500 ਕਿਲੋਮੀਟਰ ਦੀ ਦੌੜ ਲਾ ਦਿੱਲੀ ਕਿਸਾਨ ਅੰਦੋਲਨ ’ਚ ਸ਼ਾਮਲ ਹੋਵੇਗਾ 'ਕੈਪਟਨ'
Friday, Feb 26, 2021 - 02:43 PM (IST)
ਬਟਾਲਾ (ਗੁਰਪ੍ਰੀਤ) - ਕੇਂਦਰ ਦੀ ਮੋਦੀ ਸਰਕਾਰ ਵੱਲੋਂ ਬਣਾਏ ਗਏ ਤਿੰਨ ਖੇਤੀ ਕਾਨੂੰਨਾਂ ਦਾ ਦੇਸ਼ ਭਰ ਦੇ ਕਿਸਾਨਾਂ ਅਤੇ ਮਜਦੂਰਾਂ ਵੱਲੋਂ ਡਟ ਕੇ ਵਿਰੋਧ ਕੀਤਾ ਜਾ ਰਿਹਾ ਹੈ। ਇਸ ਕਿਸਾਨੀ ਅੰਦੋਲਨ ’ਚ ਨੌਜਵਾਨਾਂ ਅਤੇ ਬੱਚਿਆਂ ਵੱਲੋਂ ਵੀ ਪੂਰਨ ਰੂਪ ਨਾਲ ਹਿੱਸਾ ਪਾਇਆ ਜਾ ਰਿਹਾ ਹੈ। ਕਿਸਾਨਾਂ ਦਾ ਜਿੱਥੇ ਪੰਜਾਬ ਦੇ ਬੱਚੇ ਸੜਕਾਂ ’ਤੇ ਉੱਤਰ ਕੇ ਆਪਣੇ ਪਿਓ-ਦਾਦਿਆਂ ਦਾ ਸਾਥ ਦਿੰਦੇ ਨਜ਼ਰ ਆ ਰਹੇ ਹਨ, ਉੱਥੇ ਹੀ ਨੌਜਵਾਨ ਵਰਗ, ਜਿਨ੍ਹਾਂ ਨੂੰ ਕਦੇ ਨਸ਼ੇੜੀ ਜਾਂ ਕੁਰਾਹੇ ਪਏ ਦੱਸਿਆ ਜਾਂਦਾ ਸੀ ਉਹ ਵੀ ਇਸ ’ਚ ਆਪਣਾ ਹਿੱਸਾ ਪਾ ਰਹੇ ਹਨ। ਇਸੇ ਤਰ੍ਹਾਂ ਬਟਾਲਾ ਦੇ ਨੌਜਵਾਨ ਰਮਿੰਦਰ ਸਿੰਘ ਕੈਪਟਨ ਨੇ ਵੀ ਦਿੱਲੀ ਪਹੁੰਚ ਕੇ ਕਿਸਾਨਾਂ ਦਾ ਸਾਥ ਦੇਣ ਅਤੇ ਸਰਕਾਰ ਨੂੰ ਟੱਕਰ ਦੇਣ ਲਈ ਇੱਕ ਵਿਲੱਖਣ ਤਰੀਕਾ ਲੱਭਿਆ। ਰਮਿੰਦਰ ਦਿੱਲੀ ਕਿਸਾਨੀ ਅੰਦੋਲਨ ’ਚ ਸ਼ਾਮਲ ਹੋਣ ਲਈ ਆਪਣੇ ਪਿੰਡ ਤੋਂ ਦਿੱਲੀ ਤੱਕ 500 ਕਿਲੋਮੀਟਰ ਦੀ ਦੌੜ ਲਾ ਕੇ ਦਿੱਲੀ ਦਾ ਸਫ਼ਰ ਪੂਰਾ ਕਰੇਗਾ।
ਪੜ੍ਹੋ ਇਹ ਵੀ ਖ਼ਬਰ - ਅੰਨ੍ਹੇ ਕਤਲ ਦੀ ਗੁੱਥੀ ਸੁਲਝੀ: ਪ੍ਰੇਮਿਕਾ ਦੇ ਪਿਓ ਨੇ ਨੌਜਵਾਨ ਨੂੰ ਕਰੰਟ ਲਗਾ ਬਿਆਸ 'ਚ ਸੁੱਟੀ ਸੀ ਲਾਸ਼
ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਬਟਾਲਾ ਦੇ ਪਿੰਡ ਤੇਜਾ ਵਿਲ੍ਹੇ ਦੇ ਨੌਜਵਾਨ ਰਮਿੰਦਰ ਸਿੰਘ ਕੈਪਟਨ ਨੇ ਦੱਸਿਆ ਕਿ ਮੈਂ ਪਹਿਲਾਂ ਵੀ ਦਿੱਲੀ ਅੰਦੋਲਨ ਵਿੱਚ ਹੋ ਕੇ ਆਇਆ ਹਾਂ। ਇਸ ਵਾਰ ਉਸ ਦਾ ਇਰਾਦਾ ਕੁੱਝ ਵੱਖਰਾ ਹੈ। ਰਾਮਿੰਦਰ ਮੁਤਾਬਕ ਦਿੱਲੀ ਤੱਕ ਉਸਦਾ ਸਫ਼ਰ 500 ਕਿਲੋਮੀਟਰ ਦਾ ਹੈ, ਜਿਸ ਕਰਕੇ ਉਹ ਰੋਜ਼ਾਨਾ 50 ਕਿਲੋਮੀਟਰ ਦੌੜ ਲਗਾ ਕੇ ਆਪਣਾ ਸਫ਼ਰ ਤੈਅ ਕਰੇਗਾ ਅਤੇ 10 ਦਿਨ ਵਿੱਚ ਦਿੱਲੀ ਪਹੁੰਚ ਜਾਵੇਗਾ। ਰਾਮਿੰਦਰ ਦੇ ਨਾਲ 6 ਮੈਂਬਰ ਦੀ ਟੀਮ ਵੀ ਜਾ ਰਹੀ ਹੈ, ਜਿਸ ਵਿੱਚ ਇੱਕ ਡਾਕਟਰ ਵੀ ਹੈ। ਰਾਮਿੰਦਰ ਨੇ ਕਿਹਾ ਕਿ ਉਸਦਾ ਮਕਸਦ ਕੇਂਦਰ ਦੀ ਸਰਕਾਰ ਨੂੰ ਸੁਨੇਹਾ ਦੇਣਾ ਹੈ ਕਿ ਪੰਜਾਬ ਦਾ ਨੌਜਵਾਨ ਇਨ੍ਹਾਂ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਲਈ ਕੁਝ ਵੀ ਕਰਨ ਨੂੰ ਤਿਆਰ ਹੈ।
ਪੜ੍ਹੋ ਇਹ ਵੀ ਖ਼ਬਰ - ਅੰਨ੍ਹੇ ਕਤਲ ਦੀ ਸੁਲਝੀ ਗੁੱਥੀ: ਵਿਦੇਸ਼ ਜਾਣ ਦਾ ਸੁਫ਼ਨਾ ਪੂਰਾ ਨਾ ਹੋਣ ’ਤੇ ਦੋਸਤ ਨਾਲ ਮਿਲ ਕੀਤਾ ਸੀ ਬਜ਼ੁਰਗ ਦਾ ਕਤਲ
ਸਿੰਘੂ ਬਾਰਡਰ ’ਤੇ ਖੇਤੀ ਬਿੱਲਾਂ ਦੇ ਵਿਰੋਧ ਵਿਚ ਚੱਲ ਰਹੇ ਸੰਘਰਸ਼ ਨੂੰ ਸਮਰਥਨ ਦੇਣ ਲਈ ਨੌਜਵਾਨ ਦੌੜਾਕ ਰਮਿੰਦਰ ਸਿੰਘ ਅਰਦਾਸ ਕਰਨ ਉਪਰੰਤ ਦੌੜ ਲਗਾ ਕੇ ਲਗਭਗ 25 ਕਿਲੋਮੀਟਰ ਦਾ ਸਫ਼ਰ ਤੈਅ ਕਰਦੇ ਹੋਏ ਬਟਾਲਾ ਦੇ ਸੁੱਖਾ ਸਿੰਘ ਮਹਿਤਾਰਬ ਸਿੰਘ ਚੌਂਕ ਪੁੱਜਾ, ਜਿਥੇ ਪਿੰਡ ਸਾਰਚੂਰ ਦੀ ਸਮੂਹ ਸੰਗਤ ਤੇ ਇਲਾਕਾ ਵਾਸੀਆਂ ਨੇ ਕੈਪਟਨ ਰਮਿੰਦਰ ਸਿੰਘ ਦਾ ਸਵਾਗਤ ਕਰਨ ਲਈ ਇਕ ਸਮਾਗਮ ਸੁਖਪ੍ਰੀਤ ਸਿੰਘ ਬਾਜਵਾ ਦੇ ਸੁਹਿਰਦ ਯਤਨਾਂ ਨਾਲ ਕਰਵਾਇਆ। ਇਸ ਦੌਰਾਨ ਇੰਜੀ. ਮਨਜੀਤ ਸਿੰਘ ਸਾਰਚੂਰ, ਸੁਖਪ੍ਰੀਤ ਬਾਜਵਾ, ਮਿੱਤਰਪਾਲ ਸਿੰਘ ਕਾਹਲੋਂ ਆਦਿ ਨੇ ਕੈਪਟਨ ਰਮਿੰਦਰ ਦਾ ਬਟਾਲਾ ਪਹੁੰਚਣ ’ਤੇ ਭਰਵਾ ਸਵਾਗਤ ਕੀਤਾ। ਉਨ੍ਹਾਂ ਨੂੰ ਤਸਵੀਰ ਭੇਂਟ ਕਰਕੇ ਉਨ੍ਹਾਂ ਨੂੰ ਸਨਮਾਨਿਤ ਕੀਤਾ। ਇਸ ਤੋਂ ਇਲਾਵਾ ਹਰਵਿੰਦਰ ਸਿੰਘ ਕਾਹਲੋਂ ਯੂ. ਐੱਸ. ਏ ਨੇ ਕੈਪਟਨ ਰਮਿੰਦਰ ਨੂੰ ਨਕਦ ਸਹਿਯੋਗ ਵੀ ਦਿੱਤਾ।
ਪੜ੍ਹੋ ਇਹ ਵੀ ਖ਼ਬਰ - ਸਿੰਘੂ ਬਾਰਡਰ ਤੋਂ ਲੱਭਿਆ ਰਿਟਾਇਰਡ ਲੈਫਟੀਨੈਂਟ ਕਰਨਲ ਦਾ ਲਾਪਤਾ ਪੁੱਤ, ਕੈਪਟਨ ਨੇ ਦਿੱਤੇ ਸੀ ਭਾਲ ਕਰਨ ਦੇ ਸੰਦੇਸ਼
ਪਿੰਡ ਦੇ ਸਰਪੰਚ ਅਤੇ ਉਸਦੇ ਚਾਚੇ ਨੇ ਕਿਹਾ ਕਿ ਪੂਰਾ ਪਿੰਡ ਉਸਦੇ ਨਾਲ ਹੈ ਅਤੇ ਪੂਰੇ ਪਿੰਡ ਨੂੰ ਉਸ ’ਤੇ ਮਾਣ ਹੈ। ਪਿੰਡ ਦੇ ਸਰਪੰਚ ਨੇ ਉਸ ਨੂੰ ਜਰਨੈਲ ਕਹਿ ਕੇ ਨਿਵਾਜਿਆ। ਰਮਿੰਦਰ ਸਿੰਘ ਦੁਆਰਾ ਆਪਣੇ ਪਿੰਡ ਤੋਂ 500 ਕਿਲੋ ਮੀਟਰ ਦਿੱਲੀ ਤੱਕ ਰੋਜ਼ਾਨਾ 50 ਕਿਲੋ ਮੀਟਰ ਦੌੜ ਲਗਾ ਕੇ 10 ਦਿਨ ਵਿੱਚ ਦਿੱਲੀ ਲੱਗੇ ਮੋਰਚਿਆਂ ਵਿੱਚ ਪਹੁੰਚਿਆ ਜਾਵੇਗਾ। ਰਮਿੰਦਰ ਕੇਂਦਰ ਸਰਕਾਰ ਨੂੰ ਦੱਸਣਾ ਚਾਹੁੰਦਾ ਹੈ ਕਿ ਪੰਜਾਬ ਦਾ ਨੌਜਵਾਨ ਆਪਣੇ ਹੱਕਾਂ ਦੀ ਖ਼ਾਤਰ ਕਿਸੇ ਵੀ ਹੱਦ ਤਕ ਜਾ ਸਕਦਾ ਹੈ। ਉਹ ਨੌਜਵਾਨਾਂ ਲਈ ਇੱਕ ਪ੍ਰੇਣਾ ਬਣਨਾ ਚਾਹੁੰਦਾ ਹੈ ਤਾਂ ਕਿ ਹਰ ਇਕ ਨੌਜਵਾਨ ਵੱਧ-ਚੜ੍ਹ ਕੇ ਇਨ੍ਹਾਂ ਅੰਦੋਲਨਾਂ ਵਿੱਚ ਹਿੱਸਾ ਪਾਵੇ।
ਪੜ੍ਹੋ ਇਹ ਵੀ ਖ਼ਬਰ - ਪਾਕਿ ’ਚ ਹਿੰਦੂਆ ਦੀਆਂ ਲਾਸ਼ਾਂ ਦੀ ਬੇਕਦਰੀ, ਨਸੀਬ ਨਹੀਂ ਹੋ ਰਹੀ ਅਸਥੀਆਂ ਰੱਖਣ ਲਈ ਜਗ੍ਹਾ ਤੇ ਗੰਗਾਜਲ