ਨੌਜਵਾਨ ਨੇ ਰਸਤਾ ਰੋਕ ਕੇ ਕੁੱਟਮਾਰ ਕਰਨ ਦੇ ਲਗਾਏ ਦੋਸ਼

Tuesday, Feb 06, 2018 - 05:04 PM (IST)

ਨੌਜਵਾਨ ਨੇ ਰਸਤਾ ਰੋਕ ਕੇ ਕੁੱਟਮਾਰ ਕਰਨ ਦੇ ਲਗਾਏ ਦੋਸ਼

ਝਬਾਲ/ ਬੀੜ ਸਾਹਿਬ (ਲਾਲੂਘੁੰਮਣ, ਬਖਤਾਵਰ, ਭਾਟੀਆ) - ਥਾਣਾ ਸਰਾਏ ਅਮਾਨਤ ਖਾਂ ਅਧੀਨ ਪੈਂਦੇ ਪਿੰਡ ਚਾਹਲ ਵਿਖੇ ਬੀਤੇ ਕੱਲ ਸਾਂਝੀ ਆੜ (ਖਾਲ) ਰਾਹੀ ਪਾਣੀ ਲਾਉਣ ਤੋਂ ਹੋਇਆ ਤਕਰਾਰ ਖੂਨੀ ਝੜਪ 'ਚ ਬਦਲ ਗਿਆ। ਇਸ ਦੌਰਾਨ ਇਕ ਧਿਰ ਦੇ ਨੌਜਵਾਨ ਵੱਲੋਂ ਉਸ ਨੂੰ ਰਸਤੇ 'ਚ ਘੇਰ ਕੇ ਦਾਤਰ ਨਾਲ ਬੁਰੀ ਤਰ੍ਹਾਂ ਵੱਢ ਕੇ ਗੰਭੀਰ ਜ਼ਖਮੀ ਕਰਨ ਦੇ ਜਿਥੇ ਵਿਰੋਧੀ ਧਿਰ 'ਤੇ ਦੋਸ਼ ਲਾਏ ਉਥੇ ਹੀ ਦੂਜੀ ਧਿਰ ਨੇ ਦੋਸ਼ਾਂ ਨੂੰ ਖਾਰਜ ਕਰਦਿਆਂ ਉਕਤ ਧਿਰ ਵੱਲੋਂ ਉਸਦੇ ਘਰ 'ਚ ਦਾਖਲ ਹੋ ਕੇ ਉਸਦੀ ਕੁੱਟਮਾਰ ਕਰਨ ਅਤੇ ਕਮਰੇ 'ਚ ਬੰਦ ਕਰਨ ਦਾ ਦਾਅਵਾ ਕੀਤਾ ਹੈ। ਥਾਣਾ ਮੁੱਖੀ ਸਰਾਏ ਅਮਾਨਤ ਖਾਂ ਬਲਜਿੰਦਰ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ। 
ਇਸ ਸਬੰਧੀ ਜਾਣਕਾਰੀ ਦਿੰਦੇ ਕਸੇਲ ਦੇ ਸਰਕਾਰੀ ਹਸਪਤਾਲ 'ਚ ਜ਼ੇਰੇ ਇਲਾਜ ਨਰਿੰਜਣ ਸਿੰਘ ਪੁੱਤਰ ਗੁਲਜ਼ਾਰ ਸਿੰਘ ਨੇ ਨਿਰਮਲ ਸਿੰਘ, ਗੁਰਮੀਤ ਸਿੰਘ, ਗੁਰਦੇਵ ਸਿੰਘ, ਗੁਰਜੀਤ ਕੌਰ ਅਤੇ ਕੰਵਲਜੀਤ ਕੌਰ ਨੇ ਦੱਸਿਆ ਕਿ ਉਸਦੇ ਚਾਚੇ ਦੇ ਲੜਕੇ ਦਲਜੀਤ ਸਿੰਘ ਪੁੱਤਰ ਬਲਵਿੰਦਰ ਸਿੰਘ ਨਾਲ ਖੇਤਾਂ ਨੂੰ ਪਾਣੀ ਲਾਉਣ ਲਈ ਉਨ੍ਹਾਂ ਦੀ ਸਾਂਝੀ ਆੜ (ਖਾਲ) ਹੈ। ਸੋਮਵਾਰ ਜਦੋਂ ਉਹ ਉਕਤ ਆੜ ਰਾਹੀ ਆਪਣੇ ਖੇਤ ਨੂੰ ਪਾਣੀ ਲਾ ਰਿਹਾ ਸੀ ਤਾਂ ਦਲਜੀਤ ਸਿੰਘ ਨੇ ਉਸ ਨਾਲ ਬਿਨਾਂ ਵਜ੍ਹਾ ਝਗੜਾ ਕਰਦਿਆਂ ਉਸਨੂੰ ਪਾਣੀ ਲਾਉਣ ਤੋਂ ਰੋਕਣ ਦੀ ਕੋਸ਼ਿਸ਼ ਕੀਤੀ। ਉਸ ਨੇ ਦੱਸਿਆ ਕਿ ਇਸ ਦੌਰਾਨ ਦਲਜੀਤ ਸਿੰਘ ਉਸ  ਨਾਲ ਕਾਫੀ ਬਹਿਸਬਾਜ਼ੀ ਕਰਦਾ ਹੋਇਆ ਧਮਕੀਆਂ ਦਿੰਦਾ ਆਪਣੇ ਘਰ ਚਲਾ ਗਿਆ। ਨਰਿੰਜਣ ਸਿੰਘ ਨੇ ਦੱਸਿਆ ਕਿ ਸ਼ਾਮ ਨੂੰ ਜਦੋਂ ਉਹ ਰੋਜ਼ ਦੀ ਤਰ੍ਹਾਂ ਮੋਟਰਸਾਇਕਲ 'ਤੇ ਸਵਾਰ ਹੋ ਕੇ ਪਿੰਡ ਸਥਿਤ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਜਾ ਰਿਹਾ ਸੀ ਤਾਂ ਪਹਿਲਾਂ ਤੋਂ ਹੀ ਯੋਜਨਾਬੰਧ ਢੰਗ ਨਾਲ ਰਸਤੇ 'ਚ ਤੇਜ਼ਧਾਰ ਹਥਿਆਰਾਂ ਨਾਲ ਲੈੱਸ ਹੋ ਕੇ ਲੁਕ ਕੇ ਬੈਠੇ ਦਲਜੀਤ ਸਿੰਘ ਅਤੇ ਕਰਮ ਸਿੰਘ ਵੱਲੋਂ ਉਸ 'ਤੇ ਦਾਤਰ ਨਾਲ ਹਮਲਾ ਕਰ ਦਿੱਤਾ ਗਿਆ। ਦਲਜੀਤ ਸਿੰਘ ਵੱਲੋਂ ਦਾਤਰ ਦਾ ਇਕ ਵਾਰ ਉਸਦੇ ਸਿਰ ਅਤੇ ਦੂਜਾ ਬਾਹ ਉੱਪਰ ਕੀਤਾ ਗਿਆ ਜਦਕਿ ਜਦੋਂ ਤੀਜਾ ਵਾਰ ਕੀਤਾ ਗਿਆ ਤਾਂ ਉਸ ਵੱਲੋਂ ਦੂਜੇ ਹੱਥ ਨਾਲ ਦਾਤਰ ਫੜ ਕੇ ਵਾਰ ਰੋਕ ਦਿੱਤਾ ਗਿਆ। ਇਸ ਦੌਰਾਨ ਉਸ ਦੇ ਸਿਰ, ਬਾਂਹ ਅਤੇ ਹੱਥ ਨੂੰ ਗੰਭੀਰ ਸੱਟਾਂ ਲੱਗ ਗਈਆਂ ਤੇ ਉਹ ਬੇਹੋਸ਼ ਹੋ ਕੇ ਜ਼ਮੀਨ 'ਤੇ ਡਿੱਗ ਗਿਆ। ਨਰਿੰਜਣ ਸਿੰਘ ਦੇ ਭਰਾ ਨਿਰਮਲ ਸਿੰਘ ਨੇ ਦੱਸਿਆ ਕਿ ਘਟਨਾ ਦਾ ਪਤਾ ਲੱਗਣ 'ਤੇ ਉਨ੍ਹਾਂ ਵੱਲੋਂ ਜ਼ਖਮੀ ਨਰਿੰਜਣ ਸਿੰਘ ਨੂੰ ਹਸਪਤਾਲ ਵਿਖੇ ਦਾਖਲ ਕਰਾਇਆ ਗਿਆ। ਉਸਨੇ ਦੱਸਿਆ ਕਿ ਅੰਮ੍ਰਿਤਧਾਰੀ ਨਰਿੰਜਣ ਸਿੰਘ ਦੀ ਦਸਤਾਰ ਅਤੇ ਕਕਾਰਾਂ ਦੀ ਬੇਅਦਬੀ ਵੀ ਕਥਿਤ ਲੋਕਾਂ ਵੱਲੋਂ ਕੀਤੀ ਗਈ ਹੈ। ਇਲਾਜ ਕਰ ਰਹੇ ਡਾਕਟਰਾਂ ਦਾ ਕਹਿਣਾ ਹੈ ਕਿ ਮਰੀਜ਼ ਦੇ ਸਿਰ 'ਚ ਗਹਿਰੀ ਸੱਟ ਲੱਗਣ ਕਾਰਨ ਹਾਲਤ ਗੰਭੀਰ ਹੈ, ਜਿਸ ਨੂੰ ਸ੍ਰੀ ਗੁਰੂ ਨਾਨਕ ਦੇਵ ਹਸਪਤਾਲ ਅੰਮ੍ਰਿਤਸਰ ਵਿਖੇ ਭੇਜਿਆ ਜਾ ਰਿਹਾ ਹੈ। 
ਦੂਜੇ ਪਾਸੇ ਆਪਣੇ 'ਤੇ ਲੱਗੇ ਦੋਸ਼ਾਂ ਨੂੰ ਖਾਰਜ ਕਰਦਿਆਂ ਦਲਜੀਤ ਸਿੰਘ ਨੇ ਦੱਸਿਆ ਕਿ ਪਾਣੀ ਲਾਉਣ ਦੀ ਵਾਰੀ ਉਸਦੀ ਸੀ ਅਤੇ ਜਦੋਂ ਉਹ ਸਾਂਝੀ ਆੜ ਰਾਹੀ ਆਪਣੀ ਮੋਟਰ ਤੋਂ ਖੇਤਾਂ ਨੂੰ ਪਾਣੀ ਲਾ ਰਿਹਾ ਸੀ ਤਾਂ ਉਸ ਸਮੇਂ ਨਰਿੰਜਣ ਸਿੰਘ ਸਮੇਤ ਭਰਾਵਾਂ ਅਤੇ ਘਰ ਦੀਆਂ ਔਰਤਾਂ ਵੱਲੋਂ ਖੇਤਾਂ 'ਚ ਆ ਕੇ ਉਸ ਨਾਲ ਝਗੜਾ ਕੀਤਾ ਗਿਆ। ਉਹ ਖੇਤਾਂ ਚੋਂ ਵਾਪਸ ਜਦੋਂ ਘਰ ਆ ਗਿਆ ਤਾਂ ਉਕਤ ਲੋਕ ਉਸ ਦੇ ਪਿੱਛੇ ਹੀ ਜ਼ਬਰੀ ਉਸਦੇ ਘਰ ਅੰਦਰ ਆ ਗਏ ਅਤੇ ਉਸਦੀ ਭਾਰੀ ਮਾਰ ਕੁੱਟਾਈ ਕੀਤੀ ਗਈ। ਉਸ ਨੂੰ ਇਸ ਦੌਰਾਨ ਸੱਟਾਂ ਮਾਰ ਕੇ ਜ਼ਖਮੀ ਕਰ ਦਿੱਤਾ ਤੇ ਘਰ ਅੰਦਰ ਇਕ ਕਮਰੇ 'ਚ ਉਸ ਸਮੇਤ ਉਸਦੇ ਸਾਰੇ ਪਰਿਵਾਰ ਨੂੰ ਬੰਦ ਕਰਕੇ ਫਰਾਰ ਹੋ ਗਏ। ਬਾਅਦ 'ਚ ਉਸ ਵੱਲੋਂ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕਰਕੇ ਸੱਦਿਆ, ਜਿੰਨ੍ਹਾਂ ਵੱਲੋਂ ਉਸ ਨੂੰ ਬਾਹਰ ਕੱਢ ਕੇ ਜ਼ਖਮੀ ਹਾਲਤ 'ਚ ਹਸਪਤਾਲ ਦਾਖਲ ਕਰਾਇਆ ਗਿਆ। ਥਾਣਾ ਸਰਾਏ ਅਮਾਨਤ ਖਾਂ ਦੇ ਮੁੱਖੀ ਬਲਜਿੰਦਰ ਸਿੰਘ ਨੇ ਦੋਹਾਂ ਧਿਰਾਂ ਦੀ ਸ਼ਿਕਾਇਤਾਂ ਮਿਲਣ ਦੀ ਪੁੱਸ਼ਟੀ ਕਰਦਿਆਂ ਦੱਸਿਆ ਕਿ ਦੋਵੇਂ ਧਿਰਾਂ ਜ਼ਖਮੀ ਹਾਲਤ 'ਚ ਥਾਣੇ ਆਈਆਂ ਸਨ, ਜਿਨ੍ਹਾਂ ਨੂੰ ਹਸਪਤਾਲ 'ਚ ਦਾਖਲ ਕਰਾਇਆ ਗਿਆ ਹੈ। ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ, ਮੈਡੀਕਲ ਰਿਪੋਰਟ ਆਉਣ 'ਤੇ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।
ਕਾਰਵਾਈ ਨਾ ਹੋਈ ਤਾਂ ਕਰਾਂਗੇ ਸੰਘਰਸ਼ - ਬਘਿਆੜੀ 
ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦੇ ਸੂਬਾਈ ਆਗੂ ਕੈਪਟਨ ਸਿੰਘ ਬਘਿਆੜੀ ਅਤੇ ਬਲਜੀਤ ਸਿੰਘ ਸਰਾਂ ਨੇ ਕਿਹਾ ਕਿ ਨਰਿੰਜਣ ਸਿੰਘ ਆਜ਼ਾਦ ਕਿਸਾਨ ਸੰਘਰਸ਼ ਕਮੇਟੀ ਦਾ ਸੀਨੀਅਰ ਆਗੂ ਹੈ, ਉਸ ਨੂੰ ਸੱਟਾਂ ਮਾਰ ਕੇ ਗੰਭੀਰ ਜ਼ਖਮੀ ਕਰਨ ਵਾਲੇ ਕਥਿਤ ਲੋਕਾਂ ਵਿਰੋਧ ਪੁਲਸ ਵੱਲੋਂ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨਰਿੰਜਣ ਸਿੰਘ ਦੀ ਹਾਲਤ ਗੰਭੀਰ ਬਣੀ ਹੋਈ ਹੈ ਤੇ ਜੇਕਰ ਜਿੰਮੇਵਾਰ ਲੋਕਾਂ ਵਿਰੋਧ ਜਲਦੀ ਕਾਰਵਾਈ ਨਾ ਕੀਤੀ ਗਈ ਤਾਂ ਥਾਣਾ ਸਰਾਏ ਅਮਾਨਤ ਖਾਂ ਦੀ ਪੁਲਸ ਵਿਰੋਧ ਜਥੇਬੰਦੀ ਵੱਲੋਂ ਸੰਘਰਸ਼ ਕੀਤਾ ਜਾਵੇਗਾ।
 


Related News