ਅੱਧੀ ਰਾਤ ਨੂੰ ਮੁੰਡਿਆਂ ਨੇ ਘਰ ''ਤੇ ਕੀਤਾ ਹਮਲਾ, ਛੱਤ ਤੋਂ ਡਿੱਗਣ ਕਾਰਣ ਨੌਜਵਾਨ ਦੀ ਮੌਤ
Monday, Sep 14, 2020 - 03:56 PM (IST)

ਬਟਾਲਾ/ਕਿਲਾ ਲਾਲ ਸਿੰਘ (ਬੇਰੀ, ਭਗਤ) : ਪਿੰਡ ਭਾਗੋਵਾਲ 'ਚ ਬੀਤੀ ਰਾਤ ਹੋਏ ਝਗੜੇ ਦੌਰਾਨ ਛੱਤ ਤੋਂ ਡਿੱਗਣ ਨਾਲ ਨੌਜਵਾਨ ਦੀ ਮੌਤ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐੱਸ. ਐੱਚ. ਓ. ਕਿਲਾ ਲਾਲ ਸਿੰਘ ਐੱਸ. ਆਈ. ਰਣਜੋਧ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਦਰਜ ਕਰਵਾਏ ਬਿਆਨਾਂ 'ਚ ਮ੍ਰਿਤਕ ਬਲਵੰਤ ਸਿੰਘ ਦੇ ਭਰਾ ਜਸਵੰਤ ਸਿੰਘ ਪੁੱਤਰ ਦਲਬੀਰ ਸਿੰਘ ਵਾਸੀ ਪਿੰਡ ਭਾਗੋਵਾਲ ਨੇ ਲਿਖਵਾਇਆ ਕਿ ਪਿੰਡ ਦੇ ਹੀ ਰਹਿਣ ਵਾਲੇ ਕੁਝ ਨੌਜਵਾਨਾਂ ਨਾਲ ਕੁਝ ਦਿਨ ਪਹਿਲਾਂ ਕਿਸੇ ਗੱਲ ਨੂੰ ਲੈ ਕੇ ਉਸ ਦੇ ਭਰਾ ਬਲਵੰਤ ਸਿੰਘ ਦਾ ਝਗੜਾ ਹੋਇਆ ਸੀ ਅਤੇ ਇਸ ਦੇ ਮੱਦੇਨਜ਼ਰ ਕੁਝ ਨੌਜਵਾਨ ਤੇਜ਼ਧਾਰ ਹਥਿਆਰਾਂ ਨਾਲ ਲੈਸ ਹੋ ਕੇ ਬੀਤੀ ਰਾਤ 8 ਵਜੇ ਦੇ ਕਰੀਬ ਸਾਡੇ ਘਰ 'ਚ ਦਾਖਲ ਹੋਏ ਅਤੇ ਘਰ ਦੀ ਛੱਤ 'ਤੇ ਬੈਠੇ ਮੇਰੇ ਭਰਾ ਬਲਵੰਤ ਸਿੰਘ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ।
ਇਹ ਵੀ ਪੜ੍ਹੋ : ਦਿੱਲੀ ਹਾਈਕੋਰਟ ਦਾ ਡੇਰਾ ਸਤਿਸੰਗ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਨੂੰ ਝਟਕਾ
ਜਸਵੰਤ ਸਿੰਘ ਨੇ ਬਿਆਨਾਂ 'ਚ ਅੱਗੇ ਲਿਖਵਾਇਆ ਕਿ ਸਬੰਧਤ ਨੌਜਵਾਨਾਂ ਨੇ ਮੇਰੇ ਭਰਾ ਬਲਵੰਤ ਸਿੰਘ ਨਾਲ ਕੁੱਟ-ਮਾਰ ਕਰਨੀ ਸ਼ੁਰੂ ਕਰ ਦਿੱਤੀ ਅਤੇ ਉਕਤ ਨੌਜਵਾਨਾਂ ਨੇ ਝਗੜੇ ਦੌਰਾਨ ਮੇਰੇ ਭਰਾ ਨੂੰ ਘਰ ਦੀ ਛੱਤ ਤੋਂ ਥੱਲੇ ਸੁੱਟ ਦਿੱਤਾ। ਇਸ ਦੌਰਾਨ ਉਸ ਦਾ ਸਿਰ ਜ਼ਮੀਨ ਨਾਲ ਜਾ ਟਕਰਾਇਆ ਅਤੇ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਇਸ ਤੋਂ ਬਾਅਦ ਸਾਰੇ ਨੌਜਵਾਨ ਫਰਾਰ ਹੋ ਗਏ।
ਇਹ ਵੀ ਪੜ੍ਹੋ : ਅਕਾਲੀ ਦਲ ਦੇ ਸੀਨੀਅਰ ਆਗੂ ਦੀ ਕੋਰੋਨਾ ਕਾਰਣ ਮੌਤ
ਐੱਸ. ਐੱਚ. ਓ. ਰਣਜੋਧ ਸਿੰਘ ਨੇ ਅੱਗੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਪੁਲਸ ਨੇ ਕਾਰਵਾਈ ਕਰਦੇ ਹੋਏ ਘਟਨਾ ਸਥਾਨ ਦਾ ਜਾਇਜ਼ਾ ਲੈਣ ਤੋਂ ਬਾਅਦ ਬਲਵੰਤ ਸਿੰਘ ਦੀ ਲਾਸ਼ ਕਬਜ਼ੇ 'ਚ ਲੈਣ ਤੋਂ ਬਾਅਦ ਪੋਸਟਮਾਰਟਮ ਲਈ ਸਿਵਲ ਹਸਪਤਾਲ ਬਟਾਲਾ ਵਿਖੇ ਭੇਜ ਦਿੱਤੀ ਹੈ। ਇਸ ਸਬੰਧੀ ਫਿਲਹਾਲ ਮ੍ਰਿਤਕ ਦੇ ਭਰਾ ਜਸਵੰਤ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਸਬੰਧਤ 6 ਨੌਜਵਾਨਾਂ ਵਿਰੁੱਧ ਮਾਮਲਾ ਦਰਜ ਕਰ ਲਿਆ ਗਿਆ ਹੈ। ਐੱਸ. ਐੱਚ. ਓ. ਨੇ ਅੱਗੇ ਦੱਸਿਆ ਕਿ ਉਕਤ ਮਾਮਲੇ ਸਬੰਧੀ ਅਗਲੀ ਕਾਨੂੰਨੀ ਕਾਰਵਾਈ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਅਮਲ 'ਚ ਲਿਆਂਦੀ ਜਾਵੇਗੀ।
ਇਹ ਵੀ ਪੜ੍ਹੋ : ਪਹਿਲਾਂ ਜੇਲ 'ਚ ਕੀਤੀ ਖ਼ੁਦਕੁਸ਼ੀ ਦੀ ਕੋਸ਼ਿਸ਼, ਹੁਣ ਹਸਪਤਾਲ 'ਚ ਏ. ਐੱਸ.ਆਈ. 'ਤੇ ਹਮਲਾ ਕਰਕੇ ਭੱਜਿਆ ਕੈਦੀ