ਘਰੋਂ ਗਏ ਇਕਲੌਤੇ ਪੁੱਤਰ ਦੀਆਂ ਵਾਪਸ ਪੁੱਜੀਆਂ ਅਸਥੀਆਂ

Friday, Mar 09, 2018 - 03:52 PM (IST)

ਘਰੋਂ ਗਏ ਇਕਲੌਤੇ ਪੁੱਤਰ ਦੀਆਂ ਵਾਪਸ ਪੁੱਜੀਆਂ ਅਸਥੀਆਂ

ਔੜ (ਛਿੰਜੀ ਲੜੋਆ)- ਪਿੰਡ ਝਿੰਗੜਾਂ ਦੇ ਇਕ ਨੌਜਵਾਨ ਦੀ ਦਰਦਨਾਕ ਮੌਤ ਹੋਣ ਦਾ ਸਮਾਚਾਰ ਹੈ, ਜੋ ਕੁਝ ਹੀ ਦਿਨ ਪਹਿਲਾਂ ਘਰੋਂ ਗਿਆ ਪਰ ਵਾਪਸ ਉਸ ਦੀਆਂ ਅਸਥੀਆਂ ਹੀ ਪੁੱਜ ਸਕੀਆਂ ਤੇ ਇਸ ਇਕਲੌਤੇ ਪੁੱਤਰ ਦਾ ਮਾਪੇ ਅੰਤਿਮ ਸੰਸਕਾਰ ਵੀ ਨਾ ਕਰ ਸਕੇ। 
ਮਿਲੀ ਜਾਣਕਾਰੀ ਅਨੁਸਾਰ ਗੁਰਦੀਪ ਸਿੰਘ (26) ਪੁੱਤਰ ਬਲਵਿੰਦਰ ਸਿੰਘ ਵਾਸੀ ਝਿੰਗੜਾਂ ਜੋ ਆਪਣੀ ਵਿਦੇਸ਼ ਵਸਦੀ ਭੈਣ ਤੇ ਮਾਪਿਆਂ ਦਾ ਇਕਲੌਤਾ ਚਿਰਾਗ ਸੀ, ਆਪਣੇ ਮੋਟਰਸਾਈਕਲ 'ਤੇ 2 ਮਾਰਚ ਸ਼ਾਮ ਘਰੋਂ ਇਕ ਕਹਿ ਕੇ ਗਿਆ ਕਿ ਮੈਂ ਖੇਤਾਂ ਨੂੰ ਚੱਲਾ ਹਾਂ ਪਰ ਉਹ ਵਾਪਸ ਨਹੀਂ ਆਇਆ, ਜਿਸ ਦੀ ਬਹੁਤ ਭਾਲ ਕਰਨ ਉਪਰੰਤ ਇਸ ਦੀ ਜਾਣਕਾਰੀ ਵਟਸਐਪ ਗਰੁੱਪਾਂ 'ਚ ਪਾਈ ਗਈ, ਜਿਥੋਂ ਪਤਾ ਲੱਗਾ ਕਿ ਉਕਤ ਨੌਜਵਾਨ 2 ਮਾਰਚ ਨੂੰ ਹੀ ਸ਼ਾਮ ਨੂੰ ਫਗਵਾੜਾ ਰੇਲਵੇ ਸਟੇਸ਼ਨ 'ਤੇ ਰੇਲ ਗੱਡੀ ਨਾਲ ਟਕਰਾਅ ਗਿਆ ਸੀ, ਜਿਸ ਦੀ ਇਕ ਬਾਂਹ ਕੱਟੀ ਗਈ ਤੇ ਸਿਰ 'ਚ ਗੰਭੀਰ ਸੱਟਾਂ ਲੱਗੀਆਂ ਸਨ, ਜਿਸ ਨੂੰ ਪਹਿਲਾਂ ਫਗਵਾੜਾ ਦੇ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਤੇ ਗੰਭੀਰ ਹਾਲਤ ਨੂੰ ਦੇਖਦਿਆਂ ਉਸ ਨੂੰ ਜਲੰਧਰ ਭੇਜਿਆ ਗਿਆ, ਜਿਥੇ ਉਸ ਦੀ ਮੌਤ ਹੋ ਗਈ। ਉਸ ਦੀ ਜੇਬ 'ਚੋਂ ਕੋਈ ਕਾਗਜ਼ ਪੱਤਰ ਜਾਂ ਮੋਬਾਇਲ ਨਹੀਂ ਮਿਲਿਆ ਤੇ ਨਾ ਹੀ ਪੁਲਸ ਨੂੰ ਪਹਿਲਾਂ ਮੋਟਰਸਾਈਕਲ ਹੀ ਮਿਲਿਆ। ਜਿਸ ਕਾਰਨ ਸਿਵਲ ਹਸਪਤਾਲ ਜਲੰਧਰ ਵਿਖੇ ਉਸ ਦੀ ਪਛਾਣ ਲਈ ਰੱਖੀ ਗਈ ਲਾਸ਼ ਦਾ 72 ਘੰਟਿਆਂ ਬਾਅਦ ਉਥੇ ਹੀ ਸਸਕਾਰ ਕਰ ਦਿੱਤਾ ਗਿਆ ਤੇ ਸਸਕਾਰ ਕੀਤੇ ਜਾਣ ਵਾਲੇ ਦਿਨ ਹੀ ਉਸ ਦੇ ਘਰ ਪਤਾ ਲੱਗਾ। ਜਿਸ ਉਪਰੰਤ ਉਨ੍ਹਾਂ ਨੂੰ ਆਪਣੇ ਲਾਡਲੇ ਦੀਆਂ ਅਸਥੀਆਂ ਹੀ ਮਿਲ ਸਕੀਆਂ। ਵਰਣਨਯੋਗ ਹੈ ਕਿ ਇਹ ਨੌਜਵਾਨ 4 ਸਾਲ ਆਪਣੀ ਭੈਣ ਕੋਲ ਯੂ.ਕੇ. ਰਹਿ ਕੇ ਆਇਆ ਸੀ, ਜੋ ਮਾਨਸਿਕ ਪ੍ਰੇਸ਼ਾਨ ਸੀ ਤੇ ਇਸ ਘਟਨਾ ਨਾਲ ਸਮੁੱਚਾ ਪਿੰਡ ਦੁਖੀ ਹੈ।


Related News