ਚੌਥੀ ਪਾਸ ਨੌਜਵਾਨ ਦਾ ਵੱਡਾ ਕਾਰਾ, ਕਰਤੂਤ ਸੁਣ ਰਹਿ ਜਾਓਗੇ ਹੈਰਾਨ

05/30/2020 12:05:47 PM

ਲੁਧਿਆਣਾ (ਜ.ਬ.) : ਜ਼ਿਲਾ ਪੁਲਸ ਨੇ ਜਾਅਲੀ ਨੋਟ ਛਾਪਣ ਵਾਲੇ ਇਕ ਗਿਰੋਹ ਦੇ 4 ਮੈਂਬਰਾਂ ਨੂੰ ਕਾਬੂ ਕਰ ਕੇ ਉਨ੍ਹਾਂ ਤੋਂ 1.07 ਲੱਖ ਦੇ ਨਕਲੀ ਨੋਟ, 2 ਸਕੈਨਰ, ਪ੍ਰਿੰਟਰ ਅਤੇ ਕਟਿੰਗ ਮਸ਼ੀਨ ਬਰਾਮਦ ਕੀਤੀ ਹੈ। ਵਧੀਕ ਪੁਲਸ ਉਪ ਕਮਿਸ਼ਨਰ ਦੀਪਕ ਪਾਰਿਕ ਨੇ ਦੱਸਿਆ ਕਿ ਸ਼ੁੱਕਰਵਾਰ ਨੂੰ ਸੂਚਨਾ ਮਿਲਣ 'ਤੇ ਏ. ਸੀ. ਪੀ. ਉੱਤਰੀ ਗੁਰਬਿੰਦਰ ਸਿੰਘ ਦੀ ਦੇਖ-ਰੇਖ 'ਚ ਸਬ-ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਦੀ ਟੀਮ ਨੇ ਜੋਧੇਵਾਲ ਇਲਾਕੇ ਤੋਂ ਤਾਜਪੁਰ ਰੋਡ ਦੇ ਭੁਪਿੰਦਰ ਸਿੰਘ ਉਰਫ ਪਿੰਦਾ, ਕਾਕੋਵਾਲ ਪਿੰਡ ਦੇ ਤਜਿੰਦਰ ਸਿੰਘ ਉਰਫ ਬਾਵਾ, ਭਾਮੀਆਂ ਪਿੰਡ ਦੇ ਗੁਰਦੇਵ ਸਿੰਘ ਅਤੇ ਕਾਕੋਵਾਲ ਦੇ ਅਮਰ ਸਿੰਘ ਨਾਮੀ ਮੁਜ਼ਰਮਾਂ ਨੂੰ ਦਬੋਚਿਆ।ਇਥੇ ਹੈਰਾਨ ਕਰਨ ਵਾਲੇ ਗੱਲ ਇਹ ਹੈ ਕਿ ਇਸ ਸਾਰੇ ਮਾਮਲੇ ਦਾ ਮਾਸਟਰਮਾਈਂਡ ਚੌਥੀ ਪਾਸ ਭੁਪਿੰਦਰ ਹੈ। 

ਪੁਲਸ ਨੂੰ ਉਨ੍ਹਾਂ ਦੇ ਕਬਜ਼ੇ 'ਚੋਂ 1.07 ਲੱਖ ਰੁਪਏ ਦੇ ਜਾਅਲੀ ਨੋਟ, 2 ਸਕੈਨਰ, ਪ੍ਰਿੰਟਰ, ਕਟਿੰਗ ਮਸ਼ੀਨ ਆਦਿ ਸਮੱਗਰੀ ਬਰਾਮਦ ਕੀਤੀ ਹੈ। ਫੜੀ ਗਈ ਜਾਅਲੀ ਭਾਰਤੀ ਕਰੰਸੀ ਵਿਚ 2 ਹਜ਼ਾਰ, 200 ਅਤੇ 100-100 ਦੇ ਜਾਅਲੀ ਨੋਟ ਹਨ। ਫੜੇ ਗਏ ਚਾਰੇ ਮੁਲਜ਼ਮ 20 ਤੋਂ 25 ਸਾਲ ਦੇ ਹਨ। ਉਨ੍ਹਾਂ ਦੱਸਿਆ ਕਿ ਕਾਬੂ ਕੀਤਾ ਗਿਆ ਦੋਸ਼ੀ ਭੁਪਿੰਦਰ ਚੌਥੀ ਪਾਸ ਹੈ ਅਤੇ ਇਸ ਤੋਂ ਪਹਿਲਾਂ ਉਹ ਨਸ਼ੇ ਵੇਚਦਾ ਸੀ। ਉਹ ਖੁਦ ਵੀ ਨਸ਼ਾ ਕਰਦਾ ਹੈ। ਜੋਧੇਵਾਲ ਪੁਲਸ ਨੇ ਉਸ ਨੂੰ 10 ਗ੍ਰਾਮ ਹੈਰੋਇਨ ਸਮੇਤ ਫੜਿਆ ਸੀ ਅਤੇ ਫਿਰ ਜੇਲ ਭੇਜ ਦਿੱਤਾ ਸੀ। ਜੇਲ ਵਿਚ ਉਹ ਇਕ ਕੈਦੀ ਦੇ ਸੰਪਰਕ 'ਚ ਆਇਆ, ਜਿਸ ਨੇ ਉਸ ਨੂੰ ਜਾਅਲੀ ਕਰੰਸੀ ਛਾਪਣ ਦੀ ਸਲਾਹ ਦਿੱਤੀ ਅਤੇ ਇਸ ਦਾ ਤਰੀਕਾ ਵੀ ਦੱਸਿਆ। ਜ਼ਮਾਨਤ 'ਤੇ ਜੇਲ ਤੋਂ ਬਾਹਰ ਆਉਣ 'ਤੇ ਭੁਪਿੰਦਰ ਨੇ ਇਹ ਕੰਮ ਕਰਨਾ ਸ਼ੁਰੂ ਕਰ ਦਿੱਤਾ ਅਤੇ ਇਸ ਕੰਮ ਵਿਚ ਆਪਣੇ 3 ਦੋਸਤਾਂ, ਤਜਿੰਦਰ, ਗੁਰਦੇਵ ਅਤੇ ਅਮਰ ਨੂੰ ਵੀ ਆਪਣੇ ਨਾਲ ਰਲਾ ਲਿਆ।

ਅਤਿਆਧੁਨਿਕ 2 ਸਕੈਨਰ, ਪ੍ਰਿੰਟਰਾਂ ਦੀ ਮਦਦ ਨਾਲ ਇਨ੍ਹਾਂ ਨੇ ਸਧਾਰਣ ਕਾਗਜ਼ 'ਤੇ 2000, 500, 200 ਅਤੇ 100 ਦੇ ਨੋਟ ਛਾਪਣੇ ਸ਼ੁਰੂ ਕਰ ਦਿੱਤੇ ਅਤੇ ਕਟਿੰਗ ਮਸ਼ੀਨ ਨਾਲ ਨੋਟਾਂ ਦੀ ਕਟਾਈ ਕੀਤੀ। ਏ. ਸੀ. ਪੀ. ਗੁਰਬਿੰਦਰ ਨੇ ਦੱਸਿਆ ਕਿ ਇਨ੍ਹਾਂ ਕੋਲੋਂ ਫੜੇ ਗਏ ਜਾਅਲੀ ਨੋਟ ਜ਼ਿਆਦਾਤਰ ਇਕ ਹੀ ਸੀਰੀਜ਼ ਦੇ ਹਨ। ਸਬ ਇੰਸਪੈਕਟਰ ਅਰਸ਼ਪ੍ਰੀਤ ਨੇ ਕਿਹਾ ਕਿ ਕੇਸ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਸ਼ਨੀਵਾਰ ਨੂੰ ਮੁਜ਼ਰਮਾਂ ਨੂੰ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।

25 ਤੋਂ 30,000 ਰੁਪਏ ਦੇ ਜਾਅਲੀ ਨੋਟ ਖਪਾ ਚੁੱਕੇ ਹਨ ਮਾਰਕਿਟ 'ਚ
ਪੁਲਸ ਦੀ ਮੰਨੀਏ ਤਾਂ ਹੁਣ ਤੱਕ ਇਹ ਮੁਲਜ਼ਮ 25 ਤੋਂ 30,000 ਰੁਪਏ ਦੇ ਜਾਅਲੀ ਨੋਟ ਮਾਰਕਿਟ ਵਿਚ ਖਪਾ ਚੁੱਕੇ ਹਨ। ਇਹ ਜਾਅਲੀ ਨੋਟ ਇਨ੍ਹਾਂ ਨੇ ਨਸ਼ਾ ਸਮੱਗਲਰਾਂ, ਢਾਬਿਆਂ ਅਤੇ ਹੋਰਨਾਂ ਥਾਵਾਂ 'ਤੇ ਖਪਾਏ। ਪੁਲਸ ਮੁਤਾਬਕ ਪਹਿਲਾਂ ਇਨ੍ਹਾਂ ਨੇ ਛੋਟੇ ਨੋਟ ਛਾਪੇ। ਜਦੋਂ ਇਹ ਨਹੀਂ ਫੜੇ ਗਏ ਤਾਂ ਇਨ੍ਹਾਂ ਨੇ 2,000 ਰੁਪਏ ਦੇ ਵੱਡੇ ਨੋਟ ਛਾਪਣੇ ਸ਼ੁਰੂ ਕਰ ਦਿੱਤੇ ਅਤੇ ਮਾਰਕਿਟ ਵਿਚ ਚਲਾਉਣ ਦਾ ਯਤਨ ਕੀਤਾ। ਇਸੇ ਦੌਰਾਨ ਹੀ ਪੁਲਸ ਨੂੰ ਇਸ ਦੀ ਭਿਣਕ ਪੈ ਗਈ।


Gurminder Singh

Content Editor

Related News