ਨਗਰ ਕੀਰਤਨ 'ਚ ਕੁੜੀਆਂ ਛੇੜਨ ਦਾ ਵਿਰੋਧ ਕਰਨਾ ਪਿਆ ਮਹਿੰਗਾ, 2 ਨੌਜਵਾਨ ਚਾਕੂਆਂ ਨਾਲ ਵਿੰਨ੍ਹੇ
Monday, Nov 02, 2020 - 06:41 PM (IST)
ਪਟਿਆਲਾ (ਬਲਜਿੰਦਰ) : ਭਗਵਾਨ ਵਾਲਮੀਕਿ ਪ੍ਰਗਟ ਦਿਵਸ ਮੌਕੇ ਗਾਂਧੀ ਨਗਰ ਅਤੇ ਆਸਪਾਸ ਦੇ ਇਲਾਕਾ ਨਿਵਾਸੀਆਂ ਵੱਲੋਂ ਜਦੋਂ ਨਗਰ ਕੀਰਤਨ ਸਜਾਇਆ ਜਾ ਰਿਹਾ ਸੀ ਤਾਂ ਕੁਝ ਨੌਜਵਾਨਾਂ ਨੇ ਕੁੜੀਆਂ ਨਾਲ ਛੇੜਛਾੜ ਕੀਤੀ। ਉਸ ਦਾ ਜਦੋਂ ਵਿਰੋਧ ਕੀਤਾ ਗਿਆ ਤਾਂ ਗੁੱਸੇ 'ਚ ਆਏ ਇਨ੍ਹਾਂ ਵਿਅਕਤੀਆਂ ਨੇ 2 ਨੌਜਵਾਨਾਂ ਨੂੰ ਚਾਕੂ ਮਾਰ ਦਿੱਤਾ। ਚਾਕੂ ਲੱਗਣ ਕਾਰਣ ਦੋਵੋਂ ਨੌਜਵਾਨ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਦੀ ਪਛਾਣ ਆਦਿੱਤਿਆ ਪੁੱਤਰ ਉਪਿੰਦਰ ਅਤੇ ਅਕਾਸ਼ ਪੁੱਤਰ ਜੀਤਾ ਵਾਸੀ ਗਾਂਧੀ ਨਗਰ ਵਜੋਂ ਹੋਈ। ਇਨ੍ਹਾਂ 'ਚੋਂ ਇਕ ਬੁਰੀ ਤਰ੍ਹਾਂ ਜ਼ਖਮੀ ਹੋਏ ਅਕਾਸ਼ ਨੂੰ ਪੀ. ਜੀ. ਆਈ. ਰੈਫਰ ਕਰ ਦਿੱਤਾ ਗਿਆ ਹੈ, ਜਿੱਥੇ ਉਸ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਦਕਿ ਆਦਿੱਤਿਆ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਥਾਣਾ ਲਾਹੌਰੀ ਗੇਟ ਦੀ ਪੁਲਸ ਨੇ ਇਸ ਮਾਮਲੇ 'ਚ ਆਦਿੱਤਿਆ ਦੀ ਸ਼ਿਕਾਇਤ 'ਤੇ ਸਾਹਿਲ, ਹੈਰੀ ਅਤੇ ਇਕ ਅਣਪਛਾਤੇ ਵਿਅਕਤੀ ਵਾਸੀ ਧੀਰੂ ਨਗਰ ਪਟਿਆਲਾ ਖ਼ਿਲਾਫ਼ ਇਰਾਦਾ ਕਤਲ ਧਾਰਾ 307, 324, 323, 148, 149 ਆਈ. ਪੀ. ਸੀ. ਤਹਿਤ ਕੇਸ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਵਾਲਮੀਕਿ ਧਰਮ ਸਮਾਜ ਲਾਹੌਰੀ ਗੇਟ ਦੇ ਪ੍ਰਧਾਨ ਸੈਂਟਰਲ ਵਾਲਮੀਕਿ ਸਭਾ ਦਾ ਕੌਮੀ ਪ੍ਰਚਾਰ ਸਕੱਤਰ ਅਤੇ ਇੰਡਸਟਰੀ ਵਿਭਾਗ ਦੇ ਡਾਇਰੈਕਟਰ ਰਾਜੇਸ਼ ਘਾਰੂ ਨੇ ਦੱਸਿਆ ਕਿ ਗਾਂਧੀ ਨਗਰ ਨਿਵਾਸੀਆਂ ਵੱਲੋਂ ਭਗਵਾਨ ਵਾਲਮੀਕਿ ਪ੍ਰਗਟ ਦਿਵਸ ਮੌਕੇ ਨਗਰ ਕੀਰਤਨ ਦੌਰਾਨ ਧੀਰੂ ਨਗਰ ਦੇ ਰਹਿਣ ਵਾਲੇ ਉਕਤ ਵਿਅਕਤੀਆਂ ਨੇ ਕੁੜੀਆਂ ਨਾਲ ਛੇੜਛਾੜ ਸ਼ੁਰੂ ਕਰ ਦਿੱਤੀ ਤਾਂ ਗਾਂਧੀ ਨਗਰ ਦੇ ਨੌਜਵਾਨਾਂ ਨੇ ਇਸ ਦਾ ਵਿਰੋਧ ਕੀਤਾ। ਪਹਿਲਾਂ ਤਾਂ ਉਹ ਉਥੋਂ ਚਲੇ ਗਏ। ਬਾਅਦ 'ਚ ਫੇਰ ਤੇਜ਼ਧਾਰ ਹਥਿਆਰਾਂ ਨਾਲ ਉਥੇ ਆ ਗਏ। ਆਦਿੱਤਿਆ ਅਤੇ ਆਕਾਸ਼ ਨੂੰ ਪਹਿਲਾਂ ਨਗਰ ਕੀਰਤਨ 'ਚੋਂ ਬੁਲਾ ਕੇ ਉਨ੍ਹਾਂ 'ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ। ਇਸ 'ਚ ਅਕਾਸ਼ ਦੀ ਬਾਂਹ 'ਤੇ ਗੰਭੀਰ ਜ਼ਖਮ ਹੋਇਆ। ਪੁਲਸ ਨੇ ਕੇਸ ਦਰਜ ਕਰ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।