ਮਾਮੂਲੀ ਬਹਿਸ ਤੋਂ ਬਾਅਦ ਅਹਾਤੇ ’ਚ ਸ਼ਰਾਬ ਪੀ ਰਹੇ ਨੌਜਵਾਨ ’ਤੇ ਹਮਲਾ, ਹਾਲਤ ਗੰਭੀਰ
Tuesday, Sep 07, 2021 - 09:14 PM (IST)
ਨਕੋਦਰ (ਪਾਲੀ)-ਨਕੋਦਰ ਬੱਸ ਸਟੈਂਡ ਦੇ ਨਜ਼ਦੀਕ ਇਕ ਅਹਾਤੇ ’ਚ ਸ਼ਰਾਬ ਪੀ ਰਹੇ ਕੁਝ ਨੌਜਵਾਨਾਂ ਦੀ ਕਿਸੇ ਗੱਲ ਨੂੰ ਲੈ ਕੇ ਆਪਸ ’ਚ ਬਹਿਸ ਹੋ ਗਈ, ਜਿਨ੍ਹਾਂ ’ਚੋਂ ਇੱਕ ਨੌਜਵਾਨ ਨੇ ਚਾਕੂ ਨਾਲ ਹਮਲਾ ਕਰ ਕੇ ਦੂਜੇ ਨੌਜਵਾਨ ਦੀ ਧੌਣ ’ਤੇ ਵਾਰ ਕਰ ਕੇ ਉਸ ਨੂੰ ਗੰਭੀਰ ਜ਼ਖ਼ਮੀ ਕਰ ਦਿੱਤਾ। ਜ਼ਖ਼ਮੀ ਨੌਜਵਾਨ ਨੂੰ ਇਲਾਜ ਲਈ ਸਿਵਲ ਹਸਪਤਾਲ ਨਕੋਦਰ ’ਚ ਦਾਖਲ ਕਰਵਾਇਆ ਗਿਆ ਪਰ ਹਾਲਤ ਜ਼ਿਆਦਾ ਗੰਭੀਰ ਹੋਣ ਕਰਕੇ ਡਾਕਟਰਾਂ ਨੇ ਉਸ ਨੂੰ ਜਲੰਧਰ ਦੇ ਇਕ ਪ੍ਰਾਈਵੇਟ ਹਸਪਤਾਲ ਰੈਫਰ ਕਰ ਦਿੱਤਾ। ਜ਼ਖ਼ਮੀ ਨੌਜਵਾਨ ਦੀ ਪਛਾਣ ਸੰਦੀਪ ਕੁਮਾਰ ਉਰਫ਼ ਸ਼ੀਪਾ ਪੁੱਤਰ ਸੁਰਿੰਦਰ ਵਾਸੀ ਅੱਡਾ ਮਹਿਤਪੁਰ ਨਕੋਦਰ ਵਜੋਂ ਹੋਈ ਹੈ । ਉਧਰ ਘਟਨਾ ਦੀ ਸੂਚਨਾ ਮਿਲਦਿਆਂ ਹੀ ਤੁਰੰਤ ਸਿਟੀ ਥਾਣਾ ਮੁਖੀ ਇੰਸਪੈਕਟਰ ਅਮਨ ਸੈਣੀ ਸਮੇਤ ਪੁਲਸ ਪਾਰਟੀ ਮੌਕੇ ’ਤੇ ਪਹੁੰਚੇ ਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ।
ਇਹ ਵੀ ਪੜ੍ਹੋ : ਜਲ ਤੋਪਾਂ ਅੱਗੇ ਨਹੀਂ ਝੁਕੇ ਕਿਸਾਨ, ਮਿੰਨੀ ਸਕੱਤਰੇਤ ਜਾ ਲਾਇਆ ਧਰਨਾ
ਸਿਟੀ ਥਾਣਾ ਮੁਖੀ ਇੰਸਪੈਕਟਰ ਅਮਨ ਸੈਣੀ ਨੇ ਦੱਸਿਆ ਕਿ ਬੱਸ ਸਟੈਂਡ ਦੇ ਸਾਹਮਣੇ ਇਕ ਅਹਾਤੇ ’ਚ ਸੰਦੀਪ ਕੁਮਾਰ ਉਰਫ਼ ਸ਼ੀਪਾ ਆਪਣੇ ਹੋਰ ਸਾਥੀਆਂ ਨਾਲ ਸ਼ਰਾਬ ਪੀ ਰਿਹਾ ਸੀ, ਜਿਨ੍ਹਾਂ ਦੀ ਕਿਸੇ ਗੱਲ ਨੂੰ ਲੈ ਕੇ ਆਪਸ ’ਚ ਬਹਿਸ ਹੋ ਗਈ । ਇੱਕ ਨੌਜਵਾਨ ਨੇ ਸੰਦੀਪ ਕੁਮਾਰ ਉਰਫ਼ ਸ਼ੀਪਾ ਦੀ ਧੌਣ ’ਤੇ ਚਾਕੂ ਨਾਲ ਵਾਰ ਕਰ ਕੇ ਗੰਭੀਰ ਜ਼ਖ਼ਮੀ ਕਰ ਦਿੱਤਾ। ਘਟਨਾ ਉਪਰੰਤ ਨੌਜਵਾਨ ਮੌਕੇ ਤੋਂ ਫ਼ਰਾਰ ਹੋ ਗਏ । ਸਿਟੀ ਥਾਣਾ ਮੁਖੀ ਇੰਸਪੈਕਟਰ ਅਮਨ ਸੈਣੀ ਨੇ ਦੱਸਿਆ ਕਿ ਜ਼ਖ਼ਮੀ ਸ਼ੀਪਾ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਫਿਲਹਾਲ ਉਸ ਦੇ ਬਿਆਨ ਦਰਜ ਨਹੀਂ ਹੋਏ । ਬਿਆਨ ਲੈਣ ਉਪਰੰਤ ਦੋਸ਼ੀਆਂ ਖ਼ਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ।