ਬੋਰੋਜ਼ਗਾਰ ਨੌਜਵਾਨ ਪੀੜ੍ਹੀ ਆਰਿਥਕ ਤੌਰ ’ਤੇ ਲੜਖੜਾ ਕੇ ਡੁੱਬ ਰਹੀ ਨਸ਼ਿਅਾਂ ਦੀ ਦਲਦਲ ’ਚ
Sunday, Jul 01, 2018 - 05:35 AM (IST)
ਮਾਨਸਾ, (ਜੱਸਲ)- ਪੰਜ ਦਰਿਆਵਾਂ ਦੀ ਧਰਤੀ ਪੰਜਾਬ ’ਚ ਹੁਣ ਨਸ਼ਿਆਂ ਦਾ ਛੇਵਾਂ ਦਰਿਆ ਬੜੀ ਤੇਜ਼ੀ ਨਾਲ ਅੱਗੇ ਵੱਧਣ ਦੀ ਧਾਰਨਾ ਪੱਕੀ ਹੋਣ ਲੱਗੀ ਹੈ। ਪੰਜਾਬ ਦੀ ਨੌਜਵਾਨ ਪੀੜ੍ਹੀ ਬੇਰੋਜ਼ਗਾਰੀ ’ਚ ਗੜੁੱਚ ਆਰਥਿਕ ਤੌਰ ’ਤੇ ਲੜਖੜਾਈ ਜ਼ਿੰਦਗੀ ਨੂੰ ਢਾਹ ਲਾਉਣ ਲਈ ਇਨ੍ਹਾਂ ਸਸਤੇ ਨਸ਼ਿਆਂ ਦੀ ਦਲਦਲ ’ਚ ਧੱਸਦੀ ਜਾ ਰਹੀ ਹੈ। ਇਨ੍ਹਾਂ ਨਸ਼ਿਆਂ ਦਾ ਪਸਾਰਾ ਵੱਧਣ ਤੇ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਸੂਬਾ ਸਰਕਾਰ ਦੇ ਹਰ ਯਤਨ ਨਾਕਾਮ ਸਾਬਿਤ ਹੋ ਰਹੇ ਹਨ।
ਪੰਜਾਬ ਦੇ ਹਰ ਸ਼ਹਿਰ, ਹਰ ਕਸਬੇ, ਹਰ ਪਿੰਡ ’ਚ ਤੰਬਾਕੂ ਪਦਾਰਥਾਂ ਦੀ ਵਿਕਰੀ ’ਚ ਹੋਰ ਵਾਧਾ ਹੋ ਰਿਹਾ ਹੈ। ਹਰ ਤੀਜਾ ਵਿਅਕਤੀ ਆਪਣੀ ਜੇਬ ’ਚ ਤੰਬਾਕੂ ਵਾਲਾ ਪਦਾਰਥ ਬੜੀ ਸ਼ਾਨ ਨਾਲ ਰੱਖਦਾ ਹੈ। ਉਹ ਪਾਬੰਦੀਆਂ ਤੋਂ ਬੇਖਬਰ ਨਸ਼ਿਆਂ ਦੀ ਬੜੀ ਸ਼ਾਨੌ-ਸ਼ੌਕਤ ਨਾਲ ਵਰਤੋਂ ਕਰ ਰਿਹਾ ਹੈ। ਤੰਬਾਕੂ ਵਾਲੀਆਂ ਵਸਤਾਂ ’ਚ ਨਿਕੋਟੀਨ ਜ਼ਿਆਦਾ ਪਾਈ ਜਾਂਦੀ ਹੈ। ਇਸ ਦੀ ਵਰਤੋਂ ਨਾਲ ਮਨੁੱਖ ਸਾਹ, ਦਮਾ, ਫੇਫੜਿਆਂ ’ਚ ਛੇਕ ਹੋਣ ’ਤੇ ਟੀ. ਬੀ. ਰੋਗ, ਕੈਂਸਰ ਆਦਿ ਹੋਰ ਭਿਆਨਕ ਰੋਗਾਂ ਦਾ ਸ਼ਿਕਾਰ ਹੋ ਕੇ ਮੌਤ ਦੇ ਮੂੰਹ ’ਚ ਚਲਾ ਜਾਂਦਾ ਹੈ। ਸੂਬਾ ਸਰਕਾਰ ਤੇ ਜ਼ਿਲਾ ਪ੍ਰਸ਼ਾਸਨ ਜੇਕਰ ਚਾਹੁੰਦਾ ਹੈ ਕਿ ਪੰਜਾਬ ਨੂੰ ਸੱਚਮੁੱਚ ਤੰਬਾਕੂ ਰਹਿਤ ਬਣਾਉਣਾ ਹੈ ਤਾਂ ਅਜਿਹੇ ਨਸ਼ੀਲੇ ਪਦਾਰਥਾਂ ਨੂੰ ਬਣਾਉਣ ਵਾਲੇ ਅਤੇ ਵਿਕਰੀ ਕੇਂਦਰਾਂ ਨੂੰ ਮੁਕੰਮਲ ਤੌਰ ’ਤੇ ਬੰਦ ਕਰਨਾ ਪਵੇਗਾ।
ਤੰਬਾਕੂ ਪਦਾਰਥਾਂ ’ਤੇ ਪਾਬੰਦੀ ਦਾ ਕੋਈ ਅਸਰ ਨਹੀਂ ਪਿਆ
ਬੇਸ਼ੱਕ ਤੰਬਾਕੂ ਕੰਟਰੋਲ ਐਕਟ -2003 (ਕੋਟਪਾ) ਤਹਿਤ ਪੰਜਾਬ ਭਰ ’ਚ ਬੀੜੀ, ਸਿਗਰਟ, ਜਰਦਾ, ਪਾਨ ਤੇ ਗੁਟਖੇ ਖਾਣ ਤੇ ਵੇਚਣ ਦੀ ਲਾਈ ਪਾਬੰਦੀ ਦਾ ਕਿਸੇ ਵੀ ਜ਼ਿਲੇ ਅੰਦਰ ਕੋਈ ਅਸਰ ਨਹੀਂ ਦਿਖਾਈ ਦੇ ਰਿਹਾ ਹੈ। ਬਸ! ਇਹ ਸਮਝ ਲਿਆ ਜਾਵੇ ਕਿ ਇਹ ਨਸ਼ੇ ਪੰਜਾਬ ਦੀ ਨੌਜਵਾਨ ਪੀੜ੍ਹੀ ਦੇ ਮਨਾਂ ’ਚ ਘਰ ਕਰ ਗਏ ਹਨ। ਅਜਿਹੇ ਤੰਬਾਕੂ ਵੇਚਣ ਵਾਲਿਆਂ ਦੀ ਦਿਨ-ਬ-ਦਿਨ ਚਾਂਦੀ ਹੈ। ਇਨ੍ਹਾਂ ਪਾਬੰਦੀ ਵਾਲੇ ਜ਼ਿਲਿਆਂ ’ਚ ਲੋਕ ਬਿਨਾਂ ਕਿਸੇ ਡਰ ਭੈਅ ਦੇ ਸ਼ਰੇਆਮ ਜਨਤਕ ਸਥਾਨਾਂ ’ਤੇ ਹੱਥ ਦੀ ਤਲੀ ’ਤੇ ਜਰਦਾ ਮਲਦੇ ਜਾਂ ਸਿਗਰਟਾਂ ਦੇ ਕਸ਼ ਲਾਉਂਦੇ ਦੇਖੇ ਜਾ ਸਕਦੇ ਹਨ।
ਸਰਕਾਰ ਦਾ ‘ਤੰਦਰੁਸਤ ਪੰਜਾਬ’ ਮਿਸ਼ਨ ਅਸਫਲ
ਅਕਾਲੀਆਂ ਦੇ ਰਾਜ ਵੇਲੇ ਕਈ ਜ਼ਿਲਿਅਾਂ ਨੂੰ ਤੰਬਾਕੂ ਰਹਿਤ ਜ਼ਿਲਾ ਐਲਾਨਿਆ ਗਿਆ। ਉਸ ਵੇਲੇ ਤੰਬਾਕੂ ਵਾਲੀਆਂ ਵਸਤਾਂ ਗੁਟਖਾ ਅਤੇ ਪਾਨ ਮਸਾਲਾ ਵੇਚਣ, ਭੰਡਾਰ ਕਰਨ, ਬਣਾਉਣ ਅਤੇ ਵੰਡਣ ’ਤੇ ਪੂਰਨ ਪਾਬੰਦੀ ਲਾ ਦਿੱਤੀ ਸੀ ਪਰ ਇਹ ਪਾਬੰਦੀ ਕੁੱਝ ਦਿਨਾਂ ਲਈ ਸੀਮਿਤ ਰਹੀ। ਹੁਣ ਜਿਉਂ ਹੀ ਪੰਜਾਬ ’ਚ ਸਰਕਾਰ ਬਦਲੀ ਤਾਂ ਫਿਰ ਤੰਬਾਕੂ ਵਾਲੀਆਂ ਬੀੜੀਅਾਂ, ਸਿਗਰਟ, ਜਰਦਾ, ਪਾਨ ਤੇ ਗੁਟਖੇ ਦੀ ਵਿਕਰੀ ਕਈ ਗੁਣਾ ਵਧ ਗਈ ਹੈ। ਇਸ ਸਮੇਂ ਸੂਬਾ ਸਰਕਾਰ ਨੇ ਤੰਦਰੁਸਤ ਪੰਜਾਬ ਮਿਸ਼ਨ ਚਲਾ ਦਿੱਤਾ ਹੈ ਪਰ ਸੂਬਾ ਸਰਕਾਰ ਨੂੰ ਇਹ ਇਲਮ ਨਹੀਂ ਕਿ ਸੂਬੇ ’ਚ ਤੰਬਾਕੂ ਵਾਲੀਆਂ ਵਸਤਾਂ ਦੀ ਕਿੰਨੀ ਵਰਤੋਂ ਹੋ ਰਹੀ ਹੈ ਅਤੇ ਇਸ ਦਾ ਲੋਕਾਂ ਦੀ ਸਿਹਤ ’ਤੇ ਕਿੰਨਾ ਮਾੜਾ ਅਸਰ ਪੈ ਰਿਹਾ ਹੈ। ਸਿਹਤ ਵਿਭਾਗ ਦੇ ਤੰਬਾਕੂਨੋਸ਼ੀ ਦੇ ਚਲਾਨ ਸਿਰਫ ਗੋਗਲੂਆਂ ਤੋਂ ਮਿੱਟੀ ਝਾੜਣ ਦੇ ਬਰਾਬਰ ਹਨ।
ਜ਼ਿਲਾ ਪ੍ਰਸ਼ਾਸਨ ਦੇ ਯਤਨ ਨਾਕਾਮ
ਪੰਜਾਬ ਭਰ ’ਚ ਪ੍ਰਸ਼ਾਸਨ, ਸਮਾਜ ਸੇਵੀ ਸੰਸਥਾਵਾਂ, ਕਲੱਬਾਂ ਤੇ ਕੇਂਦਰ ਸਰਕਾਰ ਦੀਆਂ ਸਕੀਮਾਂ ਨਾਲ ਨਸ਼ਿਆਂ ਦੀ ਮੁਕਤੀ ਲਈ ਸੈਮੀਨਾਰ, ਨਾਟਕ ਮੇਲੇ ਤੇ ਜਾਗਰੂਕਤਾ ਕੈਂਪ ਲਾਏ ਜਾ ਰਹੇ ਹਨ ਪਰ ਇਨ੍ਹਾਂ ਯਤਨਾਂ ਦਾ ਅਸਰ ਉਲਟ ਦਿਖਾਈ ਦੇ ਰਿਹਾ ਹੈ। ਅੱਜ ਸ਼ਹਿਰ ਵਿਚ ਤੰਬਾਕੂ ਰਹਿਤ ਖੇਤਰ ਦੇ ਜਨਤਕ ਥਾਵਾਂ ਤੇ ਹਰ ਬਾਜ਼ਾਰ ਵਿਚ ਦੁਕਾਨਾਂ ’ਤੇ ਪੋਸਟਰ ਲਾਉਣ ਦੇ ਬਾਵਜੂਦ ਤੰਬਾਕੂ, ਬੀੜੀ, ਜਰਦਾ ਤੇ ਗੁਟਖੇ ਖਾਣ ਦਾ ਰੁਝਾਨ ਜਾਰੀ ਹੈ।
20 ਤੋਂ 60 ਸਾਲ ਤੱਕ ਇਕ ਟਰਾਲੀ ਬੀੜੀਆਂ ਪੀ ਜਾਂਦਾ ਹੈ ਮਨੁੱਖ
ਰੋਜ਼ਮਰਾ ਦੀ ਜ਼ਿੰਦਗੀ ’ਚ ਅੰਦਾਜ਼ਨ ਤੰਬਾਕੂ ਦੀ 1 ਵਿਅਕਤੀ 1 ਮਹੀਨੇ ’ਚ 800 ਗ੍ਰਾਮ ਅਤੇ 1 ਸਾਲ ’ਚ 7 ਕਿਲੋ, 10 ਸਾਲਾਂ ’ਚ 72 ਕਿਲੋ ਤੰਬਾਕੂ ਦੀ ਵਰਤੋਂ ਕਰਦਾ ਹੈ। ਜੇਕਰ 20 ਸਾਲ ਤੋਂ 60 ਸਾਲ ਤੱਕ ਤੰਬਾਕੂ ਦੀ ਵਰਤੋਂ ਕਰਦਾ ਹੈ ਤਾਂ ਅੌਸਤਨ 3 ਕੁਇੰਟਲ ਤੋਂ ਜ਼ਿਆਦਾ ਤੰਬਾਕੂ ਦੀ ਵਰਤੋਂ ਹੋ ਰਹੀ ਹੈ। ਜੇਕਰ ਤੰਬਾਕੂ ’ਚ ਚੂਨੇ ਦਾ ਜ਼ਿਕਰ ਕਰੀਏ ਤਾਂ 35 ਕਿਲੋ ਦੇ ਕਰੀਬ ਲੱਗ ਜਾਂਦਾ ਹੈ। ਸਿਗਰਟ ਦੇ ਮੁਕਾਬਲੇ ਬੀੜੀਆਂ ਦੀ ਵਰਤੋਂ ਜ਼ਿਆਦਾ ਹੋ ਰਹੀ ਹੈ ਕਿਉਂਕਿ ਬੀ਼ੜੀਆਂ ਸਿਗਰਟ ਨਾਲੋਂ ਸਸਤੀਆਂ ਪੈਂਦੀਆਂ ਹਨ। ਰੋਜ਼ਾਨਾ ਬੀੜੀਆਂ ਦਾ ਇਕ ਬੰਡਲ ਇਕ ਵਿਅਕਤੀ ਖਿੱਚ ਜਾਂਦਾ ਹੈ। ਜੇਕਰ 20 ਸਾਲ ਤੋਂ 60 ਸਾਲ ਤੱਕ ਬੀੜੀਆਂ ਦੀ ਵਰਤੋਂ ਬਾਰੇ ਅੰਦਾਜ਼ਾ ਲਾਇਆ ਜਾਵੇ ਤਾਂ ਇਕ ਵਿੱਢ ਵਾਲੀ ਭਰੀ ਟਰਾਲੀ ਜਿੰਨੀਆਂ ਬੀੜੀਆਂ ਦੀ ਵਰਤੋਂ ਹੋ ਜਾਂਦੀ ਹੈ। ਇਸ ਤਰ੍ਹਾਂ ਹੀ ਸਿਗਰਟ ਦੀ ਇਕ ਵਿਅਕਤੀ 1 ਡੱਬੀ ਰੋਜ਼ਾਨਾ ਪੀ ਜਾਂਦਾ ਹੈ ਤਾਂ 1 ਮਹੀਨੇ ’ਚ 30 ਡੱਬੀਆਂ ਅਤੇ 20 ਸਾਲ ਤੋਂ 60 ਸਾਲ ਤੱਕ ਇਕ ਹਾਥੀ ਦੇ ਅਕਾਰ ਜਿੰਨੀਆਂ ਸਿਗਰਟਾਂ ਦੀਆਂ ਡੱਬੀਆਂ ਦੇ ਸੂਟੇ ਲਾ ਜਾਂਦਾ ਹੈ।
