ਮਰਦਾਨਾ ਤਾਕਤ ਵਧਾਉਣ ਲਈ 'ਚਿੱਟੇ' ਦਾ ਨਸ਼ਾ ਕਰਨ ਵਾਲੇ ਨੌਜਵਾਨ ਬਣ ਰਹੇ ਨਪੁੰਸਕ!

Wednesday, May 25, 2022 - 10:52 PM (IST)

ਨਵਾਂਸ਼ਹਿਰ (ਤ੍ਰਿਪਾਠੀ) : ਸਮੇਂ-ਸਮੇਂ ਦੀਆਂ ਸਰਕਾਰਾਂ ਦੀ ਨਾਕਾਮੀ ਕਾਰਨ ਨਾ ਸਿਰਫ ਪੰਜਾਬ ਦੇ ਨੌਜਵਾਨਾਂ ਦਾ ਪਲਾਇਨ ਵਿਦੇਸ਼ਾਂ ’ਚ ਹੋ ਰਿਹਾ ਹੈ, ਸਗੋਂ ਸੰਭਾਵਿਤ ਸੋਚੀ-ਸਮਝੀ ਸਾਜ਼ਿਸ਼ ਤਹਿਤ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਦੇ ਮੱਕੜਜਾਲ ’ਚ ਧੱਕ ਕੇ ਨਸ਼ਾਗ੍ਰਸਤ ਮਰੀਜ਼ਾਂ ਅਤੇ ਉਨ੍ਹਾਂ ਦੀਆਂ ਪੀੜ੍ਹੀਆਂ ਨੂੰ ਵੀ ਖਤਮ ਕਰਨ ਦਾ ਯਤਨ ਜਾ ਰਿਹਾ ਹੈ। ਪੰਜਾਬ ਨੂੰ ਝੱਲਣੀ ਪੈ ਰਹੀ ਇਸ ਮੁਸ਼ਕਿਲ ਦੀ ਸੱਚਾਈ ਦੀ ਜਾਣਕਾਰੀ ਹਾਸਲ ਕਰਨ ਲਈ ਜਦੋਂ 'ਜਗ ਬਾਣੀ' ਟੀਮ ਵੱਲੋਂ ਨਵਾਂਸ਼ਹਿਰ ਦੇ ਸਿਵਲ ਸਰਜਨ ਦਫ਼ਤਰ ਵਿਖੇ ਜ਼ੇਰੇ ਇਲਾਜ ਕੁਝ ਨਸ਼ਾ ਪੀੜਤ ਮਰੀਜ਼ਾਂ ਨਾਲ ਸੰਪਰਕ ਕੀਤਾ ਗਿਆ ਤਾਂ ਕਈ ਹੈਰਾਨ ਕਰ ਦੇਣ ਵਾਲੀਆਂ ਤਸਵੀਰਾਂ ਸਾਹਮਣੇ ਆਈਆਂ।

ਇਹ ਵੀ ਪੜ੍ਹੋ : ਸੰਗਰੂਰ ਲੋਕ ਸਭਾ ਜ਼ਿਮਨੀ ਚੋਣ ਨੂੰ ਲੈ ਕੇ ਐਲਾਨ, ਇਸ ਦਿਨ ਪੈਣਗੀਆਂ ਵੋਟਾਂ

ਸਿਰਫ 16 ਸਾਲ ਦੀ ਉਮਰ ’ਚ ਲੱਗੀ ਨਸ਼ੇ ਦੀ ਲੱਤ, ਮਾਂ ਦੇ ਹੰਝੂਆਂ ਨੇ ਨਸ਼ਾ ਕੇਂਦਰ ਵੱਲ ਮੋੜਿਆ ਰੁੱਖ
ਓਟ ਸੈਂਟਰ 'ਚ ਜ਼ੇਰੇ ਇਲਾਜ 30 ਸਾਲਾ ਅਣਵਿਆਹੇ ਨੌਜਵਾਨ ਨੇ ਦੱਸਿਆ ਕਿ 12ਵੀਂ ਦੀ ਪ੍ਰੀਖਿਆ ਪਾਸ ਕਰਨ ਉਪਰੰਤ ਉਹ ਵਿਦੇਸ਼ ਜਾਣ ਲਈ ਆਈਲੈਟਸ ਕਰਨ ਚੰਡੀਗੜ੍ਹ ਗਿਆ ਸੀ। ਬੱਸ ਵਿੱਚ ਸਫਰ ਦੌਰਾਨ ਇਕ ਲੜਕੀ ਨਾਲ ਹੋਈ ਦੋਸਤੀ ਸਰੀਰਕ ਸੰਬੰਧਾਂ ਤੱਕ ਪਹੁੰਚ ਗਈ। ਦੋਸਤ ਦੇ ਕਹਿਣ ’ਤੇ ਮਰਦਾਨਾ ਤਾਕਤ ਨੂੰ ਵਧਾਉਣ ਲਈ 'ਚਿੱਟੇ' ਦਾ ਸਹਾਰਾ ਲੈਣਾ ਸ਼ੁਰੂ ਕੀਤਾ ਤਾਂ ਉਹ ਆਦਤ ਬਣ ਕੇ ਚਿਪਕ ਗਿਆ। ਉਸ ਨੇ ਦੱਸਿਆ ਕਿ ਪਰਿਵਾਰ ਨੇ ਇਸ ਲੱਤ ਤੋਂ ਮੁਕਤੀ ਦਿਵਾਉਣ ਲਈ ਉਸ ਨੂੰ ਸਾਈਪ੍ਰਸ ਭੇਜ ਦਿੱਤਾ। ਪਹਿਲਾਂ 1 ਸਾਲ ਤੱਕ ਉੱਥੇ ਚਿੱਟੇ (ਨਸ਼ੇ) ਦੀ ਉਪਲਬਧਤਾ ਦਾ ਪਤਾ ਨਾ ਹੋਣ ਕਾਰਨ ਦੂਰ ਰਿਹਾ ਪਰ ਉਪਲਬਧ ਹੋਣ ਤੋਂ ਬਾਅਦ ਮੁੜ ਮੱਕੜਜਾਲ ’ਚ ਫਸ ਗਿਆ। ਉਸ ਨੇ ਦੱਸਿਆ ਕਿ ਹੁਣ ਨਸ਼ੇ ਦੇ ਸੇਵਨ ਤੋਂ ਬਿਨਾਂ ਸਰੀਰਕ ਸੰਬੰਧ ਬਣਾਉਣਾ ਸੰਭਵ ਨਹੀਂ ਹੈ। ਉਸ ਨੇ ਦੱਸਿਆ ਕਿ ਘਰ 'ਚ ਮਾਂ ਦੇ ਹੰਝੂਆਂ ਨੇ ਆਪਣੇ ਜੀਵਨ ਵਿੱਚ ਸੁਧਾਰ ਲਿਆਉਣ ਦੀ ਲਾਲਸਾ ਪੈਦਾ ਕੀਤੀ ਹੈ, ਜਿਸ ਕਰਕੇ ਉਹ ਨਵਾਂਸ਼ਹਿਰ ਦੇ ਓਟ ਸੈਂਟਰ ਵਿਖੇ ਆਪਣਾ ਇਲਾਜ ਕਰਵਾ ਰਿਹਾ ਹੈ।

ਇਹ ਵੀ ਪੜ੍ਹੋ : ਵਿਜੇ ਸਿੰਗਲਾ ਦੀ ਬਰਖਾਸਤਗੀ ਤੋਂ ਬਾਅਦ ਲੋਕਾਂ ਨੇ ਸ਼ਹਿਰ 'ਚ ਲੱਗੇ ਹੋਰਡਿੰਗਾਂ 'ਤੇ ਮਲ਼ੀ ਕਾਲਖ

ਰਾਤ ਭਰ ਹੈਵੀ ਵਾਹਨ ਚਲਾਉਣ ਲਈ ਲਿਆ ਚੂਰਾ ਪੋਸਤ ਦਾ ਸਹਾਰਾ, ਫਸਿਆ ਚਿੱਟੇ ਦੇ ਮੱਕੜਜਾਲ ’ਚ
ਓਟ ਸੈਂਟਰ ਵਿਖੇ ਜ਼ੇਰੇ ਇਲਾਜ 36 ਸਾਲਾ ਨੌਜਵਾਨ ਨੇ ਦੱਸਿਆ ਕਿ ਉਹ ਪੇਸ਼ੇ ਤੋਂ ਡਰਾਈਵਰ ਹੈ। 11 ਸਾਲ ਦੇ ਬੇਟੇ ਦਾ ਪਿਤਾ ਹੈ। ਉਸ ਨੇ ਦੱਸਿਆ ਕਿ ਹੈਵੀ ਵਾਹਨ ਦੀ ਡਰਾਈਵਰੀ ਕਰਦਿਆਂ 19 ਸਾਲ ਦੀ ਉਮਰ ’ਚ ਹੀ ਉਸ ਨੇ ਚੂਰਾ ਪੋਸਤ ਦਾ ਸਹਾਰਾ ਲੈਣਾ ਸ਼ੁਰੂ ਕਰ ਦਿੱਤਾ ਸੀ। ਉਸ ਦੇ ਸੀਨੀਅਰ ਚਾਲਕਾਂ ਦਾ ਕਹਿਣਾ ਸੀ ਕਿ ਸਾਰੀ ਰਾਤ ਡਰਾਈਵਰੀ ਕਰਨ ਲਈ ਚੂਰਾ ਪੋਸਤ ਦਾ ਸੇਵਨ ਕਰਨ ਨਾਲ ਨੀਂਦ ਨਹੀਂ ਆਉਂਦੀ। ਉਸ ਨੇ ਦੱਸਿਆ ਕਿ 2016 ਵਿੱਚ ਉਸ ਨੇ ਚਿੱਟੇ ਦਾ ਨਸ਼ਾ ਸ਼ੌਕ ਨਾਲ ਸ਼ੁਰੂ ਕੀਤਾ ਸੀ, ਜੋ ਵੱਧ ਕੇ ਇੰਜੈਕਸ਼ਨ ਤੱਕ ਪਹੁੰਚ ਗਿਆ। 3 ਸਾਲ ਚਿੱਟੇ ਤੋਂ ਦੂਰ ਰਹਿ ਕੇ ਅੰਮ੍ਰਿਤ ਛਕ ਲਿਆ, ਜਿਸ ਨਾਲ ਲੱਗਾ ਕਿ ਜੀਵਨ ਸੁਧਰ ਗਿਆ ਹੈ ਪਰ ਇਕ ਸੜਕ ਹਾਦਸੇ ਨੇ ਉਸ ਦੀ ਜ਼ਿੰਦਗੀ ਮੁੜ ਨਰਕ ਬਣਾ ਦਿੱਤੀ। ਉਸ ਨੇ ਦੱਸਿਆ ਕਿ ਸਿਰ ’ਤੇ ਸੱਟ ਲੱਗਣ ਨਾਲ ਕੇਸ ਕੱਟਵਾਉਣੇ ਪਏ, ਜਿਸ ਨਾਲ ਅੰਮ੍ਰਿਤ ਭੰਗ ਹੋ ਗਿਆ ਅਤੇ ਉਹ ਮੁੜ ਉਸੇ ਰਾਹ ’ਤੇ ਚੱਲ ਪਿਆ ਪਰ ਹੁਣ ਓਟ ਸੈਂਟਰ ਵਿਖੇ ਇਲਾਜ ਤੋਂ ਬਾਅਦ ਉਸ ਦੀ ਦਵਾਈ ਛੁੱਟ ਗਈ ਹੈ ਅਤੇ ਉਸ ਨੇ ਤੈਅ ਕਰ ਲਿਆ ਹੈ ਕਿ ਹੁਣ ਇਸ ਨਰਕ ਵੱਲ ਕਦੇ ਨਹੀਂ ਜਾਵੇਗਾ।

ਖ਼ਬਰ ਇਹ ਵੀ : ਦੇਸ਼-ਦੁਨੀਆ ਨਾਲ ਸਬੰਧਿਤ ਪੜ੍ਹੋ ਅੱਜ ਦੀਆਂ ਅਹਿਮ ਖ਼ਬਰਾਂ

ਮਾਨਸਿਕ ਪ੍ਰੇਸ਼ਾਨੀ ਅਤੇ ਮੁਕਾਬਲੇ ’ਚ ਪਿੱਛੇ ਰਹਿ ਜਾਣਾ ਵੀ ਬਣ ਰਿਹਾ ਨਸ਼ਾਗ੍ਰਸਤ ਹੋਣ ਦਾ ਕਾਰਨ
ਓਟ ਸੈਂਟਰ 'ਚ ਬਤੌਰ ਡਾਕਟਰ ਸੇਵਾਵਾਂ ਨਿਭਾ ਰਹੇ ਡਾ. ਰਮਨ ਨੇ ਦੱਸਿਆ ਕਿ ਨੌਜਵਾਨਾਂ ’ਚ ਸ਼ੌਕ-ਸ਼ੌਕ ’ਚ ਨਸ਼ਾ ਕਰਨ, ਰੋਜ਼ਾਨਾ ਦੀਆਂ ਸਮੱਸਿਆਵਾਂ ਅਤੇ ਮਾਨਸਿਕ ਪ੍ਰੇਸ਼ਾਨੀ ਤੇ ਹੋਰ ਦੋਸਤਾਂ ਜਾਂ ਜਾਣ-ਪਛਾਣ ਵਾਲਿਆਂ ਤੋਂ ਕਿੱਧਰੇ ਪਿੱਛੇ ਰਹਿ ਜਾਣ ਦੀ ਹੋੜ ਦੇ ਚੱਲਦੇ ਨੌਜਵਾਨ ਨਸ਼ੇ ਦੇ ਮੱਕੜਜਾਲ ’ਚ ਫਸ ਜਾਂਦੇ ਹਨ।

ਇਹ ਵੀ ਪੜ੍ਹੋ : ਅਧਿਆਪਕਾਂ ਤੇ ਬੱਚਿਆਂ ਸਿਰੋਂ ਫਰਜ਼ੀ ਨਤੀਜਿਆਂ ਦਾ ਘਟਾਇਆ ਜਾਵੇਗਾ ਬੋਝ : ਮੀਤ ਹੇਅਰ

ਨਸ਼ਾ ਬਣਾ ਰਿਹਾ ਨੌਜਵਾਨਾਂ ਨੂੰ ਨਪੁੰਸਕ
ਮਰਦਾਨਾ ਤਾਕਤ ’ਚ ਵਾਧੇ ਲਈ ਜਿਸ ਨਸ਼ੇ ਦੀ ਵਰਤੋਂ ਨੌਜਵਾਨ ਸ਼ੁਰੂ ਕਰਦੇ ਹਨ, ਉਹੀ ਨਸ਼ਾ ਉਨ੍ਹਾਂ ਨੂੰ ਨਪੁੰਸਕ ਬਣਾ ਦਿੰਦਾ ਹੈ। ਡਾ. ਰਮਨ ਨੇ ਦੱਸਿਆ ਕਿ ਨਸ਼ੇ ’ਚ ਲਿਪਤ ਵਧੇਰੇ ਨੌਜਵਾਨ 30 ਸਾਲ ਤੋਂ ਘੱਟ ਉਮਰ ਦੇ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਨਸ਼ੇ ਉਚੇਚੇ ਤੌਰ ’ਤੇ ਚਿੱਟੇ ਦੀ ਲੱਤ ਨਾਲ ਗ੍ਰਸਤ ਨੌਜਵਾਨਾਂ ’ਚ ਸਪਰਮ ਬਣਨਾ ਬੰਦ ਹੋ ਜਾਂਦਾ ਹੈ, ਜੋ ਉਨ੍ਹਾਂ ਨੂੰ ਨਪੁੰਸਕਤਾ ਵੱਲ ਲੈ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਓਟ ਸੈਂਟਰ ਵਿਖੇ ਆਉਣ ਵਾਲੇ ਨੌਜਵਾਨਾਂ ਦੀ ਕਾਊਂਸਲਿੰਗ ਕਰਕੇ ਉਨ੍ਹਾਂ ਨੂੰ ਜਿੱਥੇ ਇਸ ਸੱਚਾਈ ਤੋਂ ਜਾਣੂ ਕਰਵਾਇਆ ਜਾ ਸਕਦਾ ਹੈ, ਉੱਥੇ ਹੀ ਸਿਹਤ ਵਿਭਾਗ ਵੱਲੋਂ ਲਗਾਏ ਜਾਣ ਵਾਲੇ ਨਸ਼ਾ ਜਾਗਰੂਕਤਾ ਕੈਂਪਾਂ ’ਚ ਵੀ ਨੌਜਵਾਨਾਂ ਨੂੰ ਜਾਗਰੂਕ ਕਰਕੇ ਭਵਿੱਖ ’ਚ ਆਉਣ ਵਾਲੀਆਂ ਪ੍ਰੇਸ਼ਾਨੀਆਂ ਤੋਂ ਜਾਣੂ ਕਰਵਾਇਆ ਜਾਂਦਾ ਹੈ।

ਇਹ ਵੀ ਪੜ੍ਹੋ : CM ਮਾਨ ਨੇ ਸੈਰ-ਸਪਾਟਾ ਵਿਭਾਗ ਨੂੰ 'ਪਿੰਡ ਬਾਬੇ ਨਾਨਕ ਦਾ' ਪ੍ਰਾਜੈਕਟ ਲਈ ਟੈਂਡਰ ਮੰਗਣ ਦੇ ਦਿੱਤੇ ਹੁਕਮ

ਸੀਮਾ ਪਾਰ ਦੁਸ਼ਮਣ ਦੇਸ਼ ਦੀ ਪੰਜਾਬ ਦੀ ਜਵਾਨੀ ਨੂੰ ਨੁਕਸਾਨ ਪਹੁੰਚਾਉਣ ਦੀ ਹੋ ਸਕਦੀ ਹੈ ਸਾਜ਼ਿਸ਼
ਪੰਜਾਬ ’ਚ ਪੁਲਸ ਅਤੇ ਅਰਧ ਸੈਨਿਕ ਬਲਾਂ ਵੱਲੋਂ ਫੜੀ ਜਾਣ ਵਾਲੀ ਵੱਡੀ-ਵੱਡੀ ਨਸ਼ੇ ਦੀ ਖੇਪ ਪਾਕਿ ਤੋਂ ਆਉਣ ਦੀ ਸੰਭਾਵਨਾ ਦੱਸੀ ਜਾ ਰਹੀ ਹੈ। ਪੰਜਾਬ ਅਤੇ ਕੇਂਦਰ ਸਰਕਾਰ ਵੱਲੋਂ ਇਸ ਸਬੰਧੀ ਗੰਭੀਰ ਨੀਤੀ ਤਿਆਰ ਕਰਕੇ ਨਾ ਸਿਰਫ ਪੰਜਾਬ ਦੀ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਵਰਗੇ ਕੋਹੜ ਤੋਂ ਬਚਾਉਣਾ ਹੋਵੇਗਾ, ਸਗੋਂ ਪਾਕਿ ਦੀਆਂ ਅਜਿਹੀਆਂ ਨਾਪਾਕ ਹਰਕਤਾਂ ਦਾ ਜਵਾਬ ਵੀ ਉਸੇ ਦੀ ਭਾਸ਼ਾ ’ਚ ਦੇਣਾ ਪਵੇਗਾ।

ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ


Mukesh

Content Editor

Related News