Year Ender 2022: 7 ਸਮੁੰਦਰੋਂ ਪਾਰ ਜਾ ਕੇ ਤੋੜੇ 7 ਜਨਮਾਂ ਦੇ ਕਸਮਾਂ-ਵਾਅਦੇ, ਕਿਤੇ ਪਤੀ ਤਾਂ ਕਿਤੇ ਪਤਨੀ ਨੇ ਬਦਲੇ ਰੰਗ

Thursday, Dec 29, 2022 - 04:38 AM (IST)

Year Ender 2022: 7 ਸਮੁੰਦਰੋਂ ਪਾਰ ਜਾ ਕੇ ਤੋੜੇ 7 ਜਨਮਾਂ ਦੇ ਕਸਮਾਂ-ਵਾਅਦੇ, ਕਿਤੇ ਪਤੀ ਤਾਂ ਕਿਤੇ ਪਤਨੀ ਨੇ ਬਦਲੇ ਰੰਗ

ਜਲੰਧਰ (ਵੈੱਬ ਡੈਸਕ): ਕੁੱਝ ਹੀ ਦਿਨਾਂ ਵਿਚ ਸਾਲ ਬਦਲ ਜਾਵੇਗਾ ਤੇ ਅਸੀਂ 2023 ਦਾ ਸੁਆਗਤ ਕਰਾਂਗੇ। ਸਾਲ 2022 ਬਹੁਤ ਸਾਰੇ ਲੋਕਾਂ ਲਈ ਖੁਸ਼ੀਆਂ ਭਰਿਆ ਰਿਹਾ। ਇਸ ਸਾਲ ਬਹੁਤ ਸਾਰੇ ਨਵੇਂ ਜੋੜੇ ਵਿਆਹ ਦੇ ਬੰਧਨ ਵਿਚ ਬੱਝੇ। ਪਰ ਪੰਜਾਬ ਦੇ ਵੱਖੋ-ਵੱਖਰੇ ਹਿੱਸਿਆਂ ਤੋਂ ਬਹੁਤ ਸਾਰੇ ਅਜਿਹੇ ਮਾਮਲੇ ਵੀ ਸਾਹਮਣੇ ਆਏ ਜਿੱਥੇ 7 ਜਨਮ ਸਾਥ ਨਿਭਾਉਣ ਦੀਆਂ ਕਸਮਾਂ ਖਾਣ ਵਾਲੇ ਜੀਵਨਸਾਥੀ 7 ਸਮੁੰਦਰੋਂ ਪਾਰ ਜਾ ਕੇ ਹੀ ਇਨ੍ਹਾਂ ਕਸਮਾਂ ਨੂੰ ਭੁੱਲ ਗਏ। ਕਿਸੇ ਨੇ ਫ਼ੋਨ ਚੁੱਕਣਾ ਬੰਦ ਕਰ ਦਿੱਤਾ ਤਾਂ ਕਿਸੇ ਨੇ ਆਪਣੇ ਸਾਥੀ ਨੂੰ ਵਿਦੇਸ਼ ਬੁਲਾਉਣ ਤੋਂ ਕੋਰੀ ਨਾਂਹ ਹੀ ਕਰ ਦਿੱਤੀ। ਜ਼ਿਆਦਾਤਰ ਮਾਮਲਿਆਂ ਵਿਚ ਤਾਂ ਭਾਰਤ ਰਹਿ ਗਏ ਜੀਵਨਸਾਥੀ ਵੱਲੋਂ ਹੀ ਸਾਰਾ ਖਰਚਾ ਕਰ ਕੇ ਆਪਣੇ ਸਾਥੀ ਨੂੰ ਵਿਦੇਸ਼ ਭੇਜਿਆ ਗਿਆ ਸੀ। ਆਓ ਇਕ ਝਾਤ ਮਾਰਦੇ ਹਾਂ ਇਸ ਸਾਲ ਚਰਚਾ ਵਿਚ ਰਹੇ ਕੁੱਝ ਮਾਮਲਿਆਂ 'ਤੇ...

NRI ਪਤਨੀ ਨੇ ਪਤੀ ਨੂੰ ਦਿਵਾਈ ਕੈਨੇਡਾ ਦੀ PR, ਜਦੋਂ ਸੱਚ ਸਾਹਮਣੇ ਆਇਆ ਤਾਂ ਪੈਰਾਂ ਹੇਠੋਂ ਖਿਸਕੀ ਜ਼ਮੀਨ

ਵਿਦੇਸ਼ ’ਚ ਰਹਿੰਦੀ ਐੱਨ. ਆਰ. ਆਈ. ਪਤਨੀ ਜਸਬੀਰ ਕੌਰ ਨੇ ਜਦੋਂ ਆਪਣਾ ਧਰਮ ਨਿਭਾਉਂਦੇ ਹੋਏ ਪਤੀ ਸੀ. ਏ. ਬਲਬੀਰ ਸਿੰਘ ਵਾਸੀ ਅੰਮ੍ਰਿਤਸਰ ਨੂੰ ਭਾਰਤ ਤੋਂ ਕੈਨੇਡਾ ਆਪਣੇ ਨਾਲ ਪੀ. ਆਰ. ਦਿਵਾਉਣ ਲਈ ਸਪਾਊਸ ਵੀਜ਼ਾ ਲਗਵਾ ਕੇ ਆਪਣੇ ਕੋਲ ਬੁਲਾਇਆ ਤਾਂ ਉੱਥੇ ਪਹੁੰਚਦੇ ਹੀ ਪਤੀ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਦੀਆਂ ਅੱਖਾਂ ਬਦਲ ਗਈਆਂ। ਨਤੀਜਨ ਪਤਨੀ ਨੂੰ 6 ਸਾਲ ਪਹਿਲਾਂ ਹੋਏ ਵਿਆਹ ’ਚ ਘੱਟ ਦਾਜ ਲਿਆਉਣ ਲਈ ਐਨਾ ਦੁਖੀ ਕੀਤਾ ਗਿਆ ਕਿ ਉਹ ਤਿਲਮਿਲਾ ਉਠੀ। ਆਖਿਰਕਾਰ ਵਿਆਹੁਤਾ ਨੂੰ ਅੰਮ੍ਰਿਤਸਰ ਤੋਂ ਆਪਣੇ ਮਾਤਾ-ਪਿਤਾ ਦੀ ਮਦਦ ਲੈ ਕੇ ਕੈਨੇਡਾ ਛੱਡ ਕੇ ਆਪਣੇ ਸ਼ਹਿਰ ਵਾਪਸ ਆਉਣ ਨੂੰ ਮਜਬੂਰ ਹੋਣਾ ਪਇਆ। ਘਟਨਾਕ੍ਰਮ ’ਚ ਉਦੋਂ ਨਵਾਂ ਮੋੜ ਆ ਲਿਆ ਜਦੋਂ ਪਤਨੀ ਨੇ ਇੱਥੇ ਆ ਕੇ ਦੱਸਿਆ ਕਿ ਜਿਸ ਸਪਾਊਸ ਵੀਜ਼ੇ ਕਾਰਨ ਉਸ ਨੇ ਆਪਣੇ ਪਤੀ ਨੂੰ ਕੈਨੇਡਾ ਦੀ ਨਾਗਰਿਕਤਾ ਦਿਵਾਈ ਸੀ ਉਹ ਦਸਤਾਵੇਜ਼ਾਂ ਦੀ ਜਾਂਚ ਕਰਨ ’ਤੇ ਪਤਾ ਲੱਗਾ ਕਿ ਪਤੀ ਵਲੋਂ ਉਸ ਦੀ ਵਿਦਿਅਕ ਯੋਗਤਾ ਦੀ ਡਿਗਰੀ ਜਾਲੀ ਦਿਵਾਈ ਹੈ ਜੋ ਵਿਆਹੁਤਾ ਦੇ ਪਰਿਵਾਰਕ ਮੈਂਬਰਾਂ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਸ ਦਿਨ ਤਾਂ ਹੱਦ ਹੋ ਗਈ ਜਦੋਂ ਪਤੀ ਦੀ ਜਾਅਲੀ ਡਿਗਰੀ ਬਾਰੇ ਦੱਸੇ ਜਾਣ ’ਤੇ ਗੁੱਸੇ ’ਚ ਪਤੀ ਨੇ ਪਤਨੀ ਨੂੰ ਇਨਾਂ ਕੁੱਟਿਆ ਕਿ ਉਸਦਾ ਬੁਰਾ ਹਾਲ ਹੋ ਗਿਆ ਅਤੇ ਉਸਨੂੰ ਉਸੇ ਹਾਲਾਤ ’ਚ ਕੈਨੇਡਾ ’ਚ ਘਰੋਂ ਕੱਢ ਦਿੱਤਾ ਗਿਆ। ਅੰਮ੍ਰਿਤਸਰ ਕਮਿਸ਼ਨਰੇਟ ਪੁਲਸ ਨੇ ਪਤੀ ਅਤੇ ਉਸਦੇ ਪਰਿਵਾਰਕ ਮੈਂਬਰਾਂ ਖ਼ਿਲਾਫ ਦਾਜ ਲਈ ਤੰਗ ਕਰਨ ਦੇ ਨਾਲ-ਨਾਲ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਹੈ। ਹਾਲਾਂਕਿ ਇਸ ਤੋਂ ਬਾਅਦ ਉਕਤ ਵਿਆਹੁਤਾ ਆਪਣੀ ਮਾਂ ਨਾਲ ਵਾਪਸ ਕੈਨੇਡਾ ਚਲੀ ਗਈ।

ਸਹੁਰੇ ਪਰਿਵਾਰ ਦੇ 55 ਲੱਖ ਲਵਾ ਕੇ ਕੈਨੇਡਾ ਪੁੱਜਣ ਮਗਰੋਂ ਬਦਲੇ ਰੰਗ

ਕੈਨੇਡਾ ’ਚ ਬੈਠੀ ਪੰਜਾਬ ਦੀ ਇਕ ਹੋਰ ਲਵਪ੍ਰੀਤ ਸਾਹਮਣੇ ਆਈ ਹੈ, ਜੋ ਆਪਣੇ ਸਹੁਰੇ ਪਰਿਵਾਰ ਦੇ 55 ਲੱਖ ਰੁਪਏ ਲਵਾ ਕੇ ਕੈਨੇਡਾ ਪਹੁੰਚੀ ਅਤੇ ਉਥੇ ਜਾ ਕੇ ਉਸ ਨੇ ਆਪਣੇ ਪਤੀ ਸਮੇਤ ਸਹੁਰੇ ਪਰਿਵਾਰ ਦੇ ਨੰਬਰਾਂ ਨੂੰ ਬਲਾਕ ਕਰ ਦਿੱਤਾ। ਪੁਲਸ ਨੇ ਪੀੜਤ ਜਿੰਮੀ ਵਰਮਾ ਪੁੱਤਰ ਸੰਜੀਵ ਵਰਮਾ ਵਾਸੀ ਗਲੀ ਨੰਬਰ-2 ਨੇੜੇ ਕਰਤਾਰ ਸਿੰਘ ਟਿਊਬਵੈੱਲ ਸਮਰਾਲਾ ਰੋਡ ਖੰਨਾ ਦੀ ਸ਼ਿਕਾਇਤ ’ਤੇ ਕਾਰਵਾਈ ਕਰਦੇ ਹੋਏ ਮੁਲਜ਼ਮਾਂ ਲਵਪ੍ਰੀਤ ਕੌਰ ਪੁੱਤਰੀ ਸਵ. ਰਾਜ ਕੁਮਾਰ ਅਤੇ ਰੇਨੂ ਬਾਲਾ ਪਤਨੀ ਸਵ. ਰਾਜ ਕੁਮਾਰ ਵਾਸੀ ਵਾਰਡ ਨੰਬਰ-3 ਨੇੜੇ ਜਿੰਦਲ ਨਰਸਿੰਗ ਹੋਮ ਤਲਵੰਡੀ ਸਾਬੋ ਜ਼ਿਲ੍ਹਾ ਬਠਿੰਡਾ ਖ਼ਿਲਾਫ਼ ਮਾਮਲਾ ਦਰਜ ਕੀਤਾ ਹੈ।  ਲਵਪ੍ਰੀਤ ਆਈਲੈਟਸ ਕਰ ਕੇ ਬਾਹਰ ਚਲੀ ਗਈ। ਮਈ 2022 ’ਚ ਪਤੀ ਆਪਣੀ ਪਤਨੀ ਕੋਲ ਕੈਨੇਡਾ ਰਹਿਣ ਲਈ ਗਿਆ ਸੀ ਤਾਂ ਉਸ ਦਾ ਰਵੱਈਆ ਉਸ ਪ੍ਰਤੀ ਠੀਕ ਨਹੀਂ ਸੀ। ਭਾਰਤ ਆਉਣ ਤੋਂ ਬਾਅਦ ਉਸ ਦੀ ਪਤਨੀ ਨੇ ਉਸ ਦਾ ਫੋਨ ਚੁੱਕਣਾ ਬੰਦ ਕਰ ਦਿੱਤਾ। ਉਸ ਦਾ ਨੰਬਰ ਬਲਾਕ ਦਿੱਤਾ ਗਿਆ। ਜਦੋਂ ਉਨ੍ਹਾਂ ਲਵਪ੍ਰੀਤ ਕੌਰ ਦੀ ਮਾਤਾ ਰੇਨੂੰ ਨਾਲ ਗੱਲਬਾਤ ਕੀਤੀ ਤਾਂ ਉਸ ਦਾ ਪਰਿਵਾਰ ਵੀ ਉਸ ਦੀ ਹਾਂ ’ਚ ਹਾਂ ਮਿਲਾਉਣ ਲੱਗਾ। ਆਖਿਰਕਾਰ ਉਨ੍ਹਾਂ ਪੁਲਸ ਕੋਲ ਸ਼ਿਕਾਇਤ ਦਰਜ ਕਰਵਾਈ। ਪੁਲਸ ਨੇ ਲਵਪ੍ਰੀਤ ਅਤੇ ਉਸ ਦੀ ਮਾਤਾ ਰੇਨੂੰ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।

ਪਤਨੀ ਵੱਲੋਂ ਭੇਜੇ ਵੀਜ਼ੇ ’ਤੇ ਕੈਨੇਡਾ ਪੁੱਜੇ ਪਤੀ ਨੂੰ ਭੁੱਲੇ ਰਿਸ਼ਤੇ, ਸਹੁਰਾ ਪਰਿਵਾਰ ਵੀ ਟੱਪਿਆ ਬੇਸ਼ਰਮੀ ਦੀਆਂ ਹੱਦਾਂ

ਪਹਿਲਾਂ ਲੱਖਾਂ ਰੁਪਏ ਖਰਚ ਕੇ ਲੜਕੀ ਦਾ ਵਿਆਹ ਕੀਤਾ, ਫਿਰ ਸਹੁਰਿਆਂ ਦੇ ਦਬਾਅ ’ਤੇ ਉਸ ਨੂੰ ਪੜ੍ਹਾਈ ਲਈ ਕੈਨੇਡਾ ਭੇਜਿਆ, ਪਰ ਜਦੋਂ ਲੜਕੀ ਨੇ ਸਪਾਊਸ ਵੀਜ਼ੇ ’ਤੇ ਆਪਣੇ ਪਤੀ ਨੂੰ ਉੱਥੇ ਬੁਲਾਇਆ ਤਾਂ ਉਸ ਕੋਲ ਪਹੁੰਚਣ ਦੀ ਬਜਾਏ ਫੋਨ ਬੰਦ ਕਰ ਦਿੱਤਾ ਅਤੇ ਹੁਣ ਸਹੁਰਾ ਪਰਿਵਾਰ ਵੀਡੀਓ ਵਾਇਰਲ ਕਰਨ ਦੀਆਂ ਧਮਕੀਆਂ ਦੇ ਕੇ ਉਸ ਦੇ ਮਾਤਾ-ਪਿਤਾ ਨੂੰ ਕਾਨੂੰਨੀ ਕਾਰਵਾਈ ਨਾ ਕਰਨ ਦੀ ਧਮਕੀ ਦੇ ਰਿਹਾ ਹੈ। ਵੱਲਾ ਵਾਸੀ ਚਰਨਜੀਤ ਸਿੰਘ ਅਤੇ ਉਸ ਦੀ ਪਤਨੀ ਨੇ ਇਹ ਦੋਸ਼ ਆਪਣੀ ਧੀ ਦੇ ਪਤੀ ਅਤੇ ਸਹੁਰੇ ਪਰਿਵਾਰ ਵਾਲਿਆਂ ’ਤੇ ਲਾਏ ਹਨ ਅਤੇ ਪੰਜਾਬ ਸਰਕਾਰ ਤੋਂ ਇਨਸਾਫ ਦੀ ਅਪੀਲ ਕੀਤੀ ਹੈ।  ਕੁੱਝ ਹੀ ਮਹੀਨਿਆਂ ਵਿਚ ਉਥੋਂ ਆਪਣੇ ਪਤੀ ਲਈ ਆਪਣੀ ਮਿਹਨਤ ਨਾਲ ਖਰਚ ਕਰ ਕੇ ਆਪਣੇ ਦਸਤਾਵੇਜ਼ ’ਤੇ ਸਪਾਊਸ ਵੀਜ਼ਾ ਭੇਜ ਦਿੱਤਾ, ਜਿਸ ’ਤੇ ਉਨ੍ਹਾਂ ਦੀ ਲੜਕੀ ਨੂੰ ਬਿਨ੍ਹਾਂ ਸੂਚਿਤ ਕੀਤੇ ਕੁੱਝ ਦਿਨਾਂ ਬਾਅਦ ਉਸ ਦਾ ਪਤੀ ਕੈਨੇਡਾ ਚਲਾ ਗਿਆ ਅਤੇ ਉੱਥੇ ਜਾ ਕੇ ਉਸ ਨੇ ਆਪਣਾ ਫੋਨ ਬੰਦ ਕਰ ਕੇ ਉਸ ਨੂੰ ਪੂਰੀ ਤਰ੍ਹਾਂ ਨਾਲ ਸੰਪਰਕ ਤੋੜ ਦਿੱਤਾ। ਇਸ ’ਤੇ ਜਦੋਂ ਉਨ੍ਹਾਂ ਆਪਣੀ ਧੀ ਦੇ ਸਹੁਰੇ ਪਰਿਵਾਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਲੜਕੇ ਨੇ ਹੁਣ ਉਨ੍ਹਾਂ ਦੀ ਲੜਕੀ ਨਾਲ ਕੋਈ ਰਿਸ਼ਤਾ ਨਹੀਂ ਰੱਖਣਾ। ਪ੍ਰੈੱਸ ਕਾਨਫਰੰਸ ਦੌਰਾਨ ਪਿੰਡ ਵੱਲਾ ਦੇ ਵਸਨੀਕ ਚਰਨਜੀਤ ਸਿੰਘ ਅਤੇ ਉਸ ਦੀ ਪਤਨੀ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਲੜਕੀ ਨਵਨੀਤ ਕੌਰ ਦਾ ਵਿਆਹ 16 ਜਨਵਰੀ 2020 ਨੂੰ ਇੰਦਰਜੀਤ ਸਿੰਘ ਪੁੱਤਰ ਰਾਜਵੰਤ ਸਿੰਘ ਵਾਸੀ ਮੂਧਲ ਨਾਲ ਸਾਰੇ ਰੀਤੀ ਰਿਵਾਜ਼ਾਂ ਅਨੁਸਾਰ ਕੀਤਾ ਸੀ। ਉਨ੍ਹਾਂ ਦੱਸਿਆ ਕਿ ਲੜਕੇ ਵਾਲਿਆਂ ਦੇ ਕਹਿਣ ’ਤੇ ਉਸ ਨੇ ਸਭ ਤੋਂ ਮਹਿੰਗਾ ਮੈਰਿਜ ਪੈਲੇਸ ਬੁੱਕ ਕਰਵਾਇਆ ਅਤੇ ਵਿਆਹ ’ਤੇ 5000000 ਰੁਪਏ ਖਰਚ ਕੀਤੇ। ਕੁਝ ਸਮੇਂ ਬਾਅਦ ਲੜਕੀ ਦੇ ਸਹੁਰੇ ਅਤੇ ਉਸ ਦੀ ਨਨਾਣ ਲਡ਼ਕੀ ਨੂੰ ਤੰਗ-ਪ੍ਰੇਸ਼ਾਨ ਅਤੇ ਕੁੱਟਮਾਰ ਕਰਦੇ ਰਹਿੰਦੇ ਸਨ। ਇਕ ਵਾਰ ਲੜਕੀ ਨੇ ਪ੍ਰੇਸ਼ਾਨ ਹੋ ਕੇ ਕੋਈ ਜ਼ਹਿਰੀਲੀ ਚੀਜ਼ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਦੀ ਕੋਸ਼ਿਸ਼ ਵੀ ਕੀਤੀ ਸੀ। ਇਸ ਤੋਂ ਬਾਅਦ ਉਸ ਦੀ ਨਨਾਣ ਨੇ ਜ਼ਬਰਦਸਤੀ ਉਸ ਦੀ ਕੁੱਖ 'ਚ ਪਲ਼ ਰਹੇ ਬੱਚੇ ਦਾ ਗਰਭਪਾਤ ਕਰਵਾ ਦਿੱਤਾ।

ਕੈਨੇਡਾ ਪਹੁੰਚ ਕੇ ਨੂੰਹ ਨੇ ਬਦਲੇ ਰੰਗ, ਕਰਤੂਤਾਂ ਦੇਖ ਸਹੁਰਿਆਂ ਦੇ ਉੱਡ ਗਏ ਹੋਸ਼

ਗੁਰੂਗ੍ਰਾਮ ਹਰਿਆਣਾ ਨਿਵਾਸੀ ਦੀਪਕ ਦੇਵਕ੍ਰਿਸ਼ਨ ਅਹੂਜਾ ਨੇ ਵਿਆਹ ਰਚਾ ਕੇ ਆਪਣੀ ਬੇਟੀ ਨੂੰ ਪੱਕੇ ਤੌਰ ’ਤੇ ਕੈਨੇਡਾ ਭੇਜ ਦਿੱਤਾ ਅਤੇ ਆਪਣੀ ਬੇਟੀ ਦੇ ਸਹੁਰੇ ਪਰਿਵਾਰ ਨੂੰ ਝਾਂਸੇ ਵਿਚ ਲੈ ਕੇ 13 ਲੱਖ ਰੁਪਏ ਹੜੱਪ ਲਏ। ਰਣਜੋਧ ਸਿੰਘ ਤੇਲੀਆ ਨਿਵਾਸੀ ਚੰਡੀਗੜ੍ਹ ਕਾਲੋਨੀ ਬਾਘਾਪੁਰਾਣਾ ਹਾਲ ਮੋਹਾਲੀ ਨੇ ਕਿਹਾ ਕਿ ਉਹ ਸੇਵਾਮੁਕਤ ਮੁਲਾਜ਼ਮ ਹੈ। ਉਸਦਾ ਬੇਟਾ ਗੁਰਅਮਨਦੀਪ ਸਿੰਘ ਜਿਸ ਨੇ ਮਕੈਨੀਕਲ ਇੰਜੀਨੀਅਰਿੰਗ ਅਤੇ ਇਮੀਗ੍ਰੇਸ਼ਨ ਡਿਪਲੋਮਾ ਕੀਤਾ ਹੈ ਅਤੇ ਫਰਵਰੀ 2011 ਵਿਚ ਪੱਕੇ ਤੌਰ ’ਤੇ ਕੈਨੇਡਾ ਚਲਾ ਗਿਆ। ਜਦੋਂ ਉਹ ਇੰਡੀਆ ਵਾਪਸ ਆਇਆ ਤਾਂਦੋਵਾਂ ਪਰਿਵਾਰਾਂ ਦੀ ਸਹਿਮਤੀ ਨਾਲ ਉਸ  ਦਾ ਵਿਆਹ ਰੁਚਿਕਾ ਦੀਪਕ ਦੇ ਨਾਲ ਧੂਮ-ਧਾਮ ਨਾਲ ਕੀਤਾ। ਵਿਆਹ ਤੋਂ ਪਹਿਲਾ ਰੁਚਿਕਾ ਦੀਪਕ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਕਿ ਵਿਆਹ ਦਾ ਸਾਰਾ ਖਰਚਾ ਨਹੀਂ ਕਰ ਸਕਦੇ ਤੇ ਇਸ ਲਈ ਸਾਨੂੰ ਆਰਥਿਕ ਸਹਾਇਤਾ ਦੇਵੋਂ 6 ਮਹੀਨਿਆਂ ਦੇ ਅੰਦਰ ਵਾਪਸ ਕਰ ਦੇਣਗੇ। ਵਿਆਹ ’ਤੇ ਲੱਖਾਂ ਰੁਪਏ ਖਰਚਾ ਹੋਇਆ। ਮੈਂ ਆਪਣੇ ਬੇਟੇ ਦੇ ਸਹੁਰੇ ਪਰਿਵਾਰ ਨੂੰ 14 ਲੱਖ ਰੁਪਏ ਦਿੱਤੇ। ਉਨ੍ਹਾਂ ਇਕ ਲੱਖ ਰੁਪਏ 13 ਮਾਰਚ 2020 ਨੂੰ ਮੇਰੇ ਖਾਤੇ ਪਾ ਦਿੱਤੇ ਜਦੋਂ ਕਿ ਬਾਕੀ ਪੈਸੇ ਨਹੀਂ ਦਿੱਤੇ। ਵਿਆਹ ਤੋਂ ਬਾਅਦ ਮੇਰੀ ਨੂੰਹ ਕੈਨੇਡਾ ਚਲੀ ਗਈ ਅਤੇ ਉਸਨੇ ਮੇਰੇ ਬੇਟੇ ਨੂੰ ਕਿਹਾ ਕਿ ਸਾਡਾ ਮੁੰਬਈ ਪਲਾਟ ਹੈ ਅਤੇ ਉਹ ਵਿਕਰੀ ਕਰਨਾ ਚਾਹੁੰਦੇ ਹਨ। ਇਸ ਲਈ ਮੈਨੂੰ ਇੰਡੀਆ ਜਾਣਾ ਪਵੇਗਾ ਅਤੇ ਮੇਰੇ ਬੇਟੇ ਨੇ ਆਪਣੀ ਪਤਨੀ ਨੂੰ ਇੰਡੀਆ ਭੇਜ ਦਿੱਤਾ। ਇੰਡੀਆ ਆ ਕੇ ਆਪਣੇ ਮਾਤਾ-ਪਿਤਾ ਦੇ ਪਾਸ ਰਹਿਣ ਚਲੀ ਗਈ ਅਤੇ ਸਾਨੂੰ ਪਤਾ ਨਹੀਂ ਲੱਗਾ ਮੇਰੀ ਨੂੰਹ ਕਦੋਂ ਕੈਨੇਡਾ ਵਾਪਸ ਚਲੀ ਗਈ ਤੇ ਉਸਨੇ ਮੇਰੇ ਲੜਕੇ ਨਾਲ ਸੰਪਰਕ ਕਰਨਾ ਛੱਡ ਦਿੱਤਾ।

