ਕਰ ਲਈ। ਪਰਿਵਾਰ ਉੱਪਰ ਲੈਂਡਮਾਰਗੇਜ ਬੈਂਕ ਦਾ ਕਰੀਬ 4.5 ਲੱਖ ਰੁਪਏ, 50 ਹਜ਼ਾਰ ਕੋਆਪ੍ਰੇਟਿਵ ਸੁਸਾਇਟੀ ਅਤੇ ਆੜ੍ਹਤੀਆਂ ਦਾ ਕਰੀਬ 1.5 ਲੱਖ ਦਾ ਕਰਜ਼ਾ ਹੈ। ਪੁਲਸ ਦੇ ਸਹਾਇਕ ਥਾਣੇਦਾਰ ਦਲਜੀਤ ਸਿੰਘ ਮ੍ਰਿਤਕ ਦੇ ਪਿਤਾ ਜਗਸੀਰ ਸਿੰਘ ਦੇ ਬਿਆਨਾਂ 'ਤੇ ਧਾਰਾ 174 ਅਧੀਨ ਕਾਰਵਾਈ ਕਰਦਿਆਂ ਲਾਸ਼ ਨੂੰ ਪੋਸਟਮਾਰਟਮ ਉਪਰੰਤ ਵਾਰਸਾਂ ਨੂੰ ਸੌਂਪ ਦਿੱਤੀ ਹੈ।
ਇਹ ਵੀ ਪੜ੍ਹੋ- CM ਭਗਵੰਤ ਮਾਨ ਨੇ ਛੱਡਿਆ ਟਵਿੱਟਰ ਤੀਰ, ਕਈਆਂ ‘ਤੇ ਲਾਇਆ ਤਿੱਖਾ ਨਿਸ਼ਾਨਾ
ਨੋਟ- ਇਸ ਖ਼ਬਰ ਸਬੰਧੀ ਆਪਣੇ ਵਿਚਾਰ ਕੁਮੈਂਟ ਬਾਕਸ 'ਚ ਸਾਂਝੇ ਕਰੋ।