ਟਰੱਕ ਥੱਲੇ ਦੇ ਕੇ ਨੌਜਵਾਨ ਦਾ ਕਤਲ, ਝਾੜੀਆਂ ''ਚ ਸੁੱਟੀ ਲਾਸ਼ (ਤਸਵੀਰਾਂ)

Monday, Sep 16, 2019 - 06:47 PM (IST)

ਟਰੱਕ ਥੱਲੇ ਦੇ ਕੇ ਨੌਜਵਾਨ ਦਾ ਕਤਲ, ਝਾੜੀਆਂ ''ਚ ਸੁੱਟੀ ਲਾਸ਼ (ਤਸਵੀਰਾਂ)

ਬਟਾਲਾ (ਬੇਰੀ) : ਨਜ਼ਦੀਕੀ ਪਿੰਡ ਲੌਂਗੋਵਾਲ ਖੁਰਦ 'ਚ ਇਕ ਨੌਜਵਾਨ ਨੂੰ ਟਰੱਕ ਥੱਲੇ ਦੇ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐੱਸ.ਪੀ. ਸਿਟੀ ਬੀ.ਕੇ. ਸਿੰਗਲਾ ਅਤੇ ਐੱਸ.ਐੱਚ.ਓ. ਸਿਵਲ ਲਾਈਨ ਮੁਖ਼ਤਿਆਰ ਸਿੰਘ ਨੇ ਸਾਂਝੇ ਤੌਰ 'ਤੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਏ ਬਿਆਨਾਂ ਵਿਚ ਮ੍ਰਿਤਕ ਵੀਰੂ ਮਸੀਹ ਦੇ ਭਰਾ ਬੀਰਾ ਮਸੀਹ ਪੁੱਤਰ ਕੁੰਨਣ ਮਸੀਹ ਵਾਸੀ ਪਿੰਡ ਲੌਂਗੋਵਾਲ ਖੁਰਦ ਨੇ ਦੱਸਿਆ ਕਿ ਸੋਮਵਾਰ ਸਵੇਰੇ 5 ਵਜੇ ਦੇ ਕਰੀਬ ਉਸ ਦਾ ਛੋਟਾ ਭਰਾ ਵੀਰੂ ਮਸੀਹ ਘਰੋਂ ਬਾਹਰ ਜੰਗਲ ਪਾਣੀ ਲਈ ਗਿਆ ਅਤੇ ਮੈਂ ਵੀ ਗੇਟ ਦੀ ਆਵਾਜ਼ ਸੁਣ ਕੇ ਉਸਦੇ ਪਿੱਛੇ ਬਾਹਰ ਨਿਕਲਿਆ ਤਾਂ ਵੇਖਿਆ ਕਿ ਵੀਰੂ ਸੜਕ ਕਿਨਾਰੇ ਪਖਾਨੇ ਲਈ ਬੈਠਾ ਹੈ ਅਤੇ ਨੇੜੇ ਹੀ ਰਛਪਾਲ ਸਿੰਘ ਉਰਫ਼ ਬਿੱਲੂ ਪੁੱਤਰ ਮਹਿੰਦਰ ਸਿੰਘ ਵਾਸੀ ਲੌਂਗੋਵਾਲ ਖ਼ੁਰਦ ਆਪਣਾ ਟਰੱਕ ਨੰ.ਪੀ.ਬੀ.-06-2986 ਸਟਾਰਟ ਕਰਕੇ ਖੜਾ ਸੀ ਅਤੇ ਇਸ ਨੇ ਅਚਾਨਕ ਆਪਣੇ ਟਰੱਕ ਨੂੰ ਮੇਰੇ ਭਰਾ ਵੀਰੂ ਮਸੀਹ 'ਤੇ ਚੜ੍ਹਾ ਦਿੱਤਾ ਜਿਸ ਨਾਲ ਉਸਦੀ ਮੌਕੇ 'ਤੇ ਹੀ ਮੌਤ ਹੋ ਗਈ।

