ਸੰਗਰੂਰ ਦੇ ਪਿੰਡ ''ਚ ਵੱਡੀ ਵਾਰਦਾਤ, ਸ਼ਰੀਕਾਂ ਨੇ ਕਤਲ ਕਰਕੇ ਨੌਜਵਾਨ ਨੂੰ ਟੰਗਿਆ ਦਰੱਖਤ ਨਾਲ

06/23/2017 7:41:14 PM

ਸੰਗਰੂਰ\ਖਨੌਰੀ (ਹਰਜੀਤ) : ਇੱਥੇ ਨਜ਼ਦੀਕੀ ਪਿੰਡ ਬੋਪੁਰ ਵਿਖੇ ਪਾਣੀ ਦੇ ਖਾਲ ਨੂੰ ਲੈ ਕੇ ਹੋਈ ਤਕਰਾਰ ਕਾਰਨ ਸ਼ਰੀਕਾਂ ਵਲੋਂ ਇਕ ਨੌਜਵਾਨ ਨੂੰ ਰੱਸੀ ਨਾਲ ਫਾਹਾ ਲਗਾ ਕੇ ਮੌਤ ਦੇ ਘਾਟ ਉਤਾਰ ਦੇਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਇੰਸਪੈਕਟਰ ਸੁਖਚੈਨ ਸਿੰਘ ਗਿੱਲ ਐੱਸ.ਐੱਚ.ਓ ਖਨੌਰੀ ਨੇ ਦੱਸਿਆ ਕਿ ਮ੍ਰਿਤਕ ਸੁਰਜੀਤ ਸਿੰਘ ਦੇ ਚਾਚੇ ਦੇ ਲੜਕੇ ਸੁਸ਼ੀਲ ਕੁਮਾਰ ਪੁੱਤਰ ਫੂਲ ਸਿੰਘ ਵਾਸੀ ਬੋਪੁਰ ਵੱਲੋਂ ਪੁਲਸ ਨੂੰ ਦਿੱਤੇ ਬਿਆਨ ਅਨੁਸਾਰ ਮ੍ਰਿਤਕ ਸੁਰਜੀਤ ਸਿੰਘ ਦੀ ਉਸ ਦੇ ਸ਼ਰੀਕੇ 'ਚ ਪੈਂਦੇ ਚਾਚੇ ਪ੍ਰੀਤਮ ਸਿੰਘ ਪੁੱਤਰ ਤੇਲੂ ਰਾਮ, ਜ਼ੋਰਾ ਸਿੰਘ ਪੁੱਤਰ ਅਜਮੇਰ ਸਿੰਘ, ਇਸ਼ਵਰ ਸਿੰਧ ਪੁੱਤਰ ਪ੍ਰੀਤਮ ਸਿੰਘ, ਨਿਵਾਸਾ ਸਿੰਘ ਪੁੱਤਰ ਦੱਲ ਸਿੰਘ, ਦਿਲਬਾਗ ਸਿੰਘ ਪੁੱਤਰ ਗੁਰਦੇਵ ਸਿੰਘ, ਮਨੌਜ ਕੁਮਾਰ ਪੁੱਤਰ ਰਾਮੇਸ਼ਵਰ, ਰਿਸ਼ੀਪਾਲ ਪੁੱਤਰ ਭਾਗ ਮੱਲ ਵਾਸੀ ਬੋਪੁਰ ਨਾਲ ਜ਼ਮੀਨ ਦੀ ਖੇਵਟ ਸਾਂਝੀ ਹੈ ਪਰ ਉਕਤ ਖੇਤੀ ਅਲੱਗ-ਅਲੱਗ ਕਰਦੇ ਸਨ। ਮ੍ਰਿਤਕ ਸੁਰਜੀਤ ਸਿੰਘ ਨਾਲ ਉਕਤ ਵਿਅਕਤੀਆਂ ਦਾ ਸਾਂਝੀ ਖੇਵਟ ਹੋਣ ਕਰਕੇ 20-25 ਸਾਲ ਪੁਰਾਣੇ ਚਲਦੇ ਆ ਰਹੇ ਪਾਣੀ ਵਾਲੇ ਖਾਲ ਨੂੰ ਲੈ ਕੇ ਕੁਝ ਦਿਨਾਂ ਤੋਂ ਤਕਰਾਰ ਚੱਲ ਰਹੀ ਸੀ, ਇਸੇ ਤਕਰਾਰ ਕਰਕੇ ਉਕਤ ਵਿਅਕਤੀਆਂ ਨੇ ਖਾਲ ਵਾਹ ਕੇ ਜ਼ਮੀਨ ਥੱਲਿਓਂ ਪਾਈਪ ਕੱਢ ਕੇ ਮ੍ਰਿਤਕ ਸੁਰਜੀਤ ਸਿੰਘ ਦੇ ਖੇਤ ਨੂੰ ਜਾਣ ਵਾਲਾ ਪਾਣੀ ਬੰਦ ਕਰ ਦਿੱਤਾ ਸੀ।
ਬੀਤੇ ਕੱਲ੍ਹ ਉਕਤ ਨੇ ਪਿੰਡ ਵਿਖੇ ਹੀ ਰਹਿੰਦੇ ਰਿਸ਼ਤੇਦਾਰਾਂ ਨੂੰ ਬੁਲਾ ਕੇ ਪ੍ਰੀਤਮ ਸਿੰਘ ਨਾਲ ਜ਼ਮੀਨ ਦਾ ਤਬਾਦਲਾ ਅਤੇ ਪਾਣੀ ਵਾਲੇ ਖਾਲ ਦਾ ਮਸਲਾ ਹੱਲ ਕਰਨ ਬਾਰੇ ਗੱਲਬਾਤ ਕੀਤੀ ਅਤੇ ਰਿਸ਼ਤੇਦਾਰ ਪ੍ਰੀਤਮ ਸਿੰਘ ਨਾਲ ਕੋਈ ਰਾਜ਼ੀਨਾਮਾ ਜਾਂ ਤਬਾਦਲਾ ਕਰਨ ਲਈ ਸਹਿਮਤੀ ਕਰਵਾ ਸਕੇ। ਉਨ੍ਹਾਂ ਦੱਸਿਆ ਕਿ ਸ਼ੁੱਕਰਵਾਰ ਨੂੰ ਸਵੇਰੇ 5 ਵਜੇ ਸੁਸ਼ੀਲ ਕੁਮਾਰ, ਮ੍ਰਿਤਕ ਸੁਰਜੀਤ ਸਿੰਘ ਅਤੇ ਮ੍ਰਿਤਕ ਦਾ ਭਰਾ ਬਲਿੰਦਰ ਸਿੰਘ ਆਪਣੇ ਖੇਤ ਨੂੰ ਜਾ ਰਹੇ ਸਨ ਤਾਂ ਸੁਸ਼ੀਲ ਕੁਮਾਰ ਅਤੇ ਬਲਿੰਦਰ ਸਿੰਘ ਪਖਾਨੇ ਲਈ ਰਸਤੇ ਵਿਚ ਹੀ ਰੁਕ ਗਏ ਅਤੇ ਸੁਰਜੀਤ ਸਿੰਘ ਖੇਤ ਵਿਚ ਚਲਾ ਗਿਆ। ਅੱਗੇ ਬੈਠੇ ਪ੍ਰੀਤਮ ਸਿੰਘ, ਜ਼ੋਰਾ ਸਿੰਘ, ਈਸ਼ਵਰ ਸਿੰਘ, ਨਿਵਾਸਾ ਸਿੰਘ, ਦਿਲਬਾਗ ਸਿੰਘ, ਮਨੌਜ ਕੁਮਾਰ ਅਤੇ ਰਿਸ਼ੀਪਾਲ ਦੇ ਨਾਲ ਕੁਝ ਨਾ ਮਾਲੂਮ ਵਿਅਕਤੀਆਂ ਨੇ ਸੁਰਜੀਤ ਸਿੰਘ ਨੂੰ ਜੱਫਾ ਮਾਰ ਕੇ ਕਾਬੂ ਕਰ ਲਿਆ ਅਤੇ ਗੱਲੇ ਵਿਚ ਰੱਸੀ ਦਾ ਫੰਦਾ ਪਾ ਕੇ ਇਕ ਦਰਖ਼ਤ ਨਾਲ ਟੰਗ ਕੇ ਕਤਲ ਕਰ ਦਿੱਤਾ। ਪੁਲਸ ਨੇ ਸੁਸ਼ੀਲ ਕੁਮਾਰ ਦੇ ਬਿਆਨਾਂ ਦੇ ਆਧਾਰ 'ਤੇ ਦੋਸ਼ੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਕਾਬੂ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।


Related News