ਹਥਿਆਰਬੰਦ ਨੌਜਵਾਨਾਂ ਨੇ ਥਾਣਾ ਮੁਖੀ ਸਮੇਤ ਇਕ ਪੁਲਸ ਮੁਲਾਜ਼ਮ ''ਤੇ ਤਾਣੀ ਪਿਸਤੌਲ
Saturday, Jul 11, 2020 - 05:21 PM (IST)
ਮੋਗਾ (ਅਜ਼ਾਦ) : ਸ਼ੱਕੀ ਅਤੇ ਲੁੱਟਾਂ-ਖੋਹਾਂ ਕਰਨ ਵਾਲੇ ਵਿਅਕਤੀਆਂ ਨੂੰ ਕਾਬੂ ਕਰਨ ਲਈ ਗਸ਼ਤ ਕਰ ਰਹੀ ਮਹਿਣਾ ਪੁਲਸ ਦੇ ਥਾਣਾ ਮੁਖੀ ਅਤੇ ਇਕ ਪੁਲਸ ਮੁਲਾਜ਼ਮ 'ਤੇ ਹਥਿਆਰਬੰਦ ਨੌਜਵਾਨਾਂ ਵਲੋਂ ਜਾਨੋਂ ਮਾਰਣ ਦੀ ਨੀਅਤ ਨਾਲ ਪਿਸਤੌਲ ਤਾਣ ਦੇਣ ਦਾ ਪਤਾ ਲੱਗਾ ਹੈ। ਇਸ 'ਤੇ ਦੂਜੇ ਪੁਲਸ ਮੁਲਾਜ਼ਮਾਂ ਦੇ ਆ ਜਾਣ 'ਤੇ ਉਕਤ ਹਥਿਆਰਬੰਦ ਨੌਜਵਾਨ ਆਪਣੀ ਗੱਡੀ ਛੱਡ ਕੇ ਰਾਤ ਦੇ ਹਨੇਰੇ ਵਿਚ ਫਰਾਰ ਹੋ ਗਏ, ਜਿਸ ਨੂੰ ਪੁਲਸ ਨੇ ਆਪਣੇ ਕਬਜ਼ੇ 'ਚ ਲੈ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮਹਿਣਾ ਦੇ ਮੁੱਖ ਅਫਸਰ ਥਾਣੇਦਾਰ ਸੰਦੀਪ ਸਿੰਘ ਨੇ ਦੱਸਿਆ ਕਿ ਜਦੋਂ ਉਹ ਦੇਰ ਰਾਤ ਤਲਵੰਡੀ ਭੰਗੇਰੀਆ ਕੋਲ ਪੁਲਸ ਪਾਰਟੀ ਸਮੇਤ ਲੁੱਟਾਂ-ਖੋਹਾਂ ਕਰਨ ਵਾਲੇ ਗਿਰੋਹਾਂ ਅਤੇ ਸ਼ੱਕੀ ਵਿਅਕਤੀਆਂ ਦੀ ਤਲਾਸ਼ ਲਈ ਇਲਾਕੇ ਵਿਚ ਗਸ਼ਤ ਕਰ ਰਹੇ ਸਨ ਤਾਂ ਉਨ੍ਹਾਂ ਇਕ ਮਾਰੂਤੀ ਕਾਰ ਜਿਸ ਦੀਆਂ ਨੰਬਰ ਪਲੇਟਾਂ 'ਤੇ ਮਿੱਟੀ ਮਲੀ ਹੋਈ ਸੀ ਨੂੰ ਸ਼ੱਕ ਦੇ ਆਧਾਰ 'ਤੇ ਰੁਕਣ ਦਾ ਇਸ਼ਾਰਾ ਕੀਤਾ ਤਾਂ ਇਸ ਦੌਰਾਨ ਕਾਰ ਸਵਾਰ ਵਿਅਕਤੀਆਂ ਨੇ ਉਨ੍ਹਾਂ ਦੀ ਗੱਡੀ ਵਿਚ ਆਪਣੀ ਕਾਰ ਮਾਰੀ ਅਤੇ ਭੱਜਣ ਦਾ ਯਤਨ ਕੀਤਾ।
ਇਸ ਦੌਰਾਨ ਉਨ੍ਹਾਂ ਆਪਣੀ ਕਾਰ ਰੋਕੀ ਅਤੇ ਕਾਰ ਵਿਚੋਂ ਕਥਿਤ ਮੁਲਜ਼ਮ ਗੁਰਦੀਪ ਸਿੰਘ ਨਿਵਾਸੀ ਪਿੰਡ ਰੌਲੀ ਬਾਹਰ ਨਿਕਲਿਆ ਅਤੇ ਉਸਨੇ ਮੈਨੂੰ ਜਾਨੋਂ ਮਾਰਣ ਦੀ ਨੀਅਤ ਨਾਲ ਮੇਰੇ 'ਤੇ 32 ਬੋਰ ਦੀ ਪਿਸਤੌਲ ਤਾਣ ਲਈ ਅਤੇ ਉਸਦੇ ਸਾਥੀ ਭਾਊ ਨੇ ਇਕ 12 ਬੋਰ ਕੱਟੇ ਵੱਟ ਵਾਲੀ ਬੰਦੂਕ ਸਾਡੇ ਇਕ ਹੋਰ ਮੁਲਾਜ਼ਮ 'ਤੇ ਤਾਣ ਲਈ, ਜਦੋਂ ਗੱਡੀ ਵਿਚ ਬੈਠੇ ਪੁਲਸ ਮੁਲਾਜ਼ਮਾਂ ਨੇ ਦੇਖਿਆ ਤਾਂ ਉਹ ਜਲਦੀ ਨਾਲ ਉਤਰੇ ਅਤੇ ਕਥਿਤ ਦੋਸ਼ੀਆਂ ਨੂੰ ਲਲਕਾਰਿਆ ਤਾਂ ਸਾਰੇ ਕਥਿਤ ਮੁਲਜ਼ਮ ਗੱਡੀ ਛੱਡ ਕੇ ਹਨੇਰੇ ਵਿਚ ਫਰਾਰ ਹੋ ਗਏ। ਪੁਲਸ ਵਲੋਂ ਗੱਡੀ ਦੀ ਤਲਾਸ਼ੀ ਲੈਣ 'ਤੇ ਉਸ ਵਿਚੋਂ ਦੋ ਮੋਬਾਇਲ ਵੀ ਮਿਲੇ।
ਥਾਣਾ ਮੁਖੀ ਨੇ ਦੱਸਿਆ ਕਿ ਕਥਿਤ ਦੋਸ਼ੀਆਂ ਨੂੰ ਤਲਾਸ਼ ਕਰਨ ਦਾ ਬਹੁਤ ਯਤਨ ਕੀਤਾ ਪਰ ਉਹ ਮਿਲ ਨਹੀਂ ਸਕੇ, ਜਿਨ੍ਹਾਂ ਦੀ ਤਲਾਸ਼ ਜਾਰੀ ਹੈ। ਇਸ ਸਬੰਧ ਵਿਚ ਕਥਿਤ ਦੋਸ਼ੀਆਂ ਦੀ ਪਛਾਣ ਹੋ ਜਾਣ 'ਤੇ ਸੁਖਦੇਵ ਸਿੰਘ ਉਰਫ ਲੱਖੀ ਨਿਵਾਸੀ ਪਿੰਡ ਬੁੱਘੀਪੁਰਾ, ਗੁਰਦੀਪ ਸਿੰਘ ਉਰਫ ਸੋਹਣ ਸਿੰਘ ਨਿਵਾਸੀ ਪਿੰਡ ਰੌਲੀ, ਅਮਨਦੀਪ ਸਿੰਘ ਉਰਫ ਅਮਨਾ ਨਿਵਾਸੀ ਮੋਗਾ, ਭਾਊ ਦੇ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਦੇ ਤਹਿਤ ਥਾਣਾ ਮਹਿਣਾ ਵਿਚ ਮਾਮਲਾ ਦਰਜ ਕਰ ਲਿਆ ਗਿਆ ਹੈ। ਥਾਣਾ ਮੁਖੀ ਨੇ ਦੱਸਿਆ ਕਿ ਕਥਿਤ ਮੁਲਜ਼ਮਾਂ ਦੇ ਕਾਬੂ ਆਉਣ 'ਤੇ ਪਤਾ ਲੱਗ ਸਕੇਗਾ ਕਿ ਉਹ ਪਹਿਲਾਂ ਵਾਰਦਾਤਾਂ ਵਿਚ ਸ਼ਾਮਲ ਹਨ ਜਾਂ ਨਹੀਂ।