ਠੰਡ ''ਚ ਬਾਹਰ ਰਹਿਣ ਕਾਰਨ ਪਿੰਡ ਪੁਲਪੁਖਤਾ ਦੇ ਨੌਜਵਾਨ ਦੀ ਅਮਰੀਕਾ ''ਚ ਮੌਤ
Saturday, Mar 17, 2018 - 10:04 AM (IST)

ਟਾਂਡਾ ਉੜਮੁੜ (ਪੰਡਿਤ ਵਰਿੰਦਰ) - ਪਿੰਡ ਪੁਲਪੁਖਤਾ ਨਾਲ ਸਬੰਧਿਤ ਨੌਜਵਾਨ ਦੀ ਅਮਰੀਕਾ ਦੇ ਓਹੀਓ ਕਾਉਂਟੀ (ਇੰਡਿਆਨਾ) ਵਿਖੇ ਸੜਕ ਕਿਨਾਰੇ ਲਾਸ਼ ਬਰਾਮਦ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਮ੍ਰਿਤਕ ਨੌਜਵਾਨ ਦੀ ਮੌਤ ਠੰਡ ਵਿਚ ਬਾਹਰ ਰਹਿਣ ਕਾਰਨ ਹੋਈ ਦੱਸੀ ਜਾ ਰਹੀ ਹੈ। ਓਹੀਓ ਕਾਉਂਟੀ ਪੁਲਸ ਨੂੰ ਪਰਮਜੀਤ ਸਿੰਘ ਪੰਮਾ ਪੁੱਤਰ ਸ਼ਿੰਗਾਰਾ ਸਿੰਘ ਨਿਵਾਸੀ ਪੁਲ ਪੁਖਤਾ ਦੀ ਲਾਸ਼ 21 ਜਨਵਰੀ ਨੂੰ ਸੜਕ ਕਿਨਾਰੇ ਤੋਂ ਮਿਲੀ ਸੀ। ਜਦਕਿ ਪਿਛਲੇ ਦੋ ਮਹੀਨੇ ਤੋਂ ਪਰਮਜੀਤ ਸਿੰਘ ਨਾਲ ਸੰਪਰਕ ਟੁੱਟੇ ਹੋਣ ਕਰਕੇ ਪਰਿਵਾਰ ਨੂੰ ਬੀਤੀ ਰਾਤ ਇਹ ਦੁਖਦਾਈ ਸੂਚਨਾ ਅਮਰੀਕਾ ਤੋਂ ਪਿੰਡ ਦੇ ਕਿਸੇ ਹੋਰ ਨੌਜਵਾਨਾਂ ਵੱਲੋਂ ਦਿੱਤੀ। ਪਰਮਜੀਤ 2010 ਵਿਚ ਗੈਰਕਨੂੰਨੀ ਤਰੀਕੇ ਨਾਲ ਅਮਰੀਕਾ ਗਿਆ ਸੀ ਤੇ ਹੁਣ ਮਿਸੁਰੀ ਤੋਂ ਬਾਲਟੀਮੋਰ ਬੱਸ 'ਤੇ ਜਾ ਰਿਹਾ ਸੀ ਪਰ ਰਸਤੇ ਵਿਚ ਹੀ ਉਹ ਬੱਸ ਵਿਚੋਂ ਉੱਤਰ ਗਿਆ।
ਮ੍ਰਿਤਕ ਨੌਜਵਾਨ ਦੀ ਪਤਨੀ ਜਸਵਿੰਦਰ ਕੌਰ, ਬੱਚਿਆਂ ਅਤੇ ਮਾਤਾ-ਪਿਤਾ ਨੇ ਭਾਰਤੀ ਅੰਬੈਸੀ, ਵਿਦੇਸ਼ ਮੰਤਰਾਲੇ ਅਤੇ ਸਰਕਾਰ ਨੂੰ ਪਰਮਜੀਤ ਦੀ ਲਾਸ਼ ਜਲਦ ਵਾਪਸ ਮੰਗਵਾਉਣ ਲਈ ਮੱਦਦ ਦੀ ਗੁਹਾਰ ਲਗਾਈ ਹੈ। ਇਹ ਦੁਖਦਾਈ ਖ਼ਬਰ ਮਿਲਣ ਨਾਲ ਪਰਿਵਾਰ ਅਤੇ ਪਿੰਡ 'ਚ ਮਾਤਮ ਦਾ ਮਾਹੌਲ ਹੈ।