ਰਾਜਿੰਦਰਾ ਵਾਈਨਜ਼ ਦੇ ਮੈਨੇਜਰ ’ਤੇ ਹਮਲਾ ਕਰਨ ਵਾਲਾ ਨੌਜਵਾਨ ਕਾਬੂ

Tuesday, Nov 16, 2021 - 02:28 AM (IST)

ਰਾਜਿੰਦਰਾ ਵਾਈਨਜ਼ ਦੇ ਮੈਨੇਜਰ ’ਤੇ ਹਮਲਾ ਕਰਨ ਵਾਲਾ ਨੌਜਵਾਨ ਕਾਬੂ

ਬਟਾਲਾ(ਬੇਰੀ,ਚਾਵਲਾ)- ਬੀਤੇ ਦਿਨੀ ਰਾਜਿੰਦਰਾ ਵਾਈਨ ਦੇ ਮੈਨੇਜਰ ’ਤੇ ਜਾਨ ਲੇਵਾ ਹਮਲਾ ਕਰਨ ਵਾਲੇ ਚਾਰ ਨੌਜਵਾਨਾਂ ’ਚੋਂ ਇਕ ਨੌਜਵਾਨ ਨੂੰ ਬਟਾਲਾ ਪੁਲਸ ਨੇ ਗਿ੍ਰਫਤਰ ਕਰਨ ’ਚ ਸਫਲਤਾ ਹਾਸਲ ਕੀਤੀ ਹੈ।
ਇਸ ਸੰਬੰਧੀ ਸਥਾਨਕ ਪੁਲਸ ਲਾਈਨ ਬਟਾਲਾ ਵਿਖੇ ਕੀਤੀ ਗਈ ਪ੍ਰੈਸ ਕਾਂਨਫਰੰਸ ਨੂੰ ਸੰਬੋਧਨ ਕਰਦਿਆਂ ਐੱਸ.ਐੱਸ.ਪੀ. ਬਟਾਲਾ ਮੁਖਵਿੰਦਰ ਸਿੰਘ ਭੁੱਲਰ ਨੇ ਦੱਸਿਆ ਕਿ ਗੁਰਪ੍ਰੀਤ ਸਿੰਘ ਪੁੱਤਰ ਨਿਸ਼ਾਨ ਸਿੰਘ ਵਾਸੀ ਮਰੜੀ ਕਲਾਂ ਹਾਲ ਵਾਸੀ ਸਾਊਥ ਸਿਟੀ ਬਟਾਲਾ ਜੋ ਕਿ ਰਾਜਿੰਦਰਾ ਵਾਈਨਜ਼ ’ਚ ਬਤੌਰ ਮੈਨੇਜਰ ਨੌਕਰੀ ਕਰ ਰਹੇ ਹਨ, ਉਹ ਮਿਤੀ 13 ਨਵੰਬਰ ਨੂੰ ਆਪਣੇ ਸਾਥੀ ਦਿਕਸ਼ਤ ਕੁਮਾਰ ਪੁੱਤਰ ਮਹੇਸ਼ ਕੁਮਾਰ ਵਾਸੀ ਸ਼ਹੀਦ ਭਗਤ ਸਿੰਘ ਨਗਰ ਡੇਰਾ ਬੱਸੀ, ਫਰਮ ਦੀ ਗੱਡੀ ਸਕਾਰਪਿਓ ਨੰ. ਪੀ.ਬੀ.18.ਵੀ.7000 ਰੰਗ ਕਾਲਾ ’ਤੇ ਸਵਾਰ ਹੋ ਕੇ ਕਾਹਨੂੰਵਾਨ ਰੋਡ ਸਥਿਤ ਮੁਹੱਲਾ ਗੋਬਿੰਦ ਨਗਰ ਗਲੀ ਨੰ. 6 ’ਚ ਇਕ ਪ੍ਰੋਗਰਾਮ ਦੇਖਣ ਲਈ ਆਏ ਸਨ ਕਿ ਪ੍ਰੋਗਰਾਮ ਖ਼ਤਮ ਹੋਣ ਤੋਂ ਬਾਅਦ ਵਕਤ ਕਰੀਬ ਰਾਤ 10:30 ਵਜੇ ਉਹ ਘਰ ਜਾਣ ਲਈ ਜਦ ਆਪਣੀ ਗੱਡੀ ਕੋਲ ਗੁਰਦੁਆਰਾ ਸਾਹਿਬ ਦੇ ਸਾਹਮਣੇ ਸੜਕ ਦੇ ਨਜ਼ਦੀਕ ਪਹੁੱਚੇ ਤਾਂ ਕਾਹਨੂੰਵਾਨ ਰੋਡ ਵਲੋਂ 2 ਮੋਟਰਸਾਈਕਲ ਜਿਨ੍ਹਾਂ ’ਤੇ 4 ਨੌਜਵਾਨ ਸਵਾਰ ਸਨ, ਨੇ ਆਪਣੀਆਂ ਪਿਸਤੌਲਾਂ ਨਾਲ ਉਨ੍ਹਾਂ ਨੂੰ ਜਾਨੋ ਮਾਰਨ ਦੀ ਨੀਅਤ ਨਾਲ ਸਿੱਧੇ ਫਾਇਰ ਕੀਤੇ ਜਿਸ ਤੋਂ ਬਾਅਦ ਉਨ੍ਹਾਂ ਭੱਜ ਕੇ ਆਪਣੀ ਜਾਨ ਬਚਾਈ। ਐੱਸ.ਐੱਸ.ਪੀ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਨੇ ਪੁਲਸ ਨੂੰ ਦੱਸਿਆ ਕਿ ਉਕਤ ਨੌਜਵਾਨ ਗੈਂਗਸਟਰ ਹੈਰੀ ਚੱਠਾ ਗਰੁੱਪ ਨਾਲ ਸੰਬੰਧ ਰੱਖਦੇ ਹਨ ਅਤੇ ਹੈਰੀ ਚੱਠਾ ਗਰੁੱਪ ਵਲੋਂ ਰਾਜਿੰਦਰਾ ਵਾਈਨਜ਼ ਦੇ ਮਾਲਕਾਂ ਤੋਂ ਮੌਟੀ ਰਕਮ ਫਿਰੌਤੀ ਵਜੋਂ ਮੰਗੀ ਜਾ ਰਹੀ ਸੀ ਅਤੇ ਉਨ੍ਹਾਂ ਵਲੋਂ ਫਿਰੌਤੀ ਨਾ ਦੇਣ ਦੇ ਚਲਦਿਆਂ ਉਕਤ ਨੌਜਵਾਨਾਂ ਵਲੋਂ ਉਨ੍ਹਾਂ ’ਤੇ ਜਾਨ ਲੇਵਾ ਹਮਲਾ ਕੀਤਾ ਗਿਆ ਹੈ।

ਐੱਸ.ਐੱਸ.ਪੀ ਭੁੱਲਰ ਨੇ ਦੱਸਿਆ ਕਿ ਇਸ ਸੰਬੰਧੀ ਪੁਲਸ ਵਲੋਂ ਗੁਰਪ੍ਰੀਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਥਾਣਾ ਸਿਵਲ ਲਾਈਨ ’ਚ ਮੁਕੱਦਮਾ ਨੰ. 228 ਧਾਰਾ 307, 506, 120-ਬੀ ਆਈ.ਪੀ.ਸੀ. ਤੇ ਅਸਲਾ ਐਕਟ ਤਹਿਤ ਅਵਤਾਰ ਸਿੰਘ ਉਰਫ ਹੈਰੀ ਪੁੱਤਰ ਜਸਵੰਤ ਸਿੰਘ ਵਾਸੀ ਪੰਡੋਰੀ ਮੀਆਂ ਸਿੰਘ, ਮਲਕੀਤ ਸਿੰਘ ਉਰਫ ਨਵਾਬ ਪੁੱਤਰ ਜਸਵੰਤ ਸਿੰਘ ਵਾਸੀ ਚੰਨਣਕੇ ਅਤੇ ਦੋ ਅਣਪਛਾਤੇ ਨੌਜਵਾਨਾਂ ਵਿਰੁੱਧ ਦਰਜ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਉਕਤ ਮਾਮਲੇ ਦੀ ਜਾਂਚ ਲਈ ਉਨ੍ਹਾਂ ਵਲੋਂ ਐੱਸ.ਪੀ ਹੈੱਡ ਕੁਆਟਰ ਗੁਰਪ੍ਰੀਤ ਸਿੰਘ ਗਿੱਲ ਅਤੇ ਡੀ.ਐੱਸ.ਪੀ ਸਿਟੀ ਪਰਵਿੰਦਰ ਕੌਰ ਦੀ ਅਗਵਾਈ ਹੇਠ ਇਕ ਟੀਮ ਦਾ ਗਠਨ ਕੀਤਾ ਗਿਆ ਅਤੇ ਉਕਤ ਟੀਮ ਵਲੋਂ ਮਾਮਲੇ ਦੀ ਗਹਿਰਾਈ ਨਾਲ ਜਾਂਚ ਕਰਦੇ ਹੋਏ ਅਵਤਾਰ ਸਿੰਘ ਉਰਫ ਹੈਰੀ ਨੂੰ ਗਿ੍ਰਫਤਾਰ ਕਰਕੇ ਉਸ ਪਾਸੋਂ 32 ਬੋਰ ਪਿਸਤੌਲ, 3 ਜਿੰਦਾ ਰੋਂਦ ਅਤੇ 255 ਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਹੈ। ਐੱਸ.ਐੱਸ.ਪੀ ਨੇ ਦੱਸਿਆ ਕਿ ਪੁਲਸ ਉਕਤ ਵਿਅਕਤੀ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਇਸਦੇ ਬਾਕੀ ਸਾਥੀਆਂ ਨੂੰ ਵੀ ਗਿ੍ਰਫਤਾਰ ਕਰ ਲਿਆ ਜਾਵੇਗਾ। ਇਸ ਮੌਕੇ ਉਨ੍ਹਾਂ ਨਾਲ ਡੀ.ਐੱਸ.ਪੀ. ਸਿਟੀ ਪਰਵਿੰਦਰ ਕੌਰ, ਡੀ.ਐੱਸ.ਪੀ. ਫਤਹਿਗੜ੍ਹ ਚੂੜੀਆਂ ਬਲਬੀਰ ਸਿੰਘ, ਐੱਸ.ਐੱਚ.ਓ. ਸਿਵਲ ਲਾਈਨ ਅਮੋਲਕ ਸਿੰਘ, ਐੱਸ.ਐੱਚ.ਓ. ਫਤਹਿਗੜ੍ਹ ਚੂੜੀਆਂ ਸੁਖਵਿੰਦਰ ਸਿੰਘ, ਬੱਸ ਸਟੈਂਡ ਚੌਂਕੀ ਇੰਚਾਰਜ ਬਲਜੀਤ ਸਿੰਘ ਤੇ ਹੋਰ ਪੁਲਸ ਮੁਲਾਜ਼ਮ ਹਾਜ਼ਰ ਸਨ।


author

Bharat Thapa

Content Editor

Related News