ਲਾਕੇਟ ਦੇਖਣ ਆਇਆ ਨੌਜਵਾਨ, ਸੋਨੇ ਦੇ ਕੜੇ ''ਤੇ ਕਰ ਗਿਆ ਹੱਥ ਸਾਫ

Tuesday, Jun 25, 2019 - 06:40 PM (IST)

ਲਾਕੇਟ ਦੇਖਣ ਆਇਆ ਨੌਜਵਾਨ, ਸੋਨੇ ਦੇ ਕੜੇ ''ਤੇ ਕਰ ਗਿਆ ਹੱਥ ਸਾਫ

ਲੁਧਿਆਣਾ (ਸਲੂਜਾ) : ਗਾਹਕ ਦੇ ਰੂਪ ਵਿਚ ਆਏ ਇਕ ਨੌਜਵਾਨ ਵਲੋਂ ਇਕ ਜ਼ਿਊਲਰੀ ਸ਼ਾਪ ਤੋਂ ਪਲਕ ਝਪਕਦੇ ਹੀ ਸੋਨੇ ਦੇ ਕੜੇ 'ਤੇ ਹੱਥ ਸਾਫ ਕਰ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਘਟਨਾ ਲੁਧਿਆਣਾ ਧੂਰੀ ਲਾਈਨ ਨੇੜੇ ਪੈਂਦੇ ਮੁਹੱਲਾ ਮੁਰਾਦਪੁਰਾ ਵਿਚ ਸਥਿਤ ਲੁਧਿਆਣਾ ਜ਼ਿਊਲਰੀ ਸ਼ਾਪ 'ਚ ਵਾਪਰੀ। ਲੁਧਿਆਣਾ ਜ਼ਿਊਲਰੀ ਸ਼ਾਪ ਦੇ ਰਾਹੁਲ ਚੋਪੜਾ ਨੇ ਦੱਸਿਆ ਕਿ ਉਹ ਦੁਪਹਿਰ ਦੇ ਸਮੇਂ ਦੁਕਾਨ 'ਤੇ ਇਕੱਲੇ ਸਨ। ਇਸ ਦੌਰਾਨ ਇਕ ਨੌਜਵਾਨ ਆਇਆ ਅਤੇ ਲਾਕੇਟ ਦਿਖਾਉਣ ਦਾ ਕਹਿਣ ਲਈ ਕਹਿਣ ਲੱਗਾ। ਜਦੋਂ ਇਸ ਨੌਜਵਾਨ ਨੂੰ ਲਾਕੇਟ ਦਾ ਸੈਂਪਲ ਦਿਖਾਇਆ ਤਾਂ ਇਸ ਸੈਂਪਲ ਦੇ ਨਾਲ ਇਕ ਸੋਨੇ ਦੇ ਕੜੇ ਦਾ ਵੀ ਸੈਂਪਲ ਪਿਆ ਹੋਇਆ ਸੀ। ਲਾਕੇਟ ਦੇਖਣ ਤੋਂ ਬਾਅਦ ਇਹ ਨੌਜਵਾਨ ਇਹ ਕਹਿ ਕੇ ਬਾਹਰ ਨਿਕਲ ਗਿਆ ਕਿ ਉਹ ਇਕ ਮਿੰਟ 'ਚ ਵਾਪਸ ਆਉਂਦਾ ਹੈ। 

ਉਸ ਦੇ ਜਾਣ ਤੋਂ ਬਾਅਦ ਉਸ ਨੇ ਸਾਮਾਨ ਨੂੰ ਚੈੱਕ ਕੀਤਾ ਤਾਂ ਲਾਕੇਟ ਦੇ ਸੈਂਪਲ ਦੇ ਨਾਲ ਪਿਆ ਹੋਇਆ ਸੋਨੇ ਦਾ ਕੜਾ ਗਾਇਬ ਸੀ। ਸੀ. ਸੀ. ਟੀ. ਵੀ. ਦੀ ਰਿਕਾਰਡਿੰਗ ਚੈੱਕ ਕਰਨ 'ਤੇ ਉਸ ਨੇ ਦੇਖਿਆ ਕਿ ਉਹ ਨੌਜਵਾਨ ਸੋਨੇ ਦੇ ਕੜੇ ਦੇ ਸੈਂਪਲ ਨੂੰ ਆਪਣੇ ਪਰਸ 'ਚ ਪਾ ਰਿਹਾ ਹੈ। ਜ਼ਿਊਲਰੀ ਸ਼ਾਪ ਦੇ ਰਾਹੁਲ ਚੋਪੜਾ ਨੇ ਮਿੱਲਰਗੰਜ ਪੁਲਸ ਚੌਕੀ ਨੂੰ ਇਸ ਮਾਮਲੇ 'ਚ ਸ਼ਿਕਾਇਤ ਦਿੰਦੇ ਹੋਏ ਸੀ. ਸੀ. ਟੀ. ਵੀ. ਕੈਮਰੇ ਵਿਚ ਕੈਦ ਹੋਏ ਨੌਜਵਾਨ ਦੀ ਰਿਕਾਰਡਿੰਗ ਵੀ ਪੁਲਸ ਨੂੰ ਸੌਂਪਦੇ ਦਿੱਤੀ ਹੈ।


author

Gurminder Singh

Content Editor

Related News