ਨੌਜਵਾਨ ਨਸ਼ੇ ਤਿਆਗ ਕੇ ਚੰਗੇ ਰਾਸ਼ਟਰ ਦੇ ਨਿਰਮਾਣ ਵਿਚ ਸਹਿਯੋਗ ਕਰਨ

Sunday, Jun 10, 2018 - 06:35 AM (IST)

ਲੁਧਿਆਣਾ (ਜ.ਬ.)  - ਦਾਣਾ ਮੰਡੀ ਸ਼੍ਰੀ ਜੀਵਨ ਨਗਰ (ਸਿਰਸਾ) ਵਿਖੇ ਨਾਮਧਾਰੀ ਮੁਖੀ ਸ੍ਰੀ ਸਤਿਗੁਰੂ ਉਦੇ ਸਿੰਘ ਜੀ ਦੀ ਰਹਿਨੁਮਾਈ ਹੇਠ ਦੂਸਰਾ ਨਸ਼ਾ ਮੁਕਤੀ ਸੈਮੀਨਾਰ ਕਰਵਾਇਆ ਗਿਆ, ਜਿਸ ਵਿਚ ਇਲਾਕੇ ਦੇ ਹਜ਼ਾਰਾਂ ਦੀ ਗਿਣਤੀ ਵਿਚ ਨੌਜਵਾਨਾਂ ਨੇ ਭਾਗ ਲਿਆ। ਪ੍ਰੋਗਰਾਮ ਦੀ ਪ੍ਰਧਾਨਗੀ ਹਰਿਆਣਾ ਦੇ ਡੀ. ਜੀ. ਪੀ. ਬਲਜੀਤ ਸਿੰਘ ਸੰਧੂ ਨੇ ਕੀਤੀ। ਇਸ ਮੌਕੇ ਸੰਬੋਧਨ ਕਰਦਿਆਂ ਡੀ. ਜੀ. ਪੀ. ਸੰਧੂ ਨੇ ਆਖਿਆ ਕਿ ਦੇਸ਼ ਦੀ ਆਜ਼ਾਦੀ 'ਚ ਨਾਮਧਾਰੀ ਸਮਾਜ ਦਾ ਅਹਿਮ ਯੋਗਦਾਨ  ਹੈ।ਹੁਣ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਮੁਕਤ ਕਰਵਾਉਣ ਲਈ ਸਤਿਗੁਰੂ ਉਦੇ ਸਿੰਘ ਜੀ ਨੇ ਜੋ ਦੂਸਰਾ ਨਸ਼ਾ ਮੁਕਤੀ ਸੈਮੀਨਾਰ ਕਰਵਾਇਆ ਹੈ, ਇਹ ਇਕ ਚੰਗਾ ਉਪਰਾਲਾ ਹੈ। ਸੰਗਤਾਂ ਨੂੰ  ਉਪਦੇਸ਼ ਦਿੰਦਿਆਂ ਸਤਿਗੁਰੂ ਉਦੇ ਸਿੰਘ ਜੀ ਨੇ ਕਿਹਾ ਕਿ ਪਿੰਡਾਂ ਦੇ ਸਰਪੰਚ,  ਇਲਾਕੇ ਦੇ ਮੋਹਤਬਰ ਤਕੜੇ ਹੋ ਕੇ ਆਪਣੇ ਇਲਾਕਿਆਂ 'ਚ ਪਹਿਰਾ ਦੇਣ ਤੇ ਜੋ ਨਸ਼ਾ ਸਮੱਗਲਿੰਗ ਕਰਦੇ ਹਨ, ਉਨ੍ਹਾਂ ਦੀ ਤੁਰੰਤ ਪੁਲਸ ਨੂੰ ਇਤਲਾਹ ਕਰਨ। ਮਾਂ-ਬਾਪ ਆਪਣੇ ਬੱਚਿਆਂ ਦਾ ਧਿਆਨ ਰੱਖਣ,  ਉਨ੍ਹਾਂ ਨੌਜਵਾਨਾਂ ਨੂੰ ਚੰਗੇ ਰਾਸ਼ਟਰ ਦੇ ਸਹਿਯੋਗ ਲਈ ਨਸ਼ਿਆਂ ਦਾ ਤਿਆਗ ਕਰਨ ਲਈ ਕਿਹਾ। ਇਸ ਮੌਕੇ ਸਤਿਗੁਰੂ  ਜੀ ਨੇ ਡੀ. ਜੀ.ਪੀ. ਸੰਧੂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ। ਇਸ ਮੌਕੇ ਰਾਗੀ ਸਿੰਘਾਂ ਨੇ ਗੁਰਬਾਣੀ ਦਾ ਰਸਭਿੰਨਾ ਕੀਰਤਨ ਕੀਤਾ। ਇਸ ਦੌਰਾਨ ਆਈ. ਜੀ. ਹਿਸਾਰ ਸੰਜੇ ਕੁਮਾਰ, ਐੱਸ. ਐੱਸ. ਪੀ. ਸਿਰਸਾ ਹਮੀਦ ਅਖਤਰ, ਵਿਧਾਇਕ ਰਣੀਆ , ਕ੍ਰਿਸ਼ਨ ਕੰਬੋਜ, ਸੇਵਕ ਕਰਤਾਰ ਸਿੰਘ, ਸੇਵਕ ਆਸਾ ਸਿੰਘ ਮਾਨ, ਸੂਬਾ ਬਲਵਿੰਦਰ ਝੱਲ, ਸੇਵਕ ਰਛਪਾਲ ਸਿੰਘ, ਧਿਆਨ ਮੁਕਤਾ, ਗੁਰਚਰਨ ਸਿੰਘ, ਸਰਪੰਚ ਗੁਰਦੀਪ ਸਿੰਘ, ਪੂਰਨ ਸਿੰਘ, ਕਾਮਰੇਡ ਸਵਰਨ ਵਿਰਕ ਤੇ ਗੁਰਮੀਤ ਚਾਨਾ ਵੀ ਮੌਜੂਦ ਸਨ। ਪ੍ਰੈੱਸ ਸਕੱਤਰ ਲਖਵੀਰ ਬੱਦੋਵਾਲ ਤੇ ਗੁਰਦਰਸ਼ਨ ਸਿੰਘ ਬੱਬੂ ਮਾਨ ਨੇ ਦੱਸਿਆ ਕਿ  ਸਤਿਗੁਰੂ ਉਦੇ ਸਿੰਘ ਜੀ ਦੀ ਕ੍ਰਿਪਾ ਸਦਕਾ ਅੱਜ ਲੁਧਿਆਣਾ ਦੇ ਪਿੰਡ ਬੁਲਾਰਾ ਵਿਖੇ ਐੱਸ. ਪੀ. ਐੈੱਸ. ਹਸਪਤਾਲ ਵੱਲੋਂ ਵਿਸ਼ਾਲ ਫ੍ਰੀ ਮੈਡੀਕਲ ਕੈਂਪ ਲਾਇਆ ਜਾ ਰਿਹਾ ਹੈ।


Related News