ਪੰਜਾਬ ਦੇ ਸਿਆਸੀ ਮੰਚ ਤੋਂ ਚੱਲੇ ਕਈ ਨਾਟਕ, ਕੋਈ ਬਣਿਆ ਹੀਰੋ ਤੇ ਕੋਈ ਜ਼ੀਰੋ
Tuesday, Dec 31, 2019 - 06:55 PM (IST)
ਜਲੰਧਰ : ਇਸ ਵਰ੍ਹੇ ਪੰਜਾਬ ਦੀ ਸਿਆਸਤ ਦੀ ਸਟੇਜ 'ਤੇ ਕਈ ਨਾਟਕ ਦੇਖਣ ਨੂੰ ਮਿਲੇ। ਕੁਝ ਨਾਟਕਾਂ 'ਤੇ ਤਾਂ ਪਰਦਾ ਡਿੱਗ ਗਿਆ ਪਰ ਕੁਝ ਅਜੇ ਵੀ ਜਾਰੀ ਹਨ। ਜ਼ਾਹਿਰ ਹੈ ਕਿ ਆਉਣ ਵਾਲੇ ਸਾਲ ਵਿਚ ਵੀ ਇਨ੍ਹਾਂ ਦੇ ਕਿਰਦਾਰ ਸਿਆਸੀ ਮੰਚ 'ਚ ਕਮਾਲ ਦਿਖਾਉਂਦੇ ਨਜ਼ਰ ਆਉਣਗੇ। ਕੁਝ ਕਿਰਦਾਰ ਬੈਕਫੁੱਟ 'ਤੇ ਜ਼ਰੂਰ ਚਲੇ ਗਏ ਪਰ ਇਹ ਕਹਿਣਾ ਗਲਤ ਹੋਵੇਗਾ ਕਿ ਇਨ੍ਹਾਂ ਦਾ ਰੋਲ ਖਤਮ ਹੋ ਗਿਆ ਹੈ। ਅੱਜ ਇਥੇ ਅਸੀਂ ਤੁਹਾਨੂੰ ਪੰਜਾਬ ਦੀ ਸਿਆਸਤ ਦੇ ਕੁਝ ਅਜਿਹੇ ਕਿੱਸਿਆ ਬਾਰੇ ਜਾਣੂ ਕਰਾਵਾਂਗੇ ਜਿਨ੍ਹਾਂ ਨੇ ਸਾਰਾ ਸਾਲ ਸੂਬੇ ਦਾ ਸਿਆਸੀ ਮਾਹੌਲ ਭਖਾਈ ਰੱਖਿਆ ਅਤੇ ਅਖਬਾਰਾਂ ਦੀਆਂ ਸੁਰਖੀਆਂ ਬਣੇ ਰਹੇ।
ਟਵਿੱਟਰ 'ਤੇ ਉਲਝੇ ਕੈਪਟਨ ਤੇ ਹਰਸਿਮਰਤ
ਸਾਲ 'ਚ ਕਈ ਅਜਿਹੇ ਮੌਕੇ ਆਏ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਕੇਂਦਰੀ ਮੰਤਰੀ ਹਰਸਿਮਰਤ ਬਾਦਲ ਵਿਚਾਲੇ ਟਵਿੱਟਰ 'ਤੇ ਤਿੱਖੀ ਬਹਿਸ ਹੁੰਦੀ ਰਹੀ। ਕਰਤਾਰਪੁਰ ਕਾਰੀਡੋਰ ਹੋਵੇ ਜਾਂ ਬਠਿੰਡਾ ਦਾ ਏਮਸ ਪ੍ਰੋਜੈਕਟ ਜਾਂ ਜਲਿਆਂਵਾਲਾ ਬਾਗ ਸਾਕਾ ਦੇ ਦੋਸ਼ੀ ਜਨਰਲ ਡਾਇਰ ਨੂੰ ਸਿਰੋਪਾ ਭੇਟ ਕਰਨ ਦਾ ਮਾਮਲਾ। ਕੈਪਟਨ ਅਤੇ ਹਰਸਿਮਰਤ ਵਿਚਾਲੇ ਸੋਸ਼ਲ ਮੀਡੀਆ 'ਤੇ ਟਕਰਾਅ ਹੁੰਦਾ ਰਿਹਾ। ਇਸ ਦੌਰਾਨ ਕੈਪਟਨ ਨੇ ਹਰਸਿਮਰਤ ਨੂੰ ਸਭ ਤੋਂ ਵੱਡੀ ਝੂਠੀ ਤਕ ਵੀ ਆਖ ਦਿੱਤਾ। ਇਸ ਤੋਂ ਇਲਾਵਾ ਕੈਪਟਨ ਤੇ ਸੁਖਬੀਰ ਵੀ ਟਵਿੱਟਰ 'ਤੇ ਕਈ ਵਾਰ ਆਹਮੋ-ਸਾਹਮਣੇ ਹੋਏ।
ਜਾਖੜ ਨੂੰ ਹਾਰ ਦਾ ਜ਼ਖਮ
2019 ਕਾਂਗਰਸ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਲਈ ਦੁਖਦ ਸੁਪਨੇ ਵਾਂਗ ਹੋ ਨਿਬੜਿਆ। ਪਿਛਲੇ ਦੋ ਸਾਲ ਤੋਂ ਗੁਰਦਾਸਪੁਰ ਲੋਕ ਸਭਾ ਚੋਣ ਦੀ ਤਿਆਰੀ ਕਰ ਰਹੇ ਜਾਖੜ ਨੂੰ ਹਾਰ ਦਾ ਮੂੰਹ ਦੇਖਣਾ ਪਿਆ, ਉਹ ਵੀ ਉਦੋਂ ਜਦੋਂ ਇਸ ਸੰਸਦੀ ਸੀਟ 'ਤੇ ਕਾਂਗਰਸ ਦੇ ਤਿੰਨ-ਤਿੰਨ ਮੰਤਰੀਆਂ ਦੀ ਸਰਦਾਰੀ ਸੀ। ਇਸ ਹਾਰ ਤੋਂ ਬਾਅਦ ਜਾਖੜ ਨੇ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਹਾਲਾਂਕਿ ਬਾਅਦ ਵਿਚ ਆਲ ਇੰਡੀਆ ਕਾਂਗਰਸ ਪਾਰਟੀ ਦੀ ਪ੍ਰਧਾਨ ਸੋਨੀਆ ਗਾਂਧੀ ਵਲੋਂ ਉਨ੍ਹਾਂ ਦਾ ਅਸਤੀਫਾ ਨਾ ਮਨਜ਼ੂਰ ਕਰ ਦਿੱਤਾ ਗਿਆ।
ਸੁਖਬੀਰ ਨੇ ਇੰਝ ਬਚਾਈ ਸਾਖ
ਅਕਾਲੀ ਦਲ ਦੇ ਪ੍ਰਧਾਨ ਸੁਬੀਰ ਬਾਦਲ ਲਈ ਵੀ 2019 ਕੋਈ ਬਹੁਤਾ ਚੰਗਾ ਨਹੀਂ ਹੋ ਨਿਬੜਿਆ। ਲੋਕ ਸਭਾ ਚੋਣਾਂ ਵਿਚ ਪਾਰਟੀ ਨੂੰ ਅੱਠ ਸੀਟਾਂ 'ਤੇ ਕਰਾਰੀ ਹਾਰ ਦਾ ਸਾਹਮਣਾ ਕਰਨਾ ਪਿਆ। ਆਪਣੀ ਤੇ ਪਤਨੀ ਦੀ ਜਿੱਤ ਹੀ ਪਾਰਟੀ ਦੀ ਲਾਜ ਰੱਖ ਸਕੀ। ਵਿਧਾਨ ਸਭਾ ਜ਼ਿਮਨੀ ਚੋਣ ਵਿਚ ਸੁਖਬੀਰ ਆਪਣੇ ਹੀ ਘਰੇਲੂ ਸੀਟ ਨੂੰ ਨਹੀਂ ਬਚਾਅ ਸਕੇ। ਸਾਰਾ ਸਾਲ ਸੁਖਬੀਰ ਟਕਸਾਲੀਆਂ ਦੇ ਨਿਸ਼ਾਨੇ 'ਤੇ ਰਹੇ। ਇਸ ਸਾਰੇ ਵਿਵਾਦ ਦਰਮਿਆਨ ਸੁਖਬੀਰ ਨੂੰ ਸਾਲ ਦੇ ਅਖੀਰ 'ਚ ਮੁੜ ਪਾਰਟੀ ਦੀ ਪ੍ਰਧਾਨਗੀ ਸੌਂਪੀ ਗਈ। ਲਗਾਤਾਰ ਤੀਜੀ ਵਾਰ ਪਾਰਟੀ ਦੇ ਪ੍ਰਧਾਨ ਬਣ ਕੇ ਸੁਖਬੀਰ ਆਪਣੀ ਸਾਖ ਬਚਾਉਣ 'ਚ ਕਾਮਯਾਬ ਰਹੇ।
2019 'ਚ ਵਿਵਾਦਾਂ 'ਚ 'ਆਪ' ਦੇ ਮਾਨ
ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਤੇ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਭਗਵੰਤ ਮਾਨ ਹਮੇਸ਼ਾ ਵਿਵਾਦਾਂ 'ਚ ਘਿਰਦੇ ਰਹੇ। ਸਾਰਾ ਸਾਲ ਸਿਆਸਤ 'ਚੋਂ ਗਾਇਬ ਰਹਿਣ ਵਾਲੇ ਮਾਨ ਸਾਲ ਦੇ ਅੰਤ 'ਚ ਫਿਰ ਚਰਚਾ 'ਚ ਆ ਗਏ। ਇਕ ਸਵਾਲ ਦਾ ਜਵਾਬ ਦੇ ਉਹ ਪੱਤਰਕਾਰਾਂ ਨਾਲ ਉਲਝ ਗਏ। ਇਸ ਤੋਂ ਬਾਅਦ ਉਨ੍ਹਾਂ ਦੀ ਸੋਸ਼ਲ ਮੀਡੀਆ 'ਤੇ ਖਾਸੀ ਖਿਚਾਈ ਹੋਈ। ਅਕਸਰ ਵਿਵਾਦਾਂ 'ਚ ਰਹਿਣ ਵਾਲੇ ਮਾਨ 2019 ਦੀਆਂ ਲੋਕ ਸਭਾ ਚੋਣਾਂ 'ਚ ਮਾਨ ਅਜਿਹੇ ਲੀਡਰ ਬਣ ਕੇ ਸਾਹਮਣੇ ਆਏ ਜਿਨ੍ਹਾਂ ਨੂੰ ਜਨਤਾ ਲਗਾਤਾਰ ਦੂਜੀ ਵਾਰ ਜਿਤਾ ਕੇ ਪਾਰਲੀਮੈਂਟ ਭੇਜਿਆ। 2020 ਵੀ ਮਾਨ ਲਈ ਚੁਣੌਤੀਆਂ ਭਰਪੂਰ ਰਹੇਗਾ ਕਿਉਂਕਿ ਉਨ੍ਹਾਂ ਨੂੰ ਪਾਰਟੀ 'ਚ ਚੱਲ ਰਹੀ ਅੰਦਰੂਨੀ ਕਲਾ ਨੂੰ ਸ਼ਾਂਤ ਕਰਨਾ ਹੀ ਹੋਵੇਗਾ।
ਢੀਂਡਸਾ ਦਾ ਦੁੱਖ
ਅਕਾਲੀ ਦਲ ਛੱਡ ਕੇ ਟਕਸਾਲੀ ਦਲ 'ਚ ਸ਼ਾਮਲ ਹੋਣ ਵਾਲੇ ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੇ ਬਗਾਵਤੀ ਸੁਰਾਂ ਪੂਰਾ ਸਾਲ ਸੁਣੀਆਂ ਗਈਆਂ। ਕਿਸੇ ਸਮੇਂ ਅਕਾਲੀ ਦਲ ਦੇ ਮੁੱਢਲੇ ਲੀਡਰਾਂ 'ਚ ਸ਼ਾਮਲ ਰਹੇ ਢੀਂਡਸਾ ਸੁਖਬੀਰ ਤੋਂ ਖਾਸੇ ਨਾਰਾਜ਼ ਹਨ। ਉਨ੍ਹਾਂ ਦਾ ਦੋਸ਼ ਹੈ ਕਿ ਸੁਖਬੀਰ ਨੇ ਪਾਰਟੀ ਨੂੰ ਪ੍ਰਾਈਵੇਟ ਕੰਪਨੀ ਬਣਾਇਆ ਹੈ, ਜਿਸ ਵਿਚ ਸਿਰਫ ਬਾਦਲ ਪਰਿਵਾਰ ਦਾ ਕਬਜ਼ਾ ਹੈ।
ਸਿਆਸਤ ਦੀ ਗਰਾਊਂਡ 'ਤੇ ਆਊਟ ਹੋਏ ਸਿੱਧੂ
ਪੁਲਵਾਮਾ ਹਮਲੇ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਨੇ ਸਦਨ ਵਿਚ ਪਾਕਿ ਖਿਲਾਫ ਸਖਤ ਕਾਰਵਾਈ ਦੀ ਮੰਗ ਰੱਖੀ ਪਰ ਸਦਨ ਤੋਂ ਬਾਹਰ ਕੈਬਨਿਟ ਮੰਤਰੀ ਨਵਜੋਤ ਸਿੱਧੂ ਨੇ ਵੱਖ ਰਾਹ ਫੜ ਲਿਆ ਅਤੇ ਕਿਹਾ ਕਿ ਕੁਝ ਲੋਕਾਂ ਦੀ ਕਰਤੂਤ ਲਈ ਕਿਸੇ ਦੇਸ਼ ਨੂੰ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਇਸ ਬਿਆਨ ਤੋਂ ਬਾਅਦ ਸਿੱਧੂ ਦੀ ਦੇਸ਼ ਭਰ 'ਚ ਨਿੰਦਾ ਹੋਈ। ਇਸ 'ਤੇ ਕੈਪਟਨ ਵਲੋਂ ਵੀ ਸਿੱਧੂ 'ਤੇ ਨਿਸ਼ਾਨਾ ਵਿੰਨਿਆ ਗਿਆ। ਕੈਪਟਨ-ਸਿੱਧੂ ਦਾ ਵਿਵਾਦ ਉਦੋਂ ਹੋਰ ਵੱਧ ਗਿਆ ਜਦੋਂ ਲੋਕ ਸਭਾ ਚੋਣਾਂ ਦੌਰਾਨ ਸਿੱਧੂ ਨੇ ਫ੍ਰੈਂਡਲੀ ਮੈਚ ਵਾਲਾ ਬਿਆਨ ਦਿੱਤਾ। ਇਸ 'ਤੇ ਬਠਿੰਡਾ ਸੀਟ ਹਾਰਨ ਦਾ ਸਿਹਰਾ ਵੀ ਸਿੱਧੂ ਸਿਰ ਬੰਨ੍ਹਿਆ ਗਿਆ। ਉਨ੍ਹਾਂ ਦੀ ਸਥਾਨਕ ਸਰਕਾਰਾ ਵਿਭਾਗ 'ਚੋਂ ਛੁੱਟੀ ਕਰਕੇ ਬਿਜਲੀ ਮੰਤਰੀ ਬਣਾ ਦਿੱਤਾ ਗਿਆ। ਵਿਭਾਗ ਬਦਲਣ ਤੋਂ ਖਫਾ ਸਿੱਧੂ ਨੇ ਮੰਤਰੀ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਜਿਸ ਨੂੰ ਕੈਪਟਨ ਨੇ ਸਵਿਕਾਰ ਕਰ ਲਿਆ। ਫਿਲਹਾਲ ਅਜੇ ਤਕ ਵੀ ਸਿੱਧੂ ਵਲੋਂ ਖੁੱਲ੍ਹ ਕੇ ਪੱਤੇ ਨਹੀਂ ਸ਼ੋਅ ਕੀਤੇ ਗਏ ਹਨ।
ਵੀਡੀਓ ਵਿਵਾਦ 'ਚ ਫਸੇ ਭਾਰਤ ਭੂਸ਼ਣ ਆਸ਼ੂ
ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਲਈ 2019 ਵੀ ਵਿਵਾਦਾਂ ਵਾਲਾ ਰਿਹਾ। ਲੁਧਿਆਣਾ ਦੇ ਗ੍ਰੇਡ ਮੈਨਰ ਹੋਮਸ ਮਾਮਲੇ ਵਿਚ ਫਸਦੇ ਨਜ਼ਰ ਆਏ। ਜ਼ਮੀਨ ਮਾਲਕਾਂ ਦੀ ਸਹਾਇਤਾ ਕਰਨ ਦੇ ਮੁੱਦੇ 'ਤੇ ਵਿਧਾਨ ਸਭਾ 'ਚ ਵਿਰੋਧੀ ਧਿਰ ਨੇ ਆਸ਼ੂ ਦੇ ਅਸਤੀਫੇ ਦੀ ਮੰਗ ਕੀਤੀ। ਇਹੀ ਨਹੀਂ, ਸਿੱਖਿਆ ਵਿਭਾਗ ਦੇ ਅਧਿਕਾਰੀਆਂ ਨਾਲ ਬਦਸਲੂਕੀ ਦਾ ਆਸ਼ੂ ਦਾ ਇਕ ਵੀਡੀਓ ਵੀ ਖਾਸਾ ਵਾਇਰਲ ਹੋਇਆ। ਗ੍ਰੇਡ ਮੈਨਰ ਹੋਮਸ ਮਾਮਲੇ ਦੀ ਜਾਂਚ ਕਰਨ ਵਾਲੇ ਡੀ. ਐੱਸ. ਪੀ. ਬਲਵਿੰਦਰ ਸਿੰਘ ਸੇਖੋਂ ਨਾਲ ਵੀ ਆਸ਼ੂ ਸਾਲ ਭਰ ਉਲਝੇ ਰਹੇ। ਡੀ. ਐੱਸ. ਪੀ. ਨਾਲ ਪੈਦਾ ਹੋਇਆ ਵਿਵਾਦ ਅਜੇ ਵੀ ਸੁਲਝਿਆ ਨਹੀਂ ਹੈ। ਜਦਕਿ ਡੀ. ਐੱਸ. ਪੀ. ਸੇਖੋਂ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ।
ਅਕਾਲੀ ਦਲ ਨਾਲ ਰੰਧਾਵਾ ਦਾ ਟਾਕਰਾ
ਜੇਲ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਸਾਲ ਭਰ ਮੁਸ਼ਕਲਾਂ ਨਾਲ ਦੋ-ਚਾਰ ਹੁੰਦੇ ਰਹੇ। ਲੁਧਿਆਣਾ ਜੇਲ 'ਚ ਕੈਦੀਆਂ ਦਾ ਬਵਾਲ ਅਤੇ ਨਾਭਾ ਜੇਲ ਵਿਚ ਬੇਅਦਬੀ ਮਾਮਲੇ ਦੇ ਮੁਲਜ਼ਮ ਡੇਰਾ ਪ੍ਰੇਮੀ ਮਹਿੰਦਰ ਪਾਲ ਬਿੱਟੂ ਦੇ ਕਤਲ ਕਾਰਨ ਰੰਧਾਵਾ ਦੀ ਕਾਰਗੁਜ਼ਾਰੀ 'ਤੇ ਸਵਾਲ ਉਠਦੇ ਰਹੇ। ਉਨ੍ਹਾਂ ਦੀਆਂ ਮੁਸ਼ਕਲਾਂ ਸਾਲ ਦੇ ਅੰਤ ਤਕ ਜਾਰੀ ਰਹੀਆਂ। ਗੁਰਦਾਸਪੁਰ 'ਚ ਅਕਾਲੀ ਲੀਡਰ ਦੇ ਦਲਬੀਰ ਢਿੱਲਵਾਂ ਦੇ ਕਤਲ ਦੇ ਮਾਮਲੇ ਵਿਚ ਅਕਾਲੀ ਦਲ ਨੇ ਰੰਧਾਵਾ ਨੂੰ ਚੌਪਾਸਿਓਂ ਘੇਰਿਆ। ਰੰਧਾਵਾ 'ਤੇ ਮੁਲਜ਼ਮਾਂ ਦਾ ਸਮਰਥਨ ਕਰਨ ਦਾ ਦੋਸ਼ ਵੀ ਲੱਗਾ। ਬਿਕਰਮ ਸਿੰਘ ਮਜੀਠੀਆ ਨੇ ਗੈਂਗਸਟਰ ਜੱਗੂ ਭਗਵਾਨਪੁਰੀਆ ਨਾਲ ਰੰਧਾਵਾ ਦੇ ਰਿਸ਼ਤਿਆਂ ਨੂੰ ਜੋੜਿਆ ਅਤੇ ਉਨ੍ਹਾਂ ਦੇ ਅਸਤੀਫੇ ਦੀ ਮੰਗ ਕੀਤੀ। ਸਾਲ ਦੇ ਆਖਰੀ ਦਿਨਾਂ ਵਿਚ ਰੰਧਾਵਾ ਨਾਲ ਇਕ ਹੋਰ ਵਿਵਾਦ ਜੁੜਿਆ। ਇਹ ਵਿਵਾਦ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਬਾਰੇ ਇਤਰਾਜ਼ਯੋਗ ਸ਼ਬਦ ਵਰਤਣ ਵਾਲੀ ਵੀਡੀਓ ਦੇ ਵਾਇਰਲ ਹੋਣ ਨਾਲ ਸਾਹਮਣੇ ਆਇਆ। ਹਾਲਾਂਕਿ ਰੰਧਾਵਾ ਨੇ ਇਸ ਨੂੰ ਵਿਰੋਧੀਆਂ ਦੀ ਕੋਝੀ ਚਾਲ ਕਰਾਰ ਦਿੱਤਾ ਅਤੇ ਕਿਸੇ ਵੀ ਜਾਂਚ ਲਈ ਤਿਆਰ ਹੋਣ ਦੀ ਗੱਲ ਆਖੀ।
ਜ਼ੀਰਾ ਦੀ ਬਗਾਵਤ
ਇਸ ਵਰ੍ਹੇ ਜ਼ੀਰਾ ਤੋਂ ਵਿਧਾਇਕ ਕੁਲਬੀਰ ਜ਼ੀਰਾ ਦੀ ਬਗਾਵਤ ਖਾਸ ਸੁਰਖੀਆਂ 'ਚ ਰਹੀ। ਨਸ਼ਿਆਂ ਨੂੰ ਲੈ ਕੇ ਜ਼ੀਰਾ ਨੇ ਆਪਣੀ ਹੀ ਸਰਕਾਰ ਖਿਲਾਫ ਭਰੀ ਸਟੇਜ ਤੋਂ ਮੋਰਚਾ ਖੋਲ੍ਹ ਦਿੱਤਾ ਸੀ। ਕਾਂਗਰਸ ਨੇ ਇਸ ਗੁਸਤਾਖੀ ਲਈ ਜ਼ੀਰਾ ਨੂੰ ਪਾਰਟੀ ਤੋਂ ਸਸਪੈਂਡ ਕਰ ਦਿੱਤਾ। ਹਾਂਲਾਕਿ ਬਾਅਦ 'ਚ ਜ਼ੀਰਾ ਨੇ ਇਹ ਕਹਿ ਕੇ ਝਗੜਾ ਮੁਕਾਇਆ ਕਿ ਉਸਦੇ ਬੋਲ ਕੁਝ ਪੁਲਸ ਅਧਿਕਾਰੀਆਂ ਲਈ ਸਨ ਨਾ ਕਿ ਕੈਪਟਨ ਦੀ ਸ਼ਾਨ ਖਿਲਾਫ ਪਰ ਇਸ ਮਸਲੇ ਨੇ ਕਾਫੀ ਸਮਾਂ ਕਾਂਗਰਸ 'ਚ ਖਾਨਾਜੰਗੀ ਦਾ ਮਾਹੌਲ ਬਣਾਈ ਰੱਖਿਆ। ਜ਼ੀਰਾ ਤੋਂ ਇਲਾਵਾ ਵਿਧਾਇਕ ਸੁਰਜੀਤ ਧੀਮਾਨ ਤੇ ਨਿਰਮਲ ਸਿੰਘ ਨੇ ਵੀ ਨਸ਼ਿਆਂ ਦੇ ਮੁੱਦੇ 'ਤੇ ਆਪਣੀ ਹੀ ਸਰਕਾਰ ਨੂੰ ਨਿਕੰਮੀ ਸਰਕਾਰ ਕਹਿ ਕੇ ਭੜਾਸ ਕੱਢੀ ਸੀ।
ਫਿਕੀ ਹੋਈ ਸ਼ਵੇਤ ਮਲਿਕ ਦੀ ਚਮਕ
ਭਾਜਪਾ ਦੇ ਸੂਬਾ ਪ੍ਰਧਾਨ ਸ਼ਵੇਤ ਮਲਿਕ ਲਈ 2019 ਕਾਫੀ ਚਿੰਤਾਜਨਕ ਰਿਹਾ। ਪੂਰੇ ਦੇਸ਼ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਲਹਿਰ ਹੋਣ ਦੇ ਬਾਵਜੂਦ ਭਾਜਪਾ ਦਾ ਪੰਜਾਬ ਵਿਚ ਪ੍ਰਦਰਸ਼ਨ ਚੰਗਾ ਨਹੀਂ ਰਿਹਾ। ਲੋਕ ਸਭਾ ਚੋਣਾਂ ਵਿਚ ਭਾਜਪਾ ਪੰਜਾਬ ਵਿਚ 100 ਫੀਸਦੀ ਨਹੀਂ ਦੇ ਸਕੀ। ਭਾਜਪਾ ਹਾਰੀ ਵੀ ਉਥੋਂ ਜਿੱਥੇ ਪੰਜਾਬ ਪ੍ਰਧਾਨ ਸ਼ਵੇਤ ਮਲਿਕ ਦਾ ਘਰ ਹੈ। ਅੰਮ੍ਰਿਤਸਰ ਵਿਚ ਭਾਜਪਾ ਦੇ ਹਰਦੀਪ ਪੁਰੀ ਵੀ ਪਾਰਟੀ ਦੀ ਕਿਸ਼ਤੀ ਪਾਰ ਨਾ ਲਾ ਸਕੇ। ਇਥੇ ਹੀ ਬਸ ਨਹੀਂ ਜ਼ਿਮਨੀ ਚੋਣਾਂ ਵਿਚ ਵੀ ਭਾਜਪਾ ਦਾ ਪ੍ਰਦਰਸ਼ਨ ਜ਼ੀਰੋ ਰਿਹਾ। ਆਪਣੇ ਕੋਟੇ ਦੀਆਂ ਦੋਵੇਂ ਸੀਟਾਂ ਹਾਰਨ ਤੋਂ ਬਾਅਦ ਸ਼ਵੇਤ ਮਲਿਕ ਦੀ ਕਾਰਗੁਜ਼ਾਰੀ 'ਤੇ ਸਵਾਲ ਉਠਣੇ ਸ਼ੁਰੂ ਹੋ ਗਏ। ਆਉਣ ਵਾਲਾ ਸਾਲ ਵੀ ਉਨ੍ਹਾਂ ਲਈ ਚੁਣੌਤੀਆਂ ਵਾਲਾ ਰਹਿ ਸਕਦਾ ਹੈ।
ਬੈਂਸ ਦੇ ਪੰਗੇ
ਲੁਧਿਆਣਾ ਦੇ ਆਤਮਨਗਰ ਤੋਂ ਲੋਕ ਇਨਸਾਫ ਪਾਰਟੀ ਦੇ ਵਿਧਾਇਕ ਸਿਮਰਜੀਤ ਬੈਂਸ ਲਈ ਇਹ ਸਾਲ ਖਾਸੀਆਂ ਮੁਸ਼ਕਲਾਂ ਵਾਲਾ ਰਿਹਾ। ਗੁਰਦਾਸਪੁਰ ਦੇ ਡੀ. ਸੀ. ਨਾਲ ਬਦਤਮੀਜ਼ੀ ਦੇ ਦੋਸ਼ ਵਿਚ ਉਨ੍ਹਾਂ ਖਿਲਾਫ ਕੇਸ ਦਰਜ ਹੋਇਆ। ਬਟਾਲਾ ਧਮਾਕਾ ਪੀੜਤਾ ਦੇ ਨਾਲ ਡਿਪਟੀ ਕਮਿਸ਼ਨਰ ਦੇ ਦਫਤਰ ਪਹੁੰਚੇ ਬੈਂਸ ਨੇ ਡੀ. ਸੀ. ਇਹ ਤਕ ਆਖ ਦਿੱਤਾ ਕਿ ਇਹ ਦਫਤਰ ਤੇਰੇ ਬਾਪ ਦਾ ਨਹੀਂ ਹੈ। ਕਰਮਚਾਰੀਆਂ ਦੇ ਧਰਨੇ ਤੋਂ ਬਾਅਦ ਬੈਂਸ ਖਿਲਾਫ ਕੇਸ ਵੀ ਦਰਜ ਹੋਇਆ। ਸੈਸ਼ਨ ਕੋਰਟ ਨੇ ਬੈਂਸ ਦੀ ਜ਼ਮਾਨਤ ਪਟੀਸ਼ਨ ਵੀ ਰੱਦ ਕਰ ਦਿੱਤੀ ਸੀ। ਬੈਂਸ ਨੂੰ ਆਉਣ ਵਾਲੇ ਸਾਲ 'ਚ ਵੀ ਕਾਨੂੰਨੀ ਝਮੇਲਿਆਂ 'ਚ ਫਸਣਾ ਪੈ ਸਕਦਾ ਹੈ।
ਕੈਪਟਨ ਨੂੰ ਰਾਜਾ ਵੜਿੰਗ ਦੀ ਸਲਾਹ
ਗਿੱਦੜਬਾਹਾ ਤੋਂ ਵਿਧਾਇਕ ਰਾਜਾ ਵੜਿੰਗ ਵੈਸੇ ਤਾਂ ਸਿੱਧੇ ਰੂਪ 'ਚ ਸਰਕਾਰ ਖਿਲਾਫ ਕੁਝ ਨਹੀਂ ਬੋਲੇ ਪਰ ਸ਼ਬਦਾਂ ਦਾ ਹੇਰ-ਫੇਰ ਕਰਕੇ ਉਨ੍ਹਾਂ ਜਿਥੇ ਮੁੱਖ ਮੰਤਰੀ ਨੂੰ ਆਉਣ ਵਾਲੇ 2 ਸਾਲਾਂ 'ਚ ਪਿਛਲੀਆਂ ਕਮੀਆਂ ਦੂਰ ਕਰਨ ਦੀ ਸਲਾਹ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਮੰਤਰੀ ਮੰਡਲ 'ਤੇ ਨਾਖੁਸ਼ੀ ਜਤਾਈ ਤੇ ਇਸ ਵਿਚ ਫੇਰ-ਬਦਲ ਕਰਨ ਦੀ ਸਲਾਹ ਦਿੰਦੇ ਹੋਏ ਕੰਮ ਨਾ ਕਰਨ ਵਾਲਿਆਂ ਨੂੰ ਕੈਬਨਿਟ 'ਚੋਂ ਤੁਰਦਾ ਕਰਨ ਦੀ ਗੱਲ ਵੀ ਕਹਿ ਦਿੱਤੀ। ਰਾਜਾ ਵੜਿੰਗ ਦੀ ਇਸ ਮੰਗ ਤੋਂ ਬਾਅਦ ਕਈ ਹੋਰ ਲੀਡਰਾਂ ਨੇ ਇਹ ਗੱਲ ਖੁੱਲ੍ਹ ਕੇ ਆਖੀ।
ਪ੍ਰਤਾਪ ਬਾਜਵਾ ਦੀ ਬਗਾਵਤ
ਕਾਂਗਰਸ ਦੇ ਬਾਗੀ ਲੀਡਰਾਂ 'ਚ ਰਾਜ ਸਭਾ ਮੈਂਬਰ ਪ੍ਰਤਾਪ ਬਾਜਵਾ ਮੋਹਰੀ ਹਨ। ਸਭ ਜਾਣਦੇ ਹਨ ਕਿ ਕੈਪਟਨ ਤੇ ਪ੍ਰਤਾਪ ਬਾਜਵਾ 'ਚ ਅਕਸਰ ਖੜਕੀ ਰਹਿੰਦੀ ਹੈ। ਪ੍ਰਤਾਪ ਬਾਜਵਾ ਨੇ ਬੇਅਦਬੀ ਮਾਮਲੇ ਤੇ ਪਠਾਨਕੋਟ 'ਚ ਹੁੰਦੀ ਨਾਜਾਇਜ਼ ਮਾਈਨਿੰਗ ਨੂੰ ਲੈ ਕੇ ਕੈਪਟਨ ਸਰਕਾਰ 'ਤੇ ਵੱਡੇ ਸਵਾਲ ਖੜ੍ਹੇ ਕੀਤੇ ਸਨ। ਇੰਨਾ ਹੀ ਨਹੀਂ, ਮੁੱਖ ਮੰਤਰੀ ਦੀ ਕੁਰਸੀ ਨੂੰ ਲੈ ਕੇ ਵੀ ਬਾਜਵਾ ਨੇ ਕੈਪਟਨ 'ਤੇ ਤਿੱਖੇ ਨਿਸ਼ਾਨੇ ਵਿੰਨ੍ਹੇ ਸਨ। ਬਾਜਪਾ ਦੇ ਬਿਆਨ ਨੇ ਉਦੋਂ ਹੋਰ ਵੀ ਖਲਬਲੀ ਮਚਾ ਦਿੱਤੀ ਜਦੋਂ ਉਨ੍ਹਾਂ ਪੰਜਾਬ ਵਿਚ ਤਿੰਨ ਡਿਪਟੀ ਮੁੱਖ ਮੰਤਰੀ ਬਨਾਉਣ ਦਾ ਬਿਆਨ ਦੇ ਦਿੱਤਾ। ਬਾਜਵਾ ਦਾ ਆਖਣਾ ਸੀ ਕਿ ਨਵਜੋਤ ਸਿੱਧੂ ਦੇ ਨਾਲ ਨਾਲ ਦੋ ਹੋਰ ਡਿਪਟੀ ਸੀ. ਐੱਮ. ਬਣਾਏ ਜਾਣ।
'ਆਪ' 'ਚ ਸ਼ੁਰੂ ਹੋਏ ਅਸਤੀਫੇ ਦੀ ਖੇਡ
ਸਾਲ ਦੇ ਸ਼ੁਰੂ 'ਚ ਹੋਈ ਅਸਤੀਫੇ ਦੀ ਖੇਡ ਸਾਰਾ ਸਾਲ ਚੱਲਦੀ ਰਹੀ। ਆਮ ਆਦਮੀ ਪਾਰਟੀ ਨੇ ਸੁਖਪਾਲ ਖਹਿਰਾ ਨੂੰ ਪਾਰਟੀ 'ਚੋਂ ਬਰਾਖਸਤ ਕਰ ਦਿੱਤਾ। ਇਸ ਤੋਂ ਬਾਅਦ ਖਹਿਰਾ ਨੇ ਆਪਣੀ ਪਾਰਟੀ ਦਾ ਗਠਨ ਕਰ ਲਿਆ ਅਤੇ ਵਿਧਾਨ ਸਭਾ ਦੀ ਮੈਂਬਰਸ਼ਿਪ ਤੋਂ ਅਸਤੀਫਾ ਦੇ ਦਿੱਤਾ। ਲੋਕ ਸਭਾ ਚੋਣਾਂ ਦੌਰਾਨ ਨਾਜ਼ਰ ਸਿੰਘ ਮਾਨਸ਼ਾਈਆਂ, ਅਮਰਜੀਤ ਸਿੰਘ ਸੰਦੋਆ ਨੇ ਕਾਂਗਰਸ ਪਾਰਟੀ ਜੁਆਇਨ ਕਰ ਲਈ। ਮਾਸਟਰ ਬਲਦੇਵ ਸਿੰਘ ਨੇ ਖਹਿਰਾ ਦੀ ਪਾਰਟੀ ਦੀ ਟਿਕਟ 'ਤੇ ਲੋਕ ਸਭਾ ਚੋਣ ਲੜੀ। ਸਾਰੇ ਵਿਧਾਇਕਾਂ ਨੇ ਅਸਤੀਫਾ ਵੀ ਦਿੱਤਾ ਪਰ ਹੌਲੀ-ਹੌਲੀ ਸਾਰਿਆਂ ਨੇ ਅਸਤੀਫਾ ਵਾਪਸ ਵੀ ਲੈ ਲਿਆ। ਸ਼੍ਰੋਮਣੀ ਅਕਾਲੀ ਦਲ ਨੇ ਦੋਸ਼ ਲਗਾਇਆ ਕਿ 'ਆਪ' ਵਿਧਾਇਕਾਂ ਦੇ ਅਸਤੀਫੇ ਇਸ ਲਈ ਸਵੀਕਾਰ ਨਹੀਂ ਕੀਤੇ ਜਾ ਰਹੇ ਹਨ, ਕਿਉਂਕਿ ਇਸ ਨਾਲ ਵਿਰੋਧੀ ਧਿਰ ਦਾ ਅਹੁਦਾ ਸ਼੍ਰੋਮਣੀ ਅਕਾਲੀ ਦਲ ਨੂੰ ਮਿਲ ਜਾਂਦਾ ਹੈ।
ਤੀਜੀ ਵਾਰ ਤਾਜਪੋਸ਼ੀ
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਹਿਬਲ ਕਲਾਂ ਗੋਲੀਕਾਂਡ ਦੀਆਂ ਘਟਨਾਵਾਂ ਦਾ ਮੁੱਦਾ ਇਸ ਸਾਲ ਵੀ ਗਰਮਾਇਆ ਰਿਹਾ। ਐੱਸ. ਜੀ. ਪੀ. ਸੀ. ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਵਿਰੋਧੀ ਧਿਰ ਅਤੇ ਟਕਸਾਲੀ ਨੇਤਾਵਾਂ ਦੇ ਨਿਸ਼ਾਨੇ 'ਤੇ ਰਹੇ। ਇਸ ਦੇ ਬਾਵਜੂਦ ਉਨ੍ਹਾਂ ਨੂੰ ਤੀਜੀ ਵਾਰ ਐੱਸ.ਜੀ.ਪੀ.ਸੀ. ਦਾ ਪ੍ਰਧਾਨ ਬਣਾਇਆ ਗਿਆ। ਇਸ ਵਾਰ ਵੀ ਹਮੇਸ਼ਾ ਵਾਂਗ ਬਾਦਲ ਪਰਿਵਾਰ ਨੇ ਹੀ ਪ੍ਰਧਾਨ ਦਾ ਫੈਸਲਾ ਕੀਤਾ। ਕਈ ਵਾਰ ਅਜਿਹੇ ਮੌਕੇ ਵੀ ਆਏ ਜਦੋਂ ਐੱਸ. ਜੀ. ਪੀ. ਸੀ. ਦੇ ਅਧਿਕਾਰੀਆਂ ਨੇ ਐੱਸ. ਜੀ. ਪੀ. ਸੀ ਦੀ ਕਾਰਜਸ਼ੈਲੀ 'ਤੇ ਸਵਾਲ ਚੁੱਕੇ। ਮੰਨਿਆ ਜਾ ਰਿਹਾ ਸੀ ਕਿ ਲੌਂਗੋਵਾਲ ਨੂੰ ਇਸ ਵਾਰ ਹਟਾਇਆ ਜਾ ਸਕਦਾ ਸੀ ਪਰ ਬਾਦਲ ਪਰਿਵਾਰ ਨੇ ਉਨ੍ਹਾਂ 'ਤੇ ਫਿਰ ਤੋਂ ਭਰੋਸਾ ਜਤਾਇਆ। ਆਉਣ ਵਾਲੇ ਸਾਲ 'ਚ ਉਨ੍ਹਾਂ ਦੀਆਂ ਚੁਣੌਤੀਆਂ ਬਰਕਰਾਰ ਰਹਿਣਗੀਆਂ।
ਕੁਮਾਰ 'ਤੇ ਲਟਕੀ ਤਲਵਾਰ
ਮੁੱਖ ਮੰਤਰੀ ਦੇ ਚੀਫ ਪ੍ਰਿੰਸੀਪਲ ਸੈਕਰੇਟਰੀ ਸੁਰੇਸ਼ ਕੁਮਾਰ 'ਤੇ ਪੂਰਾ ਸਾਲ ਤਲਵਾਰ ਲਟਕੀ ਰਹੀ। ਹਾਈਕੋਰਟ 'ਚ ਉਨ੍ਹਾਂ ਦੀ ਨਿਯੁਕਤੀ ਨੂੰ ਰੱਦ ਕਰਨ ਲਈ ਪਟੀਸ਼ਨ 'ਤੇ ਸੁਣਵਾਈ ਚਲਦੀ ਰਹੀ, ਉਥੇ ਹੀ ਦੂਜੇ ਪਾਸੇ ਉਹ ਵਿਧਾਇਕਾਂ ਦੇ ਨਿਸ਼ਾਨੇ 'ਤੇ ਰਹੇ। ਇਕ ਮੌਕਾ ਅਜਿਹਾ ਵੀ ਆਇਆ ਸਾਬਕਾ ਕੈਬਨਿਟ ਮੰਤਰੀ ਰਾਣਾ ਗੁਰਜੀਤ ਸਿੰਘ ਉਨ੍ਹਾਂ ਨੂੰ ਭਰੀ ਬੈਠਕ 'ਚ ਧਮਕੀ ਦੇ ਦਿੱਤੀ ਕਿ ਜਦੋਂ ਉਨ੍ਹਾਂ ਦਾਸਮਾਂ ਆਵੇਗਾ ਤਾਂ ਉਹ ਦੇਖ ਲੈਣਗੇ। ਸਾਲ ਦੇ ਅਖੀਰ 'ਚ ਆ ਕੇ ਸਥਿਤੀ 'ਚ ਹੋਰ ਬਦਲਾਅ ਆਇਆ। ਸੁਰੇਸ਼ ਕੁਮਾਰ ਨੇ ਆਪਣੇ ਘਰ ਨੂੰ ਹੀ ਆਪਣਾ ਦਫਤਰ ਬਣਾ ਲਿਆ, ਜੋ ਚਰਚਾ ਦਾ ਵਿਸ਼ਾ ਬਣਿਆ ਰਿਹਾ। ਪੂਰਾ ਸਾਲ ਕੈਪਟਨ ਸੁਰੇਸ਼ ਕੁਮਾਰ ਨੂੰ ਮਨਾਉਂਦੇ ਰਹੇ। ਇਕ ਵਾਰ ਤਾਂ ਕੈਪਟਨ ਉਨ੍ਹਾਂ ਦੇ ਘਰ ਤੱਕ ਪਹੁੰਚ ਗਏ। ਸੁਰੇਸ਼ ਕੁਮਾਰ 'ਤੇ ਅਫਸਰਸ਼ਾਹੀ ਨੂੰ ਵਾਧਾ ਦੇਣ ਦਾ ਦੋਸ਼ ਲੱਗਾ।
ਖਸਤਾਹਾਲ ਖਜ਼ਾਨਾ
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਸਰਕਾਰ ਦੀ ਖਰਾਬ ਆਰਥਿਕ ਸਥਿਤੀ ਦੇ ਕਾਰਨ ਸਾਲ ਭਰ ਚਰਚਾ 'ਚ ਰਹੇ। ਪਹਿਲਾਂ ਤਾਂ ਤਨਖਾਹ ਨਾ ਮਿਲਣ ਤੋਂ ਨਾਰਾਜ਼ ਕਰਮਚਾਰੀ ਹੀ ਉਨ੍ਹਾਂ ਦੇ ਖਿਲਾਫ ਸੀ ਪਰ ਸਾਲ ਖਤਮ ਹੁੰਦੇ-ਹੁੰਦੇ ਹੀ ਆਪਣੇ ਵੀ ਖਿਲਾਫ ਹੋ ਗਏ। ਸਾਂਸਦ ਰਵਨੀਤ ਬਿੱਟੂ ਨੇ ਸਰਕਾਰ ਦੀ ਵਿਗੜ ਰਹੀ ਅਕਸ ਦੇ ਲਈ ਸਿੱਧੇ ਤੌਰ 'ਤੇ ਉਨ੍ਹਾਂ ਨੂੰ ਜ਼ਿੰਮੇਵਾਰ ਠਹਿਰਾਇਆ। ਅਕਾਲੀ-ਭਾਜਪਾ ਨੇ ਤਾਂ ਉਨ੍ਹਾਂ ਨੂੰ 'ਖਾਲੀ ਖਜ਼ਾਨਾ' ਮੰਤਰੀ ਤੱਕ ਕਹਿ ਦਿੱਤਾ। ਮਨਪ੍ਰੀਤ ਬਾਦਲ ਇਹ ਬੋਲ ਕਰ ਖਰਾਬ ਅਰਥ-ਵਿਵਸਥਾ ਦੇ ਲਈ ਕੇਂਦਰ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਰਹੇ ਕਿ ਜੀ.ਐੱਸ.ਟੀ. ਦਾ ਪੈਸਾ ਸਮੇਂ 'ਤੇ ਨਹੀਂ ਮਿਲ ਰਿਹਾ। ਕੇਂਦਰ 'ਚ 2200 ਕਰੋੜ ਜਾਰੀ ਵੀ ਕੀਤੇ, ਪਰ ਅਜੇ ਤੱਕ ਸੰਕਟ ਬਰਕਰਾਰ ਹੈ। ਇਸ ਸਮੇਂ 'ਚ ਮਨਪ੍ਰੀਤ ਬਾਦਲ ਦੀਆਂ ਚੁਣੌਤੀਆਂ ਵੀ ਖਤਮ ਨਹੀਂ ਹੋਈਆਂ ਹਨ।
ਜੂਨੀਅਰ ਤੋਂ ਬਣੇ ਸੁਪਰ ਸੀਨੀਅਰ
ਸਾਲ 2019 'ਚ ਪੰਜਾਬ ਪੁਲਸ ਦੀ ਕਪਤਾਨੀ ਲਈ ਵੀ ਖਾਸੀ ਖਿਚੋਤਾਣ ਹੋਈ। ਜੂਨੀਅਰ ਹੋਣ ਦੇ ਬਾਵਜੂਦ ਦਿਨਕਰ ਗੁਪਤਾ ਡੀ.ਜੀ.ਪੀ. ਦੇ ਕੁਰਸੀ 'ਤੇ ਬੈਠਣ 'ਤੇ ਕਾਮਯਾਬ ਰਹੇ ਜਦਕਿ ਉਨ੍ਹਾਂ ਦੇ ਸੀਨੀਅਰ ਮੁਹੰਮਦ ਮੁਸਤਫਾ ਨੇ ਇਸ ਨਿਯੁਕਤੀ ਨੂੰ ਚੁਣੌਤੀ ਵੀ ਦਿੱਤੀ ਪਰ ਦਿਨਕਰ ਹੀ ਪੰਜਾਬ ਪੁਲਸ ਦੇ ਕਪਤਾਨ ਰਹੇ। ਕਈ ਹੋਰ ਮਾਮਲਿਆਂ 'ਚ ਪੰਜਾਬ ਪੁਲਸ ਦੇ ਅਫਸਰ ਆਹਮੋ-ਸਾਹਮਣੇ ਆਉਂਦੇ ਰਹੇ। ਡੀ. ਜੀ. ਪੀ. ਦੀ ਪੋਸਟ ਨੂੰ ਸੈਂਟਰਲ ਐਡਮਿਨਿਸਟ੍ਰੇਟਿਵ ਟ੍ਰਿਬਿਊਨਲ 'ਚ ਵੀ ਚੁਣੌਤੀ ਦਿੱਤੀ ਗਈ। 1986 ਬੈਚ ਦੇ ਆਈ. ਪੀ. ਐੱਸ. ਅਧਿਕਾਰੀ ਸਿਧਾਰਥ ਚੋਟਾਉਪਾਧਿਆ ਨੈ ਕੈਟ 'ਚ ਪਟੀਸ਼ਨ ਦਾਇਰ ਕਰਕੇ ਡੀ. ਜੀ. ਪੀ. ਦੀ ਪੋਸਟ 'ਤੇ ਦਿਨਕਰ ਗੁਪਤਾ ਦੀ ਨਿਯੁਕਤੀ ਰੋਕਣ ਦੀ ਮੰਗ ਕੀਤੀ। ਚੋਟਾਉਪਾਧਿਆ ਨੇ ਕਿਹਾ ਕਿ ਉਹ ਦਿਨਕਰ ਗੁਪਤਾ ਨਾਲੋਂ ਮੈਰਿਟ ਦੇ ਆਧਾਰ 'ਤੇ ਅੱਗੇ ਹਨ।
ਸਿਆਸਤ ਦੇ ਚੱਕਰ 'ਚ ਕੁੰਵਰ
ਆਈ. ਪੀ. ਐੱਸ. ਅਫਵਰ ਕੁੰਵਰ ਵਿਜੇ 2019 ਵਿਚ ਕਾਫੀ ਚਰਚਾ 'ਚ ਰਹੇ। ਪ੍ਰਤਾਪ ਸਿੰਘ ਸਿਆਸਤ ਦੇ ਅੰਦਰ ਫਸ ਗਏ। ਲੋਕ ਸਭਾ ਚੋਣਾਂ ਦੌਰਾਨ ਬੇਅਦਬੀ ਕਾਂਡ 'ਤੇ ਬਿਆਨ ਦੇਣ 'ਤੇ ਅਕਾਲੀ ਦਲ ਨੇ ਉਨ੍ਹਾਂ ਦੀ ਸ਼ਿਕਾਇਤ ਚੋਣ ਕਮਿਸ਼ਨ ਨੂੰ ਕਰ ਦਿੱਤੀ। ਇਸ ਕਾਰਨ ਉਨ੍ਹਾਂ ਨੂੰ ਬੇਅਦਬੀ ਕਾਂਡ ਦੀ ਜਾਂਚ ਕਰ ਰਹੀ ਐੱਸ.ਆਈ.ਟੀ. ਤੋਂ ਬਾਹਰ ਕਰ ਦਿੱਤਾ ਗਿਆ। ਚੋਣਾਂ ਖਤਮ ਹੋਣ ਦੇ ਬਾਅਦ ਕੁੰਵਰ ਫਿਰ ਤੋਂ ਰਾਜਨੀਤੀ ਦਾ ਕੇਂਦਰ ਬਣੇ। ਕੋਟਕਪੁਰਾ ਅਤੇ ਬਹਿਬਲਕਲਾਂ ਗੋਲੀ ਕਾਂਡ 'ਚ ਐੱਸ.ਆਈ. ਟੀ. ਨੇ ਕੋਰਟ 'ਚ ਚਾਰਜਸ਼ੀਟ ਦਰਜ ਕੀਤੀ। ਇਸ ਚਾਰਜਸ਼ੀਟ 'ਤੇ ਕੁੰਵਰ ਦੇ ਵੀ ਦਸਤਖਤ ਸਨ। ਇਹ ਦਸਤਖਤ ਵੀ 23 ਮਈ ਨੂੰ ਹੋਏ ਸਨ, ਜਦਕਿ ਕੌਡ ਆਫ ਕੰਡਕਟ 26 ਮਈ ਨੂੰ ਖਤਮ ਹੋਇਆ ਸੀ। ਇਹ ਮਾਮਲਾ ਇੰਨਾ ਤੂਲ ਫੜ੍ਹਦਾ ਗਿਆ ਕਿ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਚੋਣ ਕਮਿਸ਼ਨ ਤੋਂ ਮੁਆਫੀ ਤੱਕ ਮੰਗਣੀ ਪਈ।