PunjabKesari
ਬੀਰਾ ਮਸੀਹ ਨੇ ਬਿਆਨਾਂ 'ਚ ਇਹ ਵੀ ਲਿਖਵਾਇਆ ਕਿ ਇਸ ਤੋਂ ਬਾਅਦ ਉਕਤ ਟਰੱਕ ਚਾਲਕ ਨੇ ਮੇਰੇ ਭਰਾ ਦੀ ਲਾਸ਼ ਖੁਰਦ-ਬੁਰਦ ਕਰਨ ਲਈ ਲਾਸ਼ ਸੜਕ ਤੋਂ ਚੁੱਕ ਕੇ ਝਾੜੀਆਂ 'ਚ ਸੁੱਟ ਦਿੱਤੀ ਅਤੇ ਟਰੱਕ ਮੌਕੇ ਤੋਂ ਭਜਾ ਕੇ ਲੈ ਗਿਆ। ਇਸ ਤੋਂ ਇਲਾਵਾ ਉਕਤ ਟਰੱਕ ਚਾਲਕ ਨੇ ਆਪਣਾ ਟਰੱਕ ਰਸਤੇ 'ਚ ਖੜ੍ਹੀ ਸਵਿਫਟ ਡਿਜ਼ਾਇਰ 'ਚ ਮਾਰ ਦਿੱਤਾ ਜਿਸ ਨਾਲ ਗੱਡੀ ਦਾ ਵੀ ਕਾਫ਼ੀ ਨੁਕਸਾਨ ਹੋਇਆ ਹੈ।

PunjabKesari

ਉਕਤ ਪੁਲਸ ਮੁਤਾਬਕ ਬੀਰਾ ਮਸੀਹ ਨੇ ਆਪਣੇ ਬਿਆਨਾਂ 'ਚ ਅੱਗੇ ਲਿਖਵਾਇਆ ਕਿ ਰਛਪਾਲ ਸਿੰਘ ਨੇ ਉਸਦੇ ਭਰਾ ਵੀਰੂ ਮਸੀਹ ਦਾ ਕਤਲ ਰੰਜਿਸ਼ ਤਹਿਤ ਕੀਤਾ ਹੈ ਕਿਉਂਕਿ ਰਛਪਾਲ ਸਿੰਘ ਬਿੱਲੂ ਆਪਣਾ ਟਰੱਕ ਸਾਡੇ ਘਰ ਦੇ ਬਾਹਰ ਗਲ਼ੀ 'ਚ ਖੜਾ ਕਰਦਾ ਸੀ ਜਿਸਨੂੰ ਅਸੀਂ ਕਈ ਵਾਰ ਟਰੱਕ ਸਾਈਡ 'ਤੇ ਖੜਾ ਕਰਨ ਲਈ ਕਿਹਾ ਸੀ ਪਰ ਰਛਪਾਲ ਸਿੰਘ ਸਾਡੀ ਗੱਲ ਨਹੀਂ ਮੰਨਦਾ ਸੀ ਸੀ। ਇਸੇ ਰੰਜਿਸ਼ ਦੇ ਚੱਲਦੇ ਰਛਪਾਲ ਸਿੰਘ ਨੇ ਅੱਜ ਮੇਰੇ ਭਰਾ ਨੂੰ ਟਰੱਕ ਹੇਠਾਂ ਕੁਚਲ ਕੇ ਉਸਦਾ ਕਤਲ ਕਰ ਦਿੱਤਾ।

PunjabKesari
ਡੀ.ਐੱਸ.ਪੀ. ਸਿੰਗਲਾ ਅਤੇ ਐੱਸ.ਐੱਚ.ਓ. ਮੁਖ਼ਤਿਆਰ ਸਿੰਘ ਨੇ ਦੱਸਿਆ ਕਿ ਪੁਲਸ ਨੇ ਫਿਲਹਾਲ ਉਕਤ ਮਾਮਲੇ ਸਬੰਧੀ ਕਾਰਵਾਈ ਕਰਦੇ ਥਾਣਾ ਸਿਵਲ ਲਾਈਨ 'ਚ ਬੀਰਾ ਮਸੀਹ ਦੇ ਬਿਆਨਾਂ 'ਤੇ ਟਰੱਕ ਚਾਲਕ ਰਛਪਾਲ ਸਿੰਘ ਉਰਫ਼ ਬਿੱਲੂ ਵਿਰੁੱਧ ਬਣਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰ ਦਿੱਤਾ ਹੈ। ਇਸ ਮੌਕੇ ਚੌਕੀ ਇੰਚਾਰਜ ਸਿੰਬਲ ਬਲਬੀਰ ਸਿੰਘ, ਇੰਸਪੈਕਟਰ ਸ਼ਿਵ ਕੁਮਾਰ, ਏ.ਐੱਸ.ਆਈ. ਨਰਜੀਤ ਸਿੰਘ, ਏ.ਐੱਸ.ਆਈ. ਹਰਪਾਲ ਸਿੰਘ ਸਮੇਤ ਪੁਲਸ ਕਰਮਚਾਰੀ ਵੱਡੀ ਗਿਣਤੀ 'ਚ ਹਾਜ਼ਰ ਸਨ।


author

Gurminder Singh

Content Editor

Related News