‘ਨੀਟ ਪੈੱਗ ਲਾ ਕੇ ਕੋਰੋਨਾ ਨਹੀਂ ਬਲਕਿ ਖੁੱਦ ਮੌਤ ਦੀ ਤਿਆਰੀ ਕਰ ਰਹੇ ਹੋ ਤੁਸੀਂ’
Tuesday, May 05, 2020 - 02:32 AM (IST)
ਗੜ੍ਹਸ਼ੰਕਰ, (ਸ਼ੋਰੀ)- ਕੋਰੋਨਾ ਵਾਇਰਸ ਨੂੰ ਖਤਮ ਕਰਨ ਲਈ 60 ਫ਼ੀਸਦੀ ਤੋਂ ਵੱਧ ਅਲਕੋਹਲ ਦੇ ਸੈਨੀਟਾਈਜ਼ਰ ਦੀ ਗੱਲ ਜਿਵੇਂ ਹੀ ਲੋਕਾਂ ਵਿਚ ਫੈਲੀ ਸੀ ਤਾਂ ਸ਼ਰਾਬ ਦੇ ਸ਼ੌਕੀਨਾਂ ਲਈ ਪੈੱਗ ਖੜਕਾਉਣ ਦਾ ਇਕ ਨਵਾਂ ਬਹਾਨਾ ਜਿਹਾ ਬਣ ਗਿਆ ਸੀ। ਸ਼ਰਾਬ ਦੀ ਵਰਤੋਂ ਕਰਨ ਵਾਲਿਆਂ ਨੇ 60 ਫ਼ੀਸਦੀ ਤੋਂ ਵੱਧ ਅਲਕੋਹਲ ਲੈਣ ਦੀ ਫਿਰਾਕ ਵਿਚ ਨੀਟ ਪੈੱਗ ਦਾ ਚਲਣ ਸ਼ੁਰੂ ਕਰ ਦਿੱਤਾ ਤੇ ਖੁੱਦ ਹੀ ਦਾਅਵੇ ਕਰਨ ਲੱਗ ਪਏ ਕਿ ਹੁਣ ਕੋਰੋਨਾ ਨੇੜੇ ਨਹੀਂ ਆਉਣ ਲੱਗਾ। ਇਹ ਲੋਕ ਇਕ ਵੱਡੇ ਭੁਲੇਖੇ ਵਿਚ ਹਨ ਕਿ ਅਲਕੋਹਲ ਨਾਲ ਉਨ੍ਹਾਂ ਦੇ ਗਲੇ ਵਿਚ ਕੋਰੋਨਾ ਵਾਇਰਸ ਜੇਕਰ ਆ ਗਿਆ ਤਾਂ ਮਰ ਜਾਵੇਗਾ, ਜਦਕਿ ਹਕੀਕਤ ਵਿਚ ਇਹ ਗੱਲ ਤੱਥਾਂ ਤੋਂ ਬਹੁਤ ਦੂਰ ਹੈ।
ਭੁਲੇਖਾ ਹੈ ਕਿ ਸ਼ਰਾਬ ਦੇ ਨੀਟ ਪੈੱਗ ਲਾਉਣ ਨਾਲ ਸਾਡੀ ਬਾਡੀ ਦੀ ਇਮਿਊਨਿਟੀ ਵਧਦੀ ਹੈ : ਡਾ. ਰਘੂਵੀਰ ਸਿੰਘ ਨੇ ਦੱਸਿਆ ਕਿ ਡਬਲਊ. ਐੱਚ. ਓ. ਦੀ ਜੋ ਰਿਪੋਰਟ ਜਨਤਕ ਤੌਰ 'ਤੇ ਪੇਸ਼ ਕੀਤੀ ਗਈ ਹੈ, ਉਸ ਅਨੁਸਾਰ ਅਲਕੋਹਲ ਪੀਣ ਨਾਲ ਕੋਰੋਨਾ ਵਾਇਰਸ ਖਤਮ ਨਹੀਂ ਹੁੰਦਾ। ਕਿਉਂਕਿ ਅਲਕੋਹਲ ਨਾਲ ਤੁਹਾਡੀ ਚਮੜੀ ਤਾਂ ਸਾਫ਼ ਹੋ ਸਕਦੀ ਹੈ ਪਰ ਗਲਾ ਤੇ ਮੂੰਹ ਨਹੀਂ। ਉਨ੍ਹਾਂ ਦੱਸਿਆ ਕਿ ਜਿਹੜੇ ਲੋਕ ਇਸ ਭੁਲੇਖੇ ਵਿਚ ਹਨ ਕਿ ਜੇਕਰ ਉਹ ਅਲਕੋਹਲ ਯੁਕਤ ਹਵਾ ਵਿਚ ਸਾਹ ਲੈਣਗੇ ਤਾਂ ਉਨ੍ਹਾਂ ਦੇ ਨੱਕ, ਮੂੰਹ ਅਤੇ ਗਲੇ ਵਿਚੋਂ ਕੋਰੋਨਾ ਵਾਇਰਸ ਸਾਫ ਹੋ ਜਾਵੇਗਾ ਤਾਂ ਅਜਿਹਾ ਬਿਲਕੁਲ ਨਹੀਂ ਹੁੰਦਾ। ਡਬਲਊ. ਐੱਚ. ਓ. ਦੀ ਰਿਪੋਰਟ ਦਾ ਹਵਾਲਾ ਦਿੰਦੇ ਡਾ. ਰਘੂਵੀਰ ਸਿੰਘ ਨੇ ਦੱਸਿਆ ਕਿ ਕੁਝ ਲੋਕਾਂ ਨੂੰ ਇਹ ਵੀ ਭੁਲੇਖਾ ਹੈ ਕਿ ਸ਼ਰਾਬ ਦੇ ਨੀਟ (ਬਿਨਾਂ ਪਾਣੀ ਅਤੇ ਸੋਡਾ) ਪੈੱਗ ਪੀਣ ਨਾਲ ਸਾਡੀ ਬਾਡੀ ਦੀ ਇਮਿਊਨਿਟੀ ਵਧਦੀ ਹੈ। ਜਦਕਿ ਹਕੀਕਤ ਵਿਚ ਅਲਕੋਹਲ ਪੀਣ ਨਾਲ ਵਿਅਕਤੀ ਦੀ ਇਮਿਊਨਿਟੀ ਘੱਟ ਹੁੰਦੀ ਹੈ ਅਤੇ ਵਾਇਰਸ ਦਾ ਖਤਰਾ ਵੱਧ ਜਾਂਦਾ ਹੈ। ਅਜਿਹੇ ਵਿਚ ਨੀਟ ਪੈਗ ਲਾਉਣ ਨਾਲ ਕੋਰੋਨਾ ਦੀ ਨਹੀਂ ਬਲਕਿ ਖੁੱਦ ਦੀ ਮੌਤ ਦੀ ਤਿਆਰੀ ਕਰ ਰਹੇ ਹੋ ਤੁਸੀਂ।
ਗਲੇ ਅਤੇ ਮੂੰਹ ਵਿਚ ਜੋ ਵਾਇਰਸ ਹੈ, ਉਹ ਅਲਕੋਹਲ ਨਾਲ ਨਸ਼ਟ ਨਹੀਂ ਹੋ ਸਕਦਾ : ਡਾ ਹਰਕੇਸ਼ ਸਿੰਘ : ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੀ ਰਿਪੋਰਟ ਦਾ ਹਵਾਲਾ ਦਿੰਦੇ ਡਾ. ਹਰਕੇਸ਼ ਸਿੰਘ ਅਤੇ ਡਾ. ਬਲਵਿੰਦਰ ਸਿੰਘ ਨੇ ਦੱਸਿਆ ਕਿ 60 ਫ਼ੀਸਦੀ ਤੋਂ ਵੱਧ ਅਲਕੋਹਲ ਯੁਕਤ ਸੈਨੀਟਾਈਜ਼ਰ ਨਾਲ ਕਿਸੇ ਵਿਅਕਤੀ ਦੀ ਸਕਿਨ ਤੋਂ ਕੋਰੋਨਾ ਵਾਇਰਸ ਸਮਾਪਤ ਕੀਤਾ ਜਾ ਸਕਦਾ ਹੈ ਨਾ ਕਿ ਸਰੀਰ ਦੇ ਅੰਦਰੋਂ। ਉਨ\2੍ਹਾਂ ਦੱਸਿਆ ਕਿ ਮੂੰਹ ਅਤੇ ਗਲੇ ਵਿਚ ਜੋ ਵਾਇਰਸ ਹੈ ਉਸ ਨੂੰ ਅਲਕੋਹਲ ਨਾਲ ਨਸ਼ਟ ਨਹੀਂ ਕੀਤਾ ਜਾ ਸਕਦਾ। ਅਲਕੋਹਲ ਨਾਲ ਨਾਨ ਐਕਟਿਵ ਵਾਇਰਸ ਨੂੰ ਤਾਂ ਖ਼ਤਮ ਕੀਤਾ ਜਾ ਸਕਦਾ ਹੈ ਪਰ ਐਕਟਿਵ ਵਾਇਰਸ ਨੂੰ ਨਹੀਂ।
ਸਰਕਾਰ ਨੂੰ ਚਾਹੀਦੈ ਲੋਕਾਂ ਨੂੰ ਮਾੜੇ ਪ੍ਰਭਾਵ ਸਬੰਧੀ ਦੱਸੇ
ਅੰਤਰਰਾਸ਼ਟਰੀ ਕੋਚ ਕਮਲ ਕਿਸ਼ੋਰ ਨੂਰੀ ਦਾ ਕਹਿਣਾ ਹੈ ਕੀ ਕੋਰੋਨਾ ਵਾਇਰਸ ਦੇ ਕਹਿਰ ਤੋਂ ਬਚਣ ਲਈ ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੀਆਂ ਅਲੱਗ-ਅਲੱਗ ਗਾਇਡ ਲਾਈਨਜ਼ ਸਬੰਧਤ ਸਰਕਾਰਾਂ ਲੋਕਾਂ ਨੂੰ ਦੱਸ ਰਹੀਆਂ ਹਨ ਪਰ ਸ਼ਰਾਬ ਤੇ ਸਿਗਰਟ ਨਾਲ ਹੋਣ ਵਾਲੇ ਮਾੜੇ ਪ੍ਰਭਾਵ ਸਬੰਧੀ ਵੀ ਜਨਤਕ ਤੌਰ 'ਤੇ ਸਰਕਾਰਾਂ ਨੂੰ ਦੱਸਣਾ ਚਾਹੀਦਾ ਹੈ।