ਠੰਡ ਤੋਂ ਬਚਣ ਲਈ ਬਾਲ਼ੀ ਕੋਲੇ ਦੀ ਅੰਗੀਠੀ ਕਾਰਣ ਵਾਪਰਿਆ ਭਾਣਾ, ਨੌਜਵਾਨ ਧੀ ਲਈ ਬਣ ਗਈ ਕਾਲ
Tuesday, Dec 27, 2022 - 06:39 PM (IST)

ਮੁੱਲਾਂਪੁਰ ਦਾਖਾ (ਕਾਲੀਆ) : ਪਿੰਡ ਬੱਦੋਵਾਲ ਵਿਖੇ ਠੰਡ ਤੋਂ ਬਚਣ ਲਈ ਕਮਰੇ ’ਚ ਬਾਲੀ ਕੋਲਿਆਂ ਵਾਲੀ ਅੰਗੀਠੀ ਦੀ ਗੈਸ ਚੜ੍ਹਣ ਨਾਲ ਇੱਕੋ ਪਰਿਵਾਰ ਦੇ ਚਾਰ ਮੈਂਬਰ ਬੇਹੋਸ਼ ਹੋ ਗਏ ਸਨ ਜਿਨ੍ਹਾਂ ’ਚੋਂ ਨੌਜਵਾਨ ਲੜਕੀ ਹਰਸਿਮਰਜੀਤ ਕੌਰ (18) ਜੋ ਜ਼ਿੰਦਗੀ ਅਤੇ ਮੌਤ ਦੀ ਲੜਾਈ ਲੜ ਰਹੀ ਸੀ ਦੀ ਮੌਤ ਹੋ ਗਈ। ਪਰਿਵਾਰ ਦੇ ਤਿੰਨ ਹੋਰ ਮੈਂਬਰ ਲੁਧਿਆਣਾ ਦੇ ਨਿੱਜੀ ਹਸਪਤਾਲ ਵਿਖੇ ਜੇਰੇ ਇਲਾਜ ਹਨ ਪਰ ਉਹ ਖਤਰੇ ਤੋਂ ਬਾਹਰ ਹਨ। ਰਿਸ਼ਤੇਦਾਰ ਕੇਸਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਸਦਾ ਭਾਣਜਾ ਸਤਨਾਮ ਸਿੰਘ ਸਾਡੇ ਘਰ ਇਆਲੀ ਆਇਆ ਹੋਇਆ ਸੀ ਅਤੇ ਕਰੀਬ 12 ਵਜੇ ਆਪਣੇ ਘਰ ਪਤੰਗ ਉਡਾਉਣ ਲਈ ਡੋਰ ਲੈਣ ਆਪਣੇ ਘਰ ਗਿਆ ਤਾਂ ਉਸ ਦਾ ਪਿਤਾ ਕੁਲਵੰਤ ਸਿੰਘ, ਮਾਂ ਗੁਰਦੀਪ ਕੌਰ, ਭੈਣ ਹਰਸਿਮਰਜੀਤ ਕੌਰ ਅਤੇ ਰਿਸ਼ਤੇਦਾਰ ਸੰਦੀਪ ਸਿੰਘ ਘਰ ਦੇ ਬਾਹਰ ਗੇਟ ਮੂਹਰੇ ਬੇਹੋਸ਼ੀ ਦੀ ਹਾਲਤ 'ਚ ਡਿੱਗੇ ਪਏ ਸਨ, ਨੂੰ ਚੁੱਕ ਕੇ ਲੁਧਿਆਣਾ ਦੇ ਪ੍ਰਾਈਵੇਟ ਹਸਪਤਾਲ ਗਲੋਬਲ ਵਿਖੇ ਦਾਖਲ ਕਰਵਾਇਆ ਗਿਆ ਜਿਥੇ ਮਾਂ-ਬਾਪ ਅਤੇ ਰਿਸ਼ਤੇਦਾਰ ਖਤਰੇ ਤੋਂ ਬਾਹਰ ਹਨ ਜਦਕਿ ਭੈਣ ਦੀ ਹਾਲਤ ਗੰਭੀਰ ਬਣੀ ਹੋਈ ਸੀ ਜੋ ਦਮ ਤੋੜ ਗਈ ਹੈ ।
ਇਹ ਵੀ ਪੜ੍ਹੋ : ਪੰਜਾਬ ’ਚ ਅਗਲੇ ਪੰਜ ਦਿਨਾਂ ਦੌਰਾਨ ਕੜਾਕੇ ਦੀ ਠੰਡ ਪੈਣ ਦਾ ਖ਼ਦਸ਼ਾ, ਮੌਸਮ ਵਿਭਾਗ ਨੇ ਜਾਰੀ ਕੀਤਾ ਅਲਰਟ
ਕੇਸਰ ਸਿੰਘ ਨੇ ਦੱਸਿਆ ਕਿ ਉਸ ਦਾ ਜੀਜਾ ਹਲਵਾਈ ਦਾ ਕੰਮ ਕਰਦਾ ਹੈ ਅਤੇ ਰਿਸ਼ਤੇਦਾਰ ਸੰਦੀਪ ਸਿੰਘ ਉਸ ਨਾਲ ਹੈਲਪਰ ਹੈ। ਸਵੇਰੇ 8 ਵਜੇ ਆਪਣੇ ਕੰਮ ਤੋਂ ਵਿਹਲੇ ਹੋ ਕੇ ਦੋਵੇਂ ਆਪਣੇ ਘਰ ਜਾ ਕੇ ਸੋਂ ਗਏ ਜਿੱਥੇ ਉਸਦੀ ਭੈਣ ਅਤੇ ਭਾਣਜੀ ਕਮਰੇ ਵਿਚ ਬੇਸੁੱਧ ਪਏ ਸਨ, ਉਨ੍ਹਾਂ ਨੇ ਦੋਵਾਂ ਨੂੰ ਸੁੱਤੇ ਵੇਖ ਕੇ ਜਗਾਇਆ ਨਹੀਂ ਬਲਕਿ ਖੁਦ ਵੀ ਕਮਰੇ ਅੰਦਰ ਜਾ ਕੇ ਸੋਂ ਗਏ ਅਤੇ ਉਨ੍ਹਾਂ ਨੂੰ ਵੀ ਗੈਸ ਚੜ੍ਹ ਗਈ ਅਤੇ ਬਚਾਅ ਲਈ ਬਾਹਰ ਨਿਕਲੇ ਤਾਂ ਦਰਵਾਜ਼ੇ ਦੇ ਬਾਹਰ ਹੀ ਡਿੱਗ ਪਏ। ਅਚਾਨਕ ਉਸਦਾ ਭਾਣਜਾ ਸਤਨਾਮ ਸਿੰਘ ਘਰ ਗਿਆ ਤਾਂ ਇਨ੍ਹਾਂ ਚਾਰਾਂ ਨੂੰ ਹਸਪਤਾਲ ਦਾਖਲ ਕਰਵਾਇਆ। ਥਾਣਾ ਦਾਖਾ ਦੇ ਮੁਖੀ ਇੰਸਪੈਕਟਰ ਦਲਜੀਤ ਸਿੰਘ ਗਿੱਲ ਨੇ ਦੱਸਿਆ ਕਿ ਵਿਭਾਗੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।
ਇਹ ਵੀ ਪੜ੍ਹੋ : ਕੈਨੇਡਾ ਪਹੁੰਚ ਕੇ ਨੂੰਹ ਨੇ ਬਦਲੇ ਰੰਗ, ਕਰਤੂਤਾਂ ਦੇਖ ਸਹੁਰਿਆਂ ਦੇ ਉੱਡ ਗਏ ਹੋਸ਼
ਨੋਟ - ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ।