ਤੇਜ਼ ਰਫਤਾਰ ਟਿੱਪਰ ਨੇ ਐਕਟੀਵਾ ਨੂੰ ਦਰੜਿਆ, ਨੌਜਵਾਨ ਦੀ ਲਾਸ਼ ਦੇ ਉੱਡੇ ਚਿੱਥੜੇ
Sunday, Oct 29, 2017 - 07:30 PM (IST)
ਬਨੂੰੜ (ਗੁਰਪਾਲ) : ਬਨੂੰੜ ਤੋਂ ਜ਼ੀਰਕਪੁਰ ਨੂੰ ਜਾਂਦੇ ਕੌਮੀ ਰਾਜ ਮਾਰਗ 'ਤੇ ਇਕ ਤੇਜ਼ ਰਫ਼ਤਾਰ ਟਿੱਪਰ ਨੇ ਐਕਟੀਵਾ ਨੂੰ ਦਰੜ ਦਿੱਤਾ। ਜਾਣਕਾਰੀ ਅਨੁਸਾਰ ਬੱਜਰੀ ਨਾਲ ਭਰ ਕੇ ਇਕ ਟਿੱਪਰ ਐੱਚ. ਆਰ. 68-9187 ਜ਼ੀਰਕਪੁਰ ਤੋਂ ਬਨੂੰੜ ਵੱਲ ਆ ਰਿਹਾ ਸੀ ਕਿ ਜਦੋਂ ਉਹ ਟਿੱਪਰ ਰਾਸ਼ਟਰੀ ਰਾਜ ਮਾਰਗ ਸਥਿਤ ਪਿੰਡ ਰਾਮਪੁਰ ਦੇ ਨੇੜੇ ਪਹੁੰਚਿਆ ਤਾਂ ਟਿੱਪਰ ਨੇ ਅੱਗੇ ਜਾ ਰਹੇ ਇਕ ਐਕਟੀਵਾ ਐੱਚ. ਆਰ. 03ਯੂ-8545 ਨੂੰ ਬੁਰੀ ਤਰ੍ਹਾਂ ਕੁਚਲ ਦਿੱਤਾ, ਜਿਸ ਕਾਰਨ ਐਕਟੀਵਾ ਚਾਲਕ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਸੂਤਰਾਂ ਅਨੁਸਾਰ ਇਹ ਟੱਕਰ ਇੰਨੀ ਭਿਆਨਕ ਸੀ ਕਿ ਲਾਸ਼ ਦੇ ਚਿੱਥੜੇ ਉੱਡ ਗਏ। ਹਾਦਸੇ ਉਪਰੰਤ ਟਿੱਪਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ। ਸੰਪਰਕ ਕਰਨ 'ਤੇ ਏ. ਐੱਸ. ਆਈ. ਬਹਾਦਰ ਸਿੰਘ ਨੇ ਦੱਸਿਆ ਕਿ ਮ੍ਰਿਤਕ ਐਕਟੀਵਾ ਚਾਲਕ ਦੀ ਪਛਾਣ ਨਹੀਂ ਹੋ ਸਕੀ ਕਿਉਂਕਿ ਐਕਟੀਵਾ ਵਿਚ ਕੋਈ ਕਾਗਜ਼ ਨਹੀਂ ਸੀ ਤੇ ਪੁਲਸ ਨੇ ਲਾਸ਼ ਅਤੇ ਦੋਵੇਂ ਵਾਹਨ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