ਪਤਨੀ ਦੀਆਂ ਮਿੱਠੀਆਂ-ਪਿਆਰੀਆਂ ਗੱਲਾਂ 'ਚ ਆਏ ਨੌਜਵਾਨ ਦਾ ਸਭ ਕੁੱਝ ਲੁੱਟਿਆ, ਖ਼ੁਦ ਭਰਾ-ਭਰਜਾਈ ਸਣੇ ਪੁੱਜੀ ਕੈਨੇਡਾ

ਕੈਨੇਡਾ ਬੁਲਾਉਣ ਦਾ ਵਾਅਦਾ ਕਰਨ ਵਾਲੇ 3 ਲੋਕਾਂ ਖ਼ਿਲਾਫ਼ ਸੁਖਜੀਤ ਸਿੰਘ ਪੁੱਤਰ ਬਲਵੀਰ ਸਿੰਘ ਵਾਸੀ ਕੋਠੇ ਖੰਜੂਰਾ, ਅਗਵਾੜ ਦੀ ਸ਼ਿਕਾਇਤ ’ਤੇ ਮਾਮਲਾ ਦਰਜ ਕੀਤਾ ਹੈ। ਉਕਤ ਲੋਕਾਂ ਨੇ 2 ਪਲਾਟਾਂ ਦੀ ਰਜਿਸਟਰੀ ਗਾਰੰਟੀ ਵਜੋਂ ਆਪਣੇ ਨਾਂ ਕਰਵਾ ਕੇ ਧੋਖਾਦੇਹੀ ਕੀਤੀ, ਜਿਨ੍ਹਾਂ 'ਚ ਰਣਜੀਤ ਪੁੱਤਰੀ ਚੰਦ ਸਿੰਘ (ਕੈਨੇਡਾ), ਜਸਵਿੰਦਰ ਸਿੰਘ ਪੁੱਤਰ ਚੰਦ ਸਿੰਘ, ਸਰਵਜੀਤ ਕੌਰ ਉਰਫ਼ ਸੰਦੀਪ ਪਤਨੀ ਜਸਵਿੰਦਰ ਸਿੰਘ ਨਿਵਾਸੀ ਪਿੰਡ ਸ਼ਾਮਲ ਹਨ। ਏ. ਐੱਸ. ਆਈ. ਗੁਰਚਰਨ ਸਿੰਘ ਅਨੁਸਾਰ ਪੀੜਤ ਸੁਖਜੀਤ ਵੱਲੋਂ 20 ਅਗਸਤ ਨੂੰ ਦਿੱਤੀ ਸ਼ਿਕਾਇਤ ਦੀ ਪੜਤਾਲ ਮੁੱਖ ਅਫ਼ਸਰ ਥਾਣਾ ਮਹਿਲਾ ਵੱਲੋਂ ਅਮਲ ’ਚ ਲਿਆਦੀ ਗਈ। ਪੜਤਾਲ ’ਚ ਪਾਇਆ ਗਿਆ ਕਿ ਮੁਲਜ਼ਮਾਂ ਨੇ ਮਿਲੀ-ਭੁਗਤ ਨਾਲ ਸ਼ਿਕਾਇਤ ਕਰਤਾ ਨੂੰ ਵਿਦੇਸ਼ ਕੈਨੇਡਾ ਬਲਾਉਣ ਦਾ ਵਾਅਦਾ ਕੀਤਾ। ਸੁਖਜੀਤ ਨੇ ਕਿਹਾ ਕਿ ਉਸ ਦੀ ਪਤਨੀ ਨੇ ਵਾਅਦਾ ਕੀਤਾ ਕਿ ਉਹ ਉਹ ਜਲਦੀ ਹੀ ਉਸ ਨੂੰ ਕੈਨੇਡਾ ਬੁਲਾ ਲਵੇਗੀ। ਪਤਨੀ ਨੇ ਆਪਣੇ ਭਰਾ-ਭਰਜਾਈ ਨਾਲ ਮਿਲ ਕੇ ਉਸ ਨੂੰ ਭਰੋਸੇ 'ਚ ਲੈ ਲਿਆ ਅਤੇ ਉਸ ਦੇ 2 ਪਲਾਟ ਆਪਣੇ ਨਾਂ ਕਰਵਾ ਲਏ। ਇਸ ਤੋਂ ਬਾਅਦ ਉਸ ਦੀ ਪਤਨੀ ਆਪਣੇ ਭਰਾ-ਭਰਜਾਈ ਨਾਲ ਕੈਨੇਡਾ ਚਲੀ ਗਈ ਪਤੀ ਨੂੰ ਕੈਨੇਡਾ ਨਹੀਂ ਬੁਲਾਇਆ।

 ਨੌਜਵਾਨ ਨੇ ਕੈਨੇਡਾ 'ਚ ਰਹਿੰਦੀ ਪਤਨੀ ਤੋਂ ਦੁਖੀ ਹੋ ਕੇ ਕੀਤੀ ਖੁਦਕੁਸ਼ੀ

ਸਮਰਾਲਾ ਦੇ ਪਿੰਡ ਗੋਸਲਾਂ ਦੇ ਇਕ ਨੌਜਵਾਨ ਨੇ ਕੈਨੇਡਾ ਰਹਿੰਦੀ ਪਤਨੀ ਤੋਂ ਦੁਖੀ ਹੋ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਮ੍ਰਿਤਕ ਗਗਨਦੀਪ ਸਿੰਘ (22) ਦੇ ਪਿਤਾ ਸੋਹਣ ਸਿੰਘ ਨੇ ਦੱਸਿਆ ਕਿ 31 ਮਈ ਨੂੰ ਉਹ ਸਕੂਲ 'ਚੋਂ ਸੇਵਾਮੁਕਤ ਹੋਏ ਸੀ ਤਾਂ ਉਹ ਸਕੂਲ 'ਚ ਕਾਗਜੀ ਕਾਰਵਾਈ ਲਈ ਗਏ ਸੀ। ਮਗਰੋਂ ਉਹਨਾਂ ਦੀ ਨੂੰਹ ਦੇ ਪਿਤਾ ਦਾ ਫੋਨ ਆਇਆ ਕਿ ਗਗਨਦੀਪ ਉਹਨਾਂ ਦਾ ਫੋਨ ਨਹੀਂ ਚੁੱਕ ਰਿਹਾ। ਜਦੋਂ ਉਹਨਾਂ ਨੇ ਆਪਣੇ ਲੜਕੇ ਨੂੰ ਫੋਨ ਕੀਤਾ ਤਾਂ ਉਸਦਾ ਫੋਨ ਵੀ ਗਗਨਦੀਪ ਨੇ ਨਾ ਚੁੱਕਿਆ। ਉਹ ਤੁਰੰਤ ਘਰ ਪਹੁੰਚਿਆ ਤਾਂ ਦੇਖਿਆ ਕਿ ਗਗਨਦੀਪ ਨੇ ਪੱਖੇ ਨਾਲ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ ਸੀ। ਗਗਨਦੀਨ ਨੇ ਇਹ ਖੁਦਕੁਸ਼ੀ ਮੋਬਾਇਲ ਉਪਰ ਆਪਣੀ ਪਤਨੀ ਨਾਲ ਗੱਲਬਾਤ ਮਗਰੋਂ ਕੀਤੀ। ਸੋਹਣ ਸਿੰਘ ਨੇ ਦੱਸਿਆ ਕਿ ਉਹਨਾਂ ਨੇ ਮੁੰਡੇ ਦੇ ਵਿਆਹ ਤੇ ਕਰੀਬ 20 ਲੱਖ ਰੁਪਏ ਖਰਚ ਕੀਤੇ ਸੀ। ਹੁਣ ਜੁਲਾਈ 'ਚ ਉਸਦੀ ਫਾਈਲ ਕੈਨੇਡਾ ਲਾਈ ਜਾਣੀ ਸੀ। ਕੈਨੇਡਾ ਰਹਿੰਦੀ ਨੂੰਹ ਉਸਦੇ ਮੁੰਡੇ ਕੋਲੋਂ ਮੋਬਾਇਲ ਤੇ ਹੋਰ ਮੰਗ ਕਰ ਰਹੀ ਸੀ। ਇਸ ਤੋਂ ਦੁਖੀ ਕੇ ਗਗਨਦੀਪ ਨੇ ਖੁਦਕੁਸ਼ੀ ਕਰ ਲਈ। ਚਾਵਾਂ 

ਨਾਲ ਕੈਨੇਡਾ ਭੇਜੀ ਪਤਨੀ ਨੇ PR ਮਿਲਦਿਆਂ ਹੀ ਵਿਖਾਏ ਅਸਲ ਰੰਗ, ਪਰਿਵਾਰ ਨਾਲ ਹੋ ਗਈ ਜੱਗੋ ਤੇਰ੍ਹਵੀਂ

ਸਟੱਡੀ ਵੀਜ਼ਾ ’ਤੇ ਕੈਨੇਡਾ ਗਈ ਪਤਨੀ ਪੀ. ਆਰ. ਹੋਣ ਤੋਂ ਬਾਅਦ ਆਪਣੇ ਪਤੀ ਨੂੰ ਨਾਲ ਲੈ ਕੇ ਜਾਣ ਤੋਂ ਮੁਕਰ ਗਈ ਹੈ, ਜਿਸ ਦੇ ਚੱਲਦਿਆਂ ਘਨੌਰ ਪੁਲਸ ਨੇ ਗੁਰਪ੍ਰੀਤ ਸਿੰਘ ਪੁੱਤਰ ਗੁਰਮੀਤ ਸਿੰਘ ਵਾਸੀ ਸਰਾਣਾ ਖੁਰਦ ਦੀ ਅਰਜ਼ੀ ’ਤੇ ਸੁਣਵਾਈ ਕਰਦਿਆਂ ਪੂਰੀ ਇਨਵੈਸਟੀਗੇਸ਼ਨ ਕਰਕੇ ਕੈਨੇਡਾ ਗਈ ਕੁੜੀ, ਉਸਦੇ ਮਾਪਿਆਂ ਸਮੇਤ ਚਾਰ ਲੋਕਾਂ ਖ਼ਿਲਾਫ 420, 120ਬੀ ਆਈ. ਪੀ. ਸੀ. ਦੀ ਧਾਰਾ ਤਹਿਤ ਧੋਖਾਧੜੀ ਦਾ ਕੇਸ ਦਰਜ ਕਰ ਦਿੱਤਾ ਹੈ। ਗੁਰਮੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ 15 ਦਸੰਬਰ 2018 ਨੂੰ ਆਪਣੇ ਪੁੱਤਰ ਗੁਰਪ੍ਰੀਤ ਸਿੰਘ ਦਾ ਵਿਆਹ ਅਕਵਿੰਦਰ ਕੌਰ ਨਾਲ ਕੀਤਾ ਸੀ। ਅਕਵਿੰਦਰ ਕੌਰ ਨੂੰ ਕੈਨੇਡਾ ਭੇਜਣ ਲਈ 16 ਲੱਖ ਰੁਪਏ ਉਨ੍ਹਾਂ ਦੇ ਪਰਿਵਾਰ ਵੱਲੋਂ ਲਾਏ ਗਏ ਸਨ।ਇਸ ਤੋਂ ਬਿਨਾਂ ਹੋਰ ਪੈਸੇ ਵੀ ਜਾਣ ਸਮੇਂ ਦਿੱਤੇ ਗਏ ਸਨ ਪਰ ਕੈਨੇਡਾ ਜਾਣ ਤੋਂ ਕੁੱਝ ਸਮਾਂ ਬਾਅਦ ਅਕਵਿੰਦਰ ਕੌਰ ਨੇ ਆਪਣੇ ਰੰਗ ਵਿਖਾਉਣੇ ਸ਼ੁਰੂ ਕਰ ਦਿੱਤੇ ਅਤੇ ਬੇਟੇ ਗੁਰਪ੍ਰੀਤ ਨਾਲ ਗੱਲਬਾਤ ਕਰਨੀ ਬੰਦ ਕਰ ਦਿੱਤੀ। ਉਨ੍ਹਾਂ ਦੱਸਿਆ ਕਿ ਇਸ ਤੋਂ ਬਾਅਦ ਇਸ ਪੂਰੀ ਘਟਨਾ ਨੂੰ ਲੈ ਕੇ ਉਨ੍ਹਾਂ ਨੇ ਐੱਸ. ਐੱਸ. ਪੀ. ਪਟਿਆਲਾ ਨੂੰ ਅਰਜ਼ੀ ਦਿੱਤੀ। ਉਨ੍ਹਾਂ ਨੇ ਦੋਵੇਂ ਧਿਰਾਂ ਦੀ ਮੀਟਿੰਗ ਬੁਲਾ ਕੇ ਪੰਚਾਇਤੀ ਰਾਜ਼ੀਨਾਮਾ ਕਰਵਾਇਆ, ਜਿਸ ਵਿਚ ਇਹ ਫੈਸਲਾ ਹੋਇਆ ਕਿ ਅਕਵਿੰਦਰ ਕੌਰ ਦੀ ਪੀ. ਆਰ. ਕਰਵਾ ਕੇ ਗੁਰਪ੍ਰੀਤ ਸਿੰਘ ਨੂੰ ਕੈਨੇਡਾ ਲੈ ਕੇ ਜਾਵੇਗੀ ਅਤੇ ਇਸਦਾ ਸਮਾਂ 28 ਫਰਵਰੀ 2022 ਤੈਅ ਕੀਤਾ ਗਿਆ। ਇਸ ਤੋਂ ਬਾਅਦ ਅਕਵਿੰਦਰ ਕੌਰ ਆਪਣੀ ਪੀ. ਆਰ. ਕਰਵਾ ਗਈ ਤੇ ਉਸਨੇ ਗੁਰਪ੍ਰੀਤ ਸਿੰਘ ਨੂੰ ਨਾ ਤਾਂ ਬੁਲਾਇਆ ਅਤੇ ਨਾ ਹੀ ਕੋਈ ਹੋਰ ਗੱਲਬਾਤ ਕੀਤੀ। 

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।


author

Anmol Tagra

Content Editor

Related News