ਨਹਿਰ 'ਚ ਨਹਾਉਣ ਗਏ 22 ਸਾਲਾ ਨੌਜਵਾਨ ਦੀ ਮੌਤ, ਪਰਿਵਾਰ ਦਾ ਰੋ-ਰੋ ਬੁਰਾ ਹਾਲ

06/18/2024 6:22:27 PM

ਭਵਾਨੀਗੜ੍ਹ (ਕਾਂਸਲ/ਵਿਕਾਸ ਮਿੱਤਲ) : ਅੱਤ ਦੀ ਪੈ ਰਹੀ ਗਰਮੀ ਤੋਂ ਬਚਾਅ ਲਈ ਪਿੰਡ ਨਦਾਮਪੁਰ ਵਿਖੇ ਘੱਗਰ ਬ੍ਰਾਂਚ ਦੀ ਨਹਿਰ ‘ਚ ਨਹਾਉਣ ਲਈ ਗਏ ਨੇੜਲੇ ਪਿੰਡ ਚੰਨੋਂ ਦੇ ਇਕ ਨੌਜਵਾਨ ਦੀ ਨਹਿਰ ਦੇ ਪਾਣੀ ਦੇ ਤੇਜ਼ ਬਹਾਅ ’ਚ ਰੁੜ ਜਾਣ ਕਾਰਨ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਲਾਭ ਸਿੰਘ ਪੁੱਤਰ ਭਗਤ ਸਿੰਘ ਵਾਸੀ ਪਿੰਡ ਚੰਨੋਂ ਨੇ ਦੱਸਿਆ ਕਿ ਉਸ ਦਾ 22 ਸਾਲ ਉਮਰ ਦਾ ਨੌਜਵਾਨ ਪੋਤਾ ਗੌਬਿੰਦ ਸਿੰਘ ਪੁੱਤਰ ਸਵ. ਕੌਰ ਸਿੰਘ ਅੱਜ ਦੁਪਹਿਰ ਗਰਮੀ ਤੋਂ ਬਚਾਅ ਲਈ ਨਹਾਉਣ ਲਈ ਪਿੰਡ ਨਦਾਮਪੁਰ ਨੜਿਓ ਲੰਘਦੀ ਘਗਰ ਬ੍ਰਾਂਚ ਦੀ ਨਹਿਰ ’ਤੇ ਆਇਆ ਸੀ ਤੇ ਉਸ ਦਾ ਪੋਤਾ ਨਹਿਰ ਦੇ ਪਾਣੀ ਦੇ ਤੇਜ਼ ਬਹਾਅ ’ਚ ਰੁੜ ਜਾਣ ਕਾਰਨ ਲਾਪਤਾ ਹੋ ਗਿਆ ਹੈ।

ਇਸ ਮੌਕੇ ਮੌਜੂਦ ਮਾਰਕਿਟ ਕਮੇਟੀ ਦੇ ਸਾਬਕਾ ਉਪ ਚੇਅਰਮੈਨ ਬਲਜਿੰਦਰ ਸਿੰਘ ਗੋਗੀ ਚੰਨੋਂ ਨੇ ਦੱਸਿਆ ਕਿ ਨੌਜਵਾਨ ਦੀ ਭਾਲ ਲਈ ਉਨ੍ਹਾਂ ਵੱਲੋਂ ਪਟਿਆਲਾ ਤੋਂ ਵਿਸ਼ੇਸ਼ ਤੌਰ ’ਤੇ ਗੌਤਾਖੋਰਾਂ ਦੀ ਟੀਮ ਨੂੰ ਬੁਲਾਇਆ ਗਿਆ। ਜਿਨ੍ਹਾਂ ਵੱਲੋਂ ਕਾਫੀ ਦੇਰ ਜੱਦੋ-ਜਹਿਦ ਕਰਨ ਤੋਂ ਬਾਅਦ ਨੌਜਵਾਨ ਦੀ ਨਹਿਰ ’ਚੋਂ ਲਾਸ਼ ਮਿਲੀ ਹੈ। ਇਸ ਘਟਨਾ ਸਬੰਧੀ ਪੁਲਸ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ।


Gurminder Singh

Content Editor

Related